ਭਾਰਤ

ਐਮਰਜੈਂਸੀ ਭਾਰਤ ਦੇ ਇਤਿਹਾਸ ਦਾ ‘ਕਾਲਾ ਦੌਰ’: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਐਮਰਜੈਂਸੀ ਭਾਰਤ ਦੇ ਇਤਿਹਾਸ ਦਾ ‘ਕਾਲਾ ਦੌਰ’ ਸੀ, ਜਦੋਂ ਜਮਹੂਰੀਅਤ ਦੇ ਹਮਾਇਤੀਆਂ ’ਤੇ ਜ਼ੁਲਮ ਕੀਤਾ ਗਿਆ ਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗੲੇ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 102ਵੀਂ ਕੜੀ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ‘ਜਮਹੂਰੀਅਤ ਦੀ ਜਨਨੀ’ ਹੈ, ਜੋ ਜਮਹੂਰੀ ਆਦਰਸ਼ਾਂ ਤੇ ਸੰਵਿਧਾਨ ਨੂੰ ਸਭ ਤੋਂ ਉੱਤੇ ਰੱਖਦਾ ਹੈ, ਲਿਹਾਜ਼ਾ 25 ਜੂਨ ਦੀ ਤਰੀਕ ਨੂੰ ਨਹੀਂ ਭੁਲਾਇਆ ਜਾ ਸਕਦਾ। ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1975 ਵਿੱਚ ਪੂਰੇ ਦੇਸ਼ ’ਚ ਐਮਰਜੈਂਸੀ ਲਾਗੂ ਕੀਤੀ ਸੀ। ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ 21 ਜੂਨ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਯੋਗ ਦਿਹਾੜੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਯੋਗ ਨੂੰ ਆਪਣੇ ਨਿੱਤ ਦੀ ਰੂਟੀਨ ਦਾ ਹਿੱਸਾ ਬਣਾਉਣ। ਚੱਕਰਵਾਤੀ ਤੂਫ਼ਾਨ ਬਿਪਰਜੁਆਏ ਨਾਲ ਗੁਜਰਾਤ ਦੇ ਕੱਛੇ ਜ਼ਿਲ੍ਹੇ ਵਿੱਚ ਹੋਈ ਤਬਾਹੀ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਥੋਂ ਦੇ ਲੋਕਾਂ ਨੇ ਜਿਸ ਮਜ਼ਬੂਤੀ ਨਾਲ ਇਸ ਦਾ ਮੁਕਾਬਲਾ ਕੀਤਾ ਉਹ ਸ਼ਾਨਦਾਰ ਹੈ। ਉਨ੍ਹਾਂ ਆਸ ਜਤਾਈ ਕਿ ਕੱਛ ਦੇ ਲੋਕ ਜਲਦੀ ਹੀ ਇਸ ਤਬਾਹੀ ਤੋਂ ਉਭਰ ਜਾਣਗੇ। ਦੱਸਣਾ ਬਣਦਾ ਹੈ ਕਿ ਸ੍ਰੀ ਮੋਦੀ ਅਗਲੇ ਹਫ਼ਤੇ (21 ਤੋਂ 24 ਜੂਨ ਤੱਕ) ਅਮਰੀਕਾ ਦੇ ਸਰਕਾਰੀ ਦੌਰੇ ’ਤੇ ਜਾ ਰਹੇ ਹਨ, ਜਿਸ ਕਰਕੇ ਐਤਕੀਂ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਇਕ ਹਫ਼ਤੇ ਪਹਿਲਾਂ ਪ੍ਰਸਾਰਿਤ ਕੀਤਾ ਗਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-