ਪੰਜ ਸਿਤਾਰਾ ਹੋਟਲ ਵਿਚ ਬਗ਼ੈਰ ਪੈਸੇ ਦਿਤੇ 603 ਦਿਨਾਂ ਤਕ ਰਹਿਣ ਵਾਲੇ ਵਿਰੁਧ ਕੇਸ ਦਰਜ
ਨਵੀਂ ਦਿੱਲੀ: ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ ਨੇ ਦੋਸ਼ ਲਾਇਆ ਹੈ ਕਿ ਉਸ ਦਾ ਇਕ ਮਹਿਮਾਨ ਹੋਟਲ ਸਟਾਫ ਦੀ ਮਿਲੀਭੁਗਤ ਨਾਲ ਡੇਢ ਸਾਲ ਤੋਂ ਵੱਧ ਸਮੇਂ ਤਕ ਬਿਨਾਂ ਭੁਗਤਾਨ ਕੀਤੇ ਰਹਿੰਦਾ ਰਿਹਾ, ਜਿਸ ਨਾਲ ਹੋਟਲ ਨੂੰ ਕਥਿਤ ਤੌਰ ’ਤੇ 58 ਲੱਖ ਰੁਪਏ ਦਾ ਨੁਕਸਾਨ ਹੋਇਆ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈ.ਜੀ.ਆਈ.) ਨੇੜੇ ਏਅਰੋਸਿਟੀ ਸਥਿਤ ਹੋਟਲ ਰੋਜ਼ੇਟ ਹਾਊਸ ਨੇ ਇਸ ਸਬੰਧੀ ਆਈ.ਜੀ.ਆਈ. ਏਅਰਪੋਰਟ ਥਾਣੇ ਵਿਚ ਕੇਸ ਦਰਜ ਕਰਵਾਇਆ ਹੈ।
ਰੋਜ਼ੇਟ ਦਾ ਸੰਚਾਲਨ ਕਰਨ ਵਾਲੀ ਬਰਡ ਏਅਰਪੋਰਟਸ ਹੋਟਲ ਪ੍ਰਾਈਵੇਟ ਲਿਮਟਿਡ ਦੇ ਅਧਿਕਾਰਤ ਪ੍ਰਤੀਨਿਧੀ ਵਿਨੋਦ ਮਲਹੋਤਰਾ ਵਲੋਂ ਹਾਲ ਹੀ ਵਿਚ ਦਰਜ ਕਰਵਾਈ ਗਈ ਐਫ.ਆਈ.ਆਰ. ਅਨੁਸਾਰ, ਅੰਕੁਸ਼ ਦੱਤਾ 603 ਦਿਨਾਂ ਤਕ ਹੋਟਲ ਵਿਚ ਰਿਹਾ, ਜਿਸ ’ਤੇ 58 ਲੱਖ ਰੁਪਏ ਦਾ ਖਰਚੇ ਆਇਆ, ਪਰ ਹੋਟਲ ਛੱਡਣ ਸਮੇਂ ਉਸ ਨੇ ਕੋਈ ਭੁਗਤਾਨ ਨਹੀਂ ਕੀਤਾ।
ਹੋਟਲ ਪ੍ਰਬੰਧਨ, ਨੂੰ ਸ਼ੱਕ ਹੈ ਕਿ ਪ੍ਰਕਾਸ਼ ਨੂੰ ਦੱਤਾ ਤੋਂ ਕੁਝ ਰਿਸ਼ਵਤ ਪ੍ਰਾਪਤ ਹੋਈ ਹੋਵੇਗੀ ਹੈ, ਜਿਸ ਨਾਲ ਉਹ ਮਹਿਮਾਨਾਂ ਦੇ ਵੇਰਵੇ ਰੱਖਣ ਵਾਲੇ ਸਾਫਟਵੇਅਰ ਸਿਸਟਮ ਨਾਲ ਛੇੜਛਾੜ ਕਰ ਕੇ ਉਸ ਨੂੰ ਹੋਟਲ ’ਚ ਜ਼ਿਆਦਾ ਦਿਨਾਂ ਤਕ ਰੁਕਣ ਵਿਚ ਮਦਦ ਕਰਨ ਲਈ ਸਹਿਮਤ ਹੋ ਗਿਆ। ਐਫ਼.ਆਈ.ਆਰ. ਵਿਚ ਕਿਹਾ ਗਿਆ ਹੈ, ‘‘ਅੰਕੁਸ਼ ਦੱਤਾ ਨੇ ਗ਼ਲਤ ਫਾਇਦਾ ਉਠਾਉਣ ਅਤੇ ਹੋਟਲ ਨੂੰ ਇਸ ਦੇ ਜਾਇਜ਼ ਕਿਰਾਏ ਤੋਂ ਵਾਂਝੇ ਕਰਨ ਦੇ ਉਦੇਸ਼ ਨਾਲ ਪ੍ਰੇਮ ਪ੍ਰਕਾਸ਼ ਸਮੇਤ ਕੁਝ ਜਾਣੂ ਅਤੇ ਅਣਪਛਾਤੇ ਹੋਟਲ ਮੁਲਾਜ਼ਮਾਂ ਨਾਲ ਇਕ ਅਪਰਾਧਿਕ ਸਾਜ਼ਿਸ਼ ਰਚੀ ਸੀ।’’
ਹੋਟਲ ਨੇ ਦਾਅਵਾ ਕੀਤਾ ਕਿ ਦੱਤਾ ਨੇ 30 ਮਈ 2019 ਨੂੰ ਇਕ ਰਾਤ ਲਈ ਹੋਟਲ ਵਿਚ ਕਮਰਾ ਬੁੱਕ ਕਰਵਾਇਆ ਸੀ। ਉਸ ਨੇ ਦੋਸ਼ ਲਾਇਆ ਹੈ ਕਿ ਦੱਤਾ ਨੇ 31 ਮਈ, 2019 ਨੂੰ ਹੋਟਲ ਛੱਡਣਾ ਸੀ, ਪਰ ਉਹ 22 ਜਨਵਰੀ, 2021 ਤਕ ਉੱਥੇ ਰਿਹਾ। ਹੋਟਲ ਨੇ ਦੋਸ਼ੀਆਂ ਵਿਰੁਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਖਾਤਿਆਂ ਨਾਲ ਛੇੜਛਾੜ ਕਰ ਕੇ ਭਰੋਸੇ ਦੀ ਉਲੰਘਣਾ, ਧੋਖਾਧੜੀ, ਧੋਖਾਧੜੀ ਅਤੇ ਜਾਅਲਸਾਜ਼ੀ ਦਾ ਅਪਰਾਧ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।