ਦੇਸ਼-ਵਿਦੇਸ਼

ਭਾਰਤ ਨੇ ਸੰਯੁਕਤ ਰਾਸ਼ਟਰ ’ਚ ਚੀਨ ’ਤੇ ਨਿਸ਼ਾਨਾ ਲਾਇਆ

ਸੰਯੁਕਤ ਰਾਸ਼ਟਰ: ਭਾਰਤ ਨੇ ਪਾਕਿਸਤਾਨ ’ਚ ਰਹਿਣ ਵਾਲੇ ਲਸ਼ਕਰ-ਏ-ਤੋਇਬਾ ਆਗੂ ਸਾਜਿਦ ਮੀਰ ਨੂੰ ਸੰਯੁਕਤ ਰਾਸ਼ਟਰ ਵਲੋਂ ਅਤਿਵਾਦੀ ਐਲਾਨੇ ਜਾਣ ’ਚ ਅੜਿੱਕਾ ਡਾਹੁਣ ਲਈ ਚੀਨ ’ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਉਹ ਅਤਿਵਾਦ ਦੇ ਸਰਾਪ ਨਾਲ ਲੜਨ ਲਈ ਅਸਲ ਸਿਆਸੀ ਇੱਛਾਸ਼ਕਤੀ ਦੀ ਕਮੀ ਨੂੰ ਦਰਸਾਉਂਦਾ ਹੈ।

ਚੀਨ ਨੇ ਮੀਰ ਨੂੰ ਸੰਯੁਕਤ ਰਾਸ਼ਟਰ ਸੁਰਖਿਆ ਕੌਂਸਲ (ਯੂ.ਐਨ.ਐਸ.ਸੀ.) ਦੀ 1267 ਅਲ ਕਾਇਦਾ ਪਾਬੰਦੀ ਕਮੇਟੀ ਹੇਠ ਕੌਮਾਂਤਰੀ ਅਤਿਵਾਦੀ ਵਜੋਂ ਕਾਲੀ ਸੂਚੀ ’ਚ ਪਾਉਣ ਅਤੇ ਉਸ ਦੀ ਜਾਇਦਾਦ ਜ਼ਬਤ ਕਰਨ, ਉਸ ਦੇ ਸਫ਼ਰ ਕਰਨ ’ਤੇ ਪਾਬੰਦੀ ਲਾਉਣ ਅਤੇ ਹਥਿਆਰ ਪਾਬੰਦੀਆਂ ਲਾਉਣ ਲਈ ਅਮਰੀਕਾ ਵਲੋਂ ਪੇਸ਼ ਅਤੇ ਭਾਰਤ ਹਮਾਇਤੀ ਮਤਾ ਮੰਗਲਵਾਰ ਨੂੰ ਰੋਕ ਦਿਤਾ ਸੀ।

ਪਾਕਿਸਤਾਨ ’ਚ ਰਹਿਣ ਵਾਲਾ ਮੀਰ 26 ਨਵੰਬਰ, 2008 ਦੇ ਮੁੰਬਈ ਅਤਿਵਾਦੀ ਹਮਲਿਆਂ ’ਚ ਸ਼ਾਮਲ ਹੋਣ ਦੇ ਮਾਮਲੇ ’ਚ ਲੋੜੀਂਦਾ ਹੈ। ਨਿਊਯਾਰਕ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਸੰਯੁਕਤ ਸਕੱਤਰ ਪ੍ਰਕਾਸ਼ ਗੁਪਤਾ ਨੇ ਸਖ਼ਤ ਸ਼ਬਦਾਂ ’ਚ ਕਿਹਾ ਕਿ ਜੇਕਰ ‘ਥੋੜ੍ਹੇ ਜਿਹੇ ਜ਼ਮੀਨੀ-ਸਿਆਸੀ ਹਿਤਾਂ’ ਕਾਰਨ ਅਤਿਵਾਦੀਆਂ ’ਤੇ ਪਾਬੰਦੀ ਲਾਉਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹਿੰਦੀ ਹਨ ਤਾਂ ‘ਅਸੀਂ ਅਤਿਵਾਦ ਦੀ ਇਸ ਚੁਨੌਤੀ ਨਾਲ ਈਮਾਨਦਾਰੀ ਨਾਲ ਲੜਨ ਦੇ ਇਛੁਕ ਨਹੀਂ ਹਾਂ।’

ਗੁਪਤਾ ਨੇ ਸੰਯੁਕਤ ਰਾਸ਼ਟਰ ਦੀ ਅਤਿਵਾਦੀ ਰੋਕੂ ਬੈਠਕ ’ਚ ਕਿਹਾ, ‘‘ਅਤਿਵਾਦੀ ਕਾਰਾ ਤਾਂ ਅਤਿਵਾਦੀ ਕਾਰਾ ਹੀ ਹੁੰਦਾ ਹੈ, ਇਹ ਗੱਲ ਬਿਲਕੁਲ ਸਪੱਸ਼ਟ ਅਤੇ ਸਰਲ ਹੈ। ਅਜਿਹੇ ਕੰਮਾਂ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਠਹਿਰਾਏ ਜਾਣ ਨੂੰ ਬਿਲਕੁਲ ਮਨਜ਼ੂਰ ਨਹੀਂ ਕੀਤਾ ਜਾਣਾ ਚਾਹੀਦਾ।’’

ਗੁਪਤਾ ਨੇ ਮੀਰ ਦਾ ਇਕ ਆਡੀਓ ਕਲਿੱਪ ਵੀ ਚਲਾਇਆ ਜਿਸ ’ਚ ਉਸ ਨੂੰ ਮੁੰਬਈ ’ਚ 26/11 ਦੇ ਅਤਿਵਾਦੀ ਹਮਲਿਆਂ ਦੌਰਾਨ ਪਾਕਿਸਤਾਨ ਦੇ ਅਤਿਵਾਦੀਆਂ ਨੂੰ ਹੁਕਮ ਦਿੰਦਿਆਂ ਸੁਣਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਸਰਹੱਦ ਪਾਰ ਤੋਂ ਆਏ 10 ਪੂਰੀ ਤਰ੍ਹਾਂ ਹਥਿਆਰਬੰਦ ਅਤਿਵਾਦੀਆਂ ਨੇ ਮੁੰਬਈ ’ਚ ਵੜ ਕੇ ਕਹਿਰ ਢਾਹਿਆ ਸੀ। ਇਨ੍ਹਾਂ ਹਮਲਿਆਂ ’ਚ 26 ਵਿਦੇਸ਼ੀਆਂ ਸਮੇਤ 166 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-