ਪੰਜਾਬਫੀਚਰਜ਼

ਆਸਟ੍ਰੇਲੀਆ ਜਾਣ ਲਈ ਕਰਵਾਇਆ ਵਿਆਹ, 30 ਲੱਖ ਖਰਚ ਵਿਦੇਸ਼ ਭੇਜੀ ਪਤਨੀ ਨੇ ਬਦਲ ਲਏ ਰੰਗ

ਦੇਵੀਗੜ੍ਹ: ਇਕ ਕੁੜੀ ਵੱਲੋਂ ਇਕ ਮੁੰਡੇ ਨਾਲ ਵਿਆਹ ਕਰਵਾ ਕੇ ਆਸਟ੍ਰੇਲੀਆ ਚਲੇ ਜਾਣ ਅਤੇ ਫਿਰ ਮੁੰਡੇ ਨੂੰ ਵਿਦੇਸ਼ ਨਾ ਬੁਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਕੇ ਦੇ ਪਰਿਵਾਰ ਨੇ ਆਪਣੇ ਪੁੱਤਰ ਦਾ ਵਿਆਹ ਉਕਤ ਕੁੜੀ ਨਾਲ ਕਰਨ ਅਤੇ ਉਸ ਨੂੰ ਬਾਹਰ ਭੇਜਣ ’ਤੇ ਲੱਖਾਂ ਰੁਪਏ ਖਰਚ ਕੀਤੇ ਸਨ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੂੰਦੀਮਾਜਰਾ ਦੇ ਸਤਵੰਤ ਸਿੰਘ ਪੁੱਤਰ ਨਿਸ਼ਾਂਬਰ ਸਿੰਘ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮਨਪ੍ਰੀਤ ਕੌਰ ਪਤਨੀ ਸਤਵੰਤ ਸਿੰਘ ਵਾਸੀ ਦੂੰਦੀਮਾਜਰਾ ਹਾਲ ਆਸਟ੍ਰੇਲੀਆ ਨਾਲ ਪੰਜ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਵਿਆਹ ਦਾ ਸਾਰਾ ਖਰਚਾ ਅਤੇ ਲੜਕੀ ਨੂੰ ਆਸਟ੍ਰੇਲੀਆ ਭੇਜਣ ਲਈ ਸਾਰਾ ਖਰਚਾ ਸਤਵੰਤ ਸਿੰਘ ਅਤੇ ਉਸ ਦੀ ਧਿਰ ਵੱਲੋਂ ਕੀਤਾ ਗਿਆ।

ਇਸ ਦੌਰਾਨ ਜਦੋਂ ਲੜਕੀ ਆਸਟ੍ਰੇਲੀਆ ਪਹੁੰਚ ਗਈ ਤਾਂ ਉਸ ਨੇ ਲੜਕੇ ਨੂੰ ਆਸਟ੍ਰੇਲੀਆ ਨਾ ਬੁਲਾ ਕੇ ਉਸ ਨਾਲ ਕਰੀਬ 30 ਲੱਖ ਰੁਪਏ ਦੀ ਠੱਗੀ ਮਾਰੀ ਹੈ। ਹੁਣ ਇਸ ਲੜਕੀ ਨੂੰ ਆਸਟ੍ਰੇਲੀਆ ਗਈ ਨੂੰ ਚਾਰ ਸਾਲ ਹੋ ਗਏ ਹਨ ਪਰ ਲੜਕੀ ਨੇ ਲੜਕੇ ਨੂੰ ਵਿਦੇਸ਼ ਨਹੀਂ ਬੁਲਾਇਆ। ਇਸ ਮਾਮਲੇ ਦੇ ਹੱਲ ਲਈ ਦੋਹਾਂ ਧਿਰਾਂ ਦੀ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਹੱਲ ਨਹੀਂ ਨਿਕਲਿਆ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਮਨਪ੍ਰੀਤ ਕੌਰ ਪਤਨੀ ਸਤਵੰਤ ਸਿੰਘ ਵਾਸੀ ਦੂੰਦੀਮਾਜਰਾ ਹਾਲ ਆਸਟ੍ਰੇਲੀਆ, ਕੇਵਲ ਸਿੰਘ ਪੁੱਤਰ ਵਜ਼ੀਰ ਸਿੰਘ, ਲਖਵਿੰਦਰ ਕੌਰ ਪਤਨੀ ਕੇਵਲ ਸਿੰਘ, ਪੰਜਾਬ ਸਿੰਘ ਪੁੱਤਰ ਕੇਵਲ ਸਿੰਘ ਵਾਸੀਆਨ ਗਗਰੌਲੀ, ਤਹਿਸੀਲ ਜ਼ਿਲਾ ਪਟਿਆਲਾ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-