ਪੰਜਾਬ

ਚੰਡੀਗੜ੍ਹ ਹਵਾਈ ਅੱਡੇ ‘ਤੇ ਸਿੰਧੀਆ ਦੀ ਪ੍ਰਤੀਕਿਰਿਆ ਮਗਰੋਂ MP ਅਰੋੜਾ ਨੇ ਕੀਤਾ ਏਅਰਲਾਈਨਜ਼ ਵੱਲ ਰੁਖ

ਲੁਧਿਆਣਾ : ਲੁਧਿਆਣਾ ਤੋਂ ‘ਆਪ’ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਨਿੱਜੀ ਏਅਰਲਾਈਨਾਂ ਵਿਸਤਾਰਾ, ਏਅਰ ਇੰਡੀਆ, ਏਅਰ ਏਸ਼ੀਆ, ਇੰਡੀਗੋ ਅਤੇ ਸਪਾਈਸ ਜੈੱਟ ਦੇ ਸੀ. ਈ. ਓਜ਼ ਨੂੰ ਪੱਤਰ ਲਿਖ ਕੇ ਚੰਡੀਗੜ੍ਹ ਤੋਂ ਯੂ. ਕੇ., ਕੈਨੇਡਾ ਅਤੇ ਆਸਟ੍ਰੇਲੀਆ ਲਈ ਅੰਤਰਰਾਸ਼ਟਰੀ ਉਡਾਣਾਂ ਦਾ ਵਿਸਥਾਰ ਕਰਨ ਦੀ ਬੇਨਤੀ ਕੀਤੀ ਹੈ। ਅਰੋੜਾ ਨੇ ਆਪਣੇ ਪੱਤਰਾਂ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐੱਮ ਸਿੰਧੀਆ ਵੱਲੋਂ ਚੰਡੀਗੜ੍ਹ ਹਵਾਈ ਅੱਡੇ ਬਾਰੇ ਲਿਖੇ ਪੱਤਰ ਦਾ ਵੀ ਜ਼ਿਕਰ ਕੀਤਾ ਹੈ। ਅਰੋੜਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਤਰਾਂ ਵਿੱਚ ਚੰਡੀਗੜ੍ਹ ਤੋਂ ਯੂਨਾਈਟਿਡ ਕਿੰਗਡਮ, ਕੈਨੇਡਾ ਅਤੇ ਆਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਉਡਾਣ ਸੰਚਾਲਨ ਨੂੰ ਵਧਾਉਣ ਬਾਰੇ ਵਿਚਾਰ ਕਰਨ ਲਈ ਲਿਖਿਆ ਹੈ। ਸਾਰੀਆਂ ਏਅਰਲਾਈਨਾਂ ਦੇ ਸੀ. ਈ. ਓਜ਼ ਨੂੰ ਵੱਖ-ਵੱਖ ਪੱਤਰ ਲਿਖ ਕੇ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਯਾਤਰੀਆਂ ਦੀ ਵਧਦੀ ਗਿਣਤੀ, ਜਿਨ੍ਹਾਂ ਨੂੰ ਇਸ ਸਮੇਂ ਆਪਣੀ ਅੰਤਰਰਾਸ਼ਟਰੀ ਯਾਤਰਾ ਲਈ ਦਿੱਲੀ ਦੇ ਆਈ. ਜੀ. ਆਈ. ਰਾਹੀਂ ਉਡਾਣ ਭਰਨੀ ਪੈਂਦੀ ਹੈ, ਕਿਸੇ ਵੀ ਕੈਰੀਅਰ ਲਈ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ, ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਹਨਾਂ ਦੀਆਂ ਏਅਰਲਾਈਨਾਂ ਇਸ ਸੰਭਾਵੀ ਮਾਰਕੀਟ ਦਾ ਵੱਧ ਤੋਂ ਵੱਧ ਲਾਭ ਚੁੱਕ ਸਕਦੀਆਂ ਹਨ।

ਇਸ ਤੋਂ ਇਲਾਵਾ, ਉਨ੍ਹਾਂ ਨੇ ਸੀ. ਈ. ਓਜ਼ ਨੂੰ ਜਾਣੂ ਕਰਵਾਇਆ ਕਿ ਪੰਜਾਬ ਦੀ ਰਾਜਧਾਨੀ, ਚੰਡੀਗੜ੍ਹ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਅਤੇ ਕਾਫ਼ੀ ਆਬਾਦੀ ਵਾਲਾ ਇੱਕ ਜੀਵੰਤ ਸ਼ਹਿਰ ਹੈ। ਇਹ ਵਪਾਰ, ਵਣਜ ਅਤੇ ਸੈਰ-ਸਪਾਟਾ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਕੰਮ ਕਰਦਾ ਹੈ, ਰਾਜ ਭਰ ਦੇ ਬਹੁਤ ਸਾਰੇ ਵਪਾਰਕ ਅਤੇ ਘੁੰਮਣ ਫਿਰਨ ਦੇ ਸ਼ੌਕੀਨ ਯਾਤਰੀਆਂ ਨੂੰ ਆਕਰਸ਼ਿਤ ਕਰਦਾ ਹੈ। ਵਰਤਮਾਨ ਵਿੱਚ ਪੰਜਾਬ ਦੇ ਯਾਤਰੀ ਜੋ ਯੂ.ਕੇ., ਕੈਨੇਡਾ ਜਾਂ ਆਸਟ੍ਰੇਲੀਆ ਜਾਣਾ ਚਾਹੁੰਦੇ ਹਨ, ਨੂੰ ਅੰਤਰਰਾਸ਼ਟਰੀ ਉਡਾਣਾਂ ਫੜਨ ਲਈ ਦਿੱਲੀ ਜਾਣਾ ਪੈਂਦਾ ਹੈ। ਇਹ ਨਾ ਸਿਰਫ਼ ਅਸੁਵਿਧਾ ਦਾ ਕਾਰਨ ਬਣਦਾ ਹੈ ਸਗੋਂ ਯਾਤਰੀਆਂ ਲਈ ਯਾਤਰਾ ਦਾ ਸਮਾਂ ਅਤੇ ਲਾਗਤ ਵੀ ਵਧਾਉਂਦਾ ਹੈ। ਅਰੋੜਾ ਨੇ ਸੀ. ਈ. ਓਜ਼ ਨੂੰ ਲਿਖਿਆ ਕਿ ਹਵਾਬਾਜ਼ੀ ਮੰਤਰੀ ਤੋਂ ਪ੍ਰਾਪਤ ਪੱਤਰ ਦੇ ਅਨੁਸਾਰ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਮਨੋਨੀਤ ਕੈਰੀਅਰ ਆਪਸੀ ਸਹਿਮਤੀ ਵਾਲੀਆਂ ਸਮਰੱਥਾ ਦੀਆਂ ਸੀਮਾਵਾਂ ਦੇ ਮੁਤਾਬਕ ਵਿਦੇਸ਼ੀ ਮੁਲਕਾਂ ਦੇ ਨਾਲ ਭਾਰਤ ਰਾਹੀਂ ਕੀਤੇ ਗਏ ਦੁਵੱਲੇ ਹਵਾਈ ਸੇਵਾਵਾਂ ਸਮਝੌਤਿਆਂ (ਏਐਸਏਜ਼) ਦੇ ਦਾਇਰੇ ਵਿੱਚ ਚੰਡੀਗੜ੍ਹ ਸਮੇਤ ਕਿਸੇ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਟਿਕਾਣਿਆਂ ਲਈ ਹਵਾਈ ਸੇਵਾਵਾਂ ਚਲਾ ਸਕਦੇ ਹਨ।

ਸਾਰੇ ਸੀ. ਈ. ਓਜ਼ ਨੂੰ ਅਪੀਲ ਕਰਦਿਆਂ ਅਰੋੜਾ ਨੇ ਆਪਣੇ ਪੱਤਰ ਵਿੱਚ ਚੰਡੀਗੜ੍ਹ ਤੋਂ ਜ਼ਿਕਰ ਕੀਤੇ ਦੇਸ਼ਾਂ ਲਈ ਉਡਾਣਾਂ ਚਲਾਉਣ ਦੀ ਸੰਭਾਵਨਾ ਦਾ ਧਿਆਨ ਨਾਲ ਮੁਲਾਂਕਣ ਕਰਨ ਅਤੇ ਉਨ੍ਹਾਂ ਦੀਆਂ ਏਅਰਲਾਈਨਾਂ ਅਤੇ ਯਾਤਰੀਆਂ ਦੋਵਾਂ ਨੂੰ ਹੋਣ ਵਾਲੇ ਸੰਭਾਵੀ ਲਾਭਾਂ ‘ਤੇ ਵਿਚਾਰ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਸ਼ੁਰੂਆਤ ਨਾਲ ਬਿਨਾਂ ਸ਼ੱਕ ਸੰਪਰਕ ਵਧੇਗਾ, ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਵਧੇਰੇ ਸਹੂਲਤ ਮਿਲੇਗੀ। ਅਰੋੜਾ ਨੇ ਉਮੀਦ ਜਤਾਈ ਕਿ ਸਾਰੇ ਸੀ. ਈ. ਓ.  ਉਨ੍ਹਾਂ ਦੀ ਬੇਨਤੀ ਦਾ ਹਾਂ-ਪੱਖੀ ਹੁੰਗਾਰਾ ਦੇਣਗੇ ਕਿਉਂਕਿ ਏਅਰਲਾਈਨਜ਼ ਨੂੰ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਵਿਸਤਾਰ ਕਰਨ ਦੀ ਗੁੰਜਾਇਸ਼ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਠੋਸ ਉਪਰਾਲੇ ਅੰਤ ਵਿੱਚ ਆਉਣ ਵਾਲੇ ਸਮੇਂ ਵਿੱਚ ਸਫ਼ਲ ਹੋਣਗੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-