ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਵਿਚ ਵਿਕਾਸ ਪ੍ਰਦਰਸ਼ਨੀ ਦਾ ਅਹਿਮ ਰੋਲ: ਵਿਧਾਇਕ ਰਾਏ

ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਈ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ
ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਗ਼ੈਰ ਸਰਕਾਰੀ ਅਦਾਰਿਆਂ ਵੱਲੋਂ ਵਿਕਾਸ ਅਤੇ ਗਤੀਵਿਧੀਆਂ ਨੂੰ ਦਰਸਾਉਂਦੀ ਤੇ ਸ਼ਹੀਦੀ ਸਭਾ ਨੂੰ ਸਮਰਪਿਤ ਵਿਸ਼ਾਲ ਵਿਕਾਸ ਪ੍ਰਦਰਸ਼ਨੀ ਲਈ ਗਈ ਹੈ ਤੇ ਇਹ ਪ੍ਰਦਰਸ਼ਨੀ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਵਿਚ ਅਹਿਮ ਰੋਲ ਅਦਾ ਕਰ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵਿਕਾਸ ਪ੍ਰਦਰਸ਼ਨੀ ਦਾ ਜਾਇਜ਼ਾ ਲੈਣ ਮੌਕੇ ਕੀਤਾ।

ਹਲਕਾ ਵਿਧਾਇਕ ਨੇ ਕਿਹਾ ਕਿ ਕਈ ਵਾਰ ਲੋਕਾਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਇਸ ਕਰ ਕੇ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ‘ਤੇ ਸ਼ਹੀਦੀ ਸਭਾ ਮੌਕੇ ਸੰਗਤਾਂ ਦਾ ਵੱਡਾ ਇਤਿਹਾਸਕ ਇਕੱਠ ਹੁੰਦਾ ਹੈ ਅਤੇ ਇਸ ਮੌਕੇ ਆਯੋਜਿਤ ਵਿਸ਼ਾਲ ਪ੍ਰਦਰਸ਼ਨੀ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਉਣ ਲਈ ਅਹਿਮ ਸਾਬਤ ਹੁੰਦੀ ਹੈ।

ਇਸ ਪ੍ਰਦਰਸ਼ਨੀ ਦੌਰਾਨ ਵਿਧਾਇਕ ਨੇ
ਵੱਖ-ਵੱਖ ਸਟਾਲਾਂ ‘ਤੇ ਜਾ ਕੇ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਵਿਭਾਗਾਂ ਦੇ ਕੰਮਕਾਜ ਦੀ ਸ਼ਲਾਘਾ ਕੀਤੀ।

ਇਸ ਪ੍ਰਦਰਸ਼ਨੀ ਰਾਹੀਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਗ਼ੈਰ ਸਰਕਾਰੀ ਅਦਾਰਿਆਂ ਵੱਲੋਂ ਲੋਕ ਭਲਾਈ ਦੀਆਂ ਸਕੀਮਾਂ ਸਮੇਤ ਉਨਤ ਖੇਤੀ ਲਈ ਈਜਾਦ ਹੋਈਆਂ ਨਵੀਂਆਂ ਤਕਨੀਕਾਂ ਤੇ ਨਵੀਂ ਮਸ਼ੀਨਰੀ ਬਾਰੇ ਇੱਥੇ ਪੁੱਜਣ ਵਾਲਿਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ।

ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਦਾ ਕਰਨ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇਸ ਪ੍ਰਦਰਸ਼ਨੀ ਦੌਰਾਨ ਖੇਤੀਬਾੜੀ, ਮੱਛੀ ਪਾਲਣ, ਬਾਗਬਾਨੀ, ਡੇਅਰੀ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿਹਤ ਵਿਭਾਗ, ਪਸ਼ੂ ਪਾਲਣ, ਪੇਡਾ, ਜੰਗਲਾਤ, ਸਹਿਕਾਰਤਾ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਮੇਤ ਵੱਖ-ਵੱਖ ਬੈਂਕਾਂ ਅਤੇ ਹੋਰ ਪ੍ਰਾਈਵੇਟ ਅਦਾਰਿਆਂ ਨੇ ਇਸ ਵਿਸ਼ਾਲ ਵਿਕਾਸ ਪ੍ਰਦਰਸ਼ਨੀ ਮੌਕੇ ਆਪਣੇ ਸਟਾਲ ਲਗਾਏ ਅਤੇ ਆਮ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਜਗਜੀਤ ਸਿੰਘ ਰਿਊਣਾ, ਗੱਜਣ ਸਿੰਘ ਜਲਵੇੜਾ ਸਨੀ ਚੋਪੜਾ, ਅਮਰਿੰਦਰ ਮੰਡੋਫਲ,ਗੁਰਸਤਿੰਦਰ ਜੱਲਾ,ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਜੱਸੀ, ਮਾਨਵ ਟਿਵਾਣਾ, ਬਹਾਦਰ ਜਲਾਲ,ਬਲਜਿੰਦਰ ਕਾਕਾ ਆਦਿ ਹਾਜਰ ਸਨ।

Leave a Reply