ਫ਼ੁਟਕਲ

ਵਿਦੇਸ਼ ਜਾਣ ਲਈ ਲੱਖਾਂ ਰੁਪਏ ਲੈ ਕੇ ਮੁੱਕਰੀ ਕੁੜੀ

ਅਬੋਹਰ : ਪਿੰਡ ਬਹਾਵਲਵਾਸੀ ਨੇੜੇ ਢਾਣੀ ਸੁੱਚਾ ਸਿੰਘ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਵਿਦੇਸ਼ ਜਾਣ ਦੇ ਨਾਂ ’ਤੇ ਇਕ ਕੁੜੀ ਅਤੇ ਉਸਦੇ ਪਿਓ ਵੱਲੋਂ ਪੈਸੇ ਲੈਣ ਅਤੇ ਧਮਕੀਆਂ ਦੇਣ ਦੇ ਕਾਰਨ ਪ੍ਰੇਸ਼ਾਨੀ ਦੀ ਹਾਲਤ ’ਚ ਤਿੰਨ ਦਿਨ ਪਹਿਲਾਂ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਸ਼ੁੱਕਰਵਾਰ ਜੰਡਵਾਲਾ ਨੇੜੇ ਨਹਿਰ ’ਚੋਂ ਬਰਾਮਦ ਹੋਈ ਹੈ। ਜਿਸ ਨੂੰ ਪੁਲਸ ਨੇ ਸਮਾਜਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ।

ਜਾਣਕਾਰੀ ਅਨੁਸਾਰ ਅਮਰਜੀਤ (33) ਪੁੱਤਰ ਸਵਰਨ ਸਿੰਘ ਵਿਆਹਿਆ ਹੋਇਆ ਸੀ ਅਤੇ ਇਕ ਬੱਚੇ ਦਾ ਪਿਤਾ ਸੀ। ਤਿੰਨ ਦਿਨ ਪਹਿਲਾਂ ਮਾਨਸਿਕ ਪ੍ਰੇਸ਼ਾਨੀ ਕਾਰਨ ਉਹ ਘਰ ਦੱਸੇ ਬਿਨਾਂ ਕਿਤੇ ਚਲਾ ਗਿਆ ਸੀ, ਜਿਸ ਦੀਆਂ ਚੱਪਲਾਂ ਹਨੂੰਮਾਨਗੜ੍ਹ ਰੋਡ ਤੋਂ ਲੰਘਦੀ ਨਹਿਰ ’ਤੇ ਮਿਲੀਆਂ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਭਾਲ ‘ਚ ਲੱਗ ਗਏ ਅਤੇ ਬੀਤੇ ਦਿਨ ਸਵੇਰੇ ਜੰਡਵਾਲਾ ਨੇੜੇ ਨਹਿਰ ’ਚੋਂ ਉਸ ਦੀ ਲਾਸ਼ ਬਰਾਮਦ ਹੋਈ। ਸੂਚਨਾ ਮਿਲਣ ’ਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਸੋਨੂੰ ਗਰੋਵਰ ਅਤੇ ਬਿੱਟੂ ਨਰੂਲਾ ਮੌਕੇ ’ਤੇ ਪਹੁੰਚੇ ਅਤੇ ਸਹਾਇਕ ਸਬ-ਇੰਸਪੈਕਟਰ ਗੁਰਮੇਲ ਸਿੰਘ ਅਤੇ ਸਬ-ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ’ਚ ਲਾਸ਼ ਨੂੰ ਬਾਹਰ ਕੱਢ ਕੇ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ।

ਪੁਲਸ ਨੇ ਮ੍ਰਿਤਕ ਦੇ ਭਰਾ ਹਰਪ੍ਰੀਤ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਮਰਜੀਤ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਪੁਲਸ ਨੂੰ ਮਿਲੇ ਸੁਸਾਈਡ ਨੋਟ ’ਚ ਮ੍ਰਿਤਕ ਨੇ ਲਿਖਿਆ ਹੈ ਕਿ ਉਹ ਕਰਮਜੀਤ ਕੌਰ ਪੁੱਤਰੀ ਜਰਨੈਲ ਸਿੰਘ ਨੂੰ ਪਿਛਲੇ ਇਕ ਸਾਲ ਤੋਂ ਜਾਣਦਾ ਹੈ, ਜਿਸ ਨੇ ਉਸ ਕੋਲੋਂ ਵਿਦੇਸ਼ ਜਾਣ ਦੇ ਨਾਮ ‘ਤੇ ਢਾਈ ਲੱਖ ਰੁਪਏ ਲਏ ਹਨ ਅਤੇ ਹੁਣ ਉਹ ਕਿਸੇ ਹੋਰ ਨੌਜਵਾਨ ਨਾਲ ਵਿਦੇਸ਼ ਜਾਣਾ ਚਾਹੁੰਦੀ ਹੈ। ਇਸ ਬਾਰੇ ਕੁੜੀ ਦੇ ਪਿਤਾ ਨੂੰ ਵੀ ਪਤਾ ਹੈ। ਇਹ ਦੋਵੇਂ ਪਿਓ-ਧੀ ਪੈਸੇ ਵਾਪਸ ਕਰਨ ਦੀ ਬਜਾਏ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ, ਜਿਸ ਤੋਂ ਤੰਗ ਆ ਕੇ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ। ਮ੍ਰਿਤਕ ਨੇ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਉਕਤ ਕਰਮਜੀਤ ਕੌਰ ਅਤੇ ਮੇਰੇ ਵਿਚਕਾਰ ਸੰਬੰਧਾਂ ਬਾਰੇ ਪਤਾ ਹੈ ਅਤੇ ਉਨ੍ਹਾਂ ਦੀ ਮੋਬਾਇਲ ’ਤੇ ਚੈਟਿੰਗ ਦਾ ਪੂਰਾ ਵੇਰਵਾ ਉਸ ਦੇ ਮੋਬਾਇਲ ਵਿਚ ਦਰਜ ਹੈ। ਜਿਸ ਦੇ ਆਧਾਰ ’ਤੇ ਪੁਲਸ ਨੇ ਉਕਤ ਪਿਓ-ਧੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-