ਪਟਨਾ ਵਿਚ ਹੋਈ ਵਿਰੋਧੀ ਧਿਰਾਂ ਦੀ ਅਹਿਮ ਮੀਟਿੰਗ, 2024 ਦੀਆਂ ਚੋਣਾਂ ਇਕੱਠੇ ਲੜਨ ’ਤੇ ਬਣੀ ਸਹਿਮਤੀ
ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਵਿਚ ਅੱਜ ਵਿਰੋਧੀ ਧਿਰ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਨੂੰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਮੀਟਿੰਗ ਮਗਰੋਂ ਵਿਰੋਧੀ ਪਾਰਟੀਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਹੋਈ, ਜਿਸ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਮੁਲਾਕਾਤ ਚੰਗੀ ਰਹੀ ਅਤੇ ਇਕੱਠੇ ਲੜਨ ’ਤੇ ਸਹਿਮਤੀ ਬਣੀ ਹੈ। ਇਸ ਮਗਰੋਂ ਅਗਲੀ ਮੀਟਿੰਗ ਸ਼ਿਮਲਾ ਵਿਖੇ ਹੋਵੇਗੀ, ਜਿਸ ਦੌਰਾਨ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ।
ਮਿਲ ਕੇ ਸਾਂਝੀ ਵਿਚਾਰਧਾਰਾ ਦੀ ਰੱਖਿਆ ਕਰਾਂਗੇ: ਰਾਹੁਲ ਗਾਂਧੀ
ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ ਅਤੇ ਭਾਵੇਂ ਇਨ੍ਹਾਂ ਪਾਰਟੀਆਂ ‘ਚ ਕੁੱਝ ਮਤਭੇਦ ਹਨ, ਅਸੀਂ ਮਿਲ ਕੇ ਕੰਮ ਕਰਾਂਗੇ। ਮੀਟਿੰਗ ਵਿਚ ਸ਼ਾਮਲ ਹੋਏ ਸਾਰੇ ਨੇਤਾਵਾਂ ਦਾ ਸੁਆਗਤ ਕਰਦੇ ਹੋਏ, ਉਨ੍ਹਾਂ ਕਿਹਾ, “ਨਿਤੀਸ਼ ਜੀ ਨੇ ਅੱਜ ਦੁਪਹਿਰ ਦੇ ਖਾਣੇ ਵਿਚ ਸਾਨੂੰ ਬਿਹਾਰ ਦੇ ਸਾਰੇ ਪਕਵਾਨ ਖੁਆਏ। ਇਸ ਲਈ ਤੁਹਾਡਾ ਧੰਨਵਾਦ।”
ਭਾਜਪਾ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ: ਮਮਤਾ ਬੈਨਰਜੀ
ਇਸ ਮਗਰੋਂ ਮਮਤਾ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਮੁੜ ਸੱਤਾ ਵਿਚ ਆਉਂਦੀ ਹੈ ਤਾਂ ਇਹ ਭਾਰਤ ਦੀਆਂ ਆਖ਼ਰੀ ਆਮ ਚੋਣਾਂ ਹੋਣਗੀਆਂ। ਭਾਜਪਾ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ ਪਰ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਤਿਹਾਸ ਨੂੰ ਸੰਭਾਲਿਆ ਜਾਵੇ। ਉਨ੍ਹਾਂ ਕਿਹਾ, ”ਅਸੀਂ ਵੀ ਦੇਸ਼ ਦੇ ਨਾਗਰਿਕ ਹਾਂ। ਅਸੀਂ ਤਾਨਾਸ਼ਾਹੀ ਦੇ ਵਿਰੁਧ ਹਾਂ। ਅਸੀਂ ਵੀ ਭਾਰਤ ਮਾਤਾ ਦੀ ਜੈ ਕਹਿੰਦੇ ਹਾਂ। ਜਦੋਂ ਮਣੀਪੁਰ ਸੜਦਾ ਹੈ ਤਾਂ ਅਸੀਂ ਵੀ ਉਦਾਸ ਹੁੰਦੇ ਹਾਂ। ਇਸ ਲਈ ਸਾਨੂੰ ਵਿਰੋਧੀ ਧਿਰ ਨਾ ਕਿਹਾ ਜਾਵੇ”।
ਉਨ੍ਹਾਂ ਕਿਹਾ, “ਮੀਡੀਆ ਨੂੰ ਵੀ ਕਾਬੂ ਕੀਤਾ ਗਿਆ ਹੈ। ਜੋ ਵੀ ਭਾਜਪਾ ਵਿਰੁਧ ਹੈ, ਉਨ੍ਹਾਂ ‘ਤੇ ਈ.ਡੀ. ਅਤੇ ਸੀ.ਬੀ.ਆਈ. ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਜਪਾ ਦੀ ਸਰਕਾਰ ਤਾਨਾਸ਼ਾਹ ਹੈ, ਇਨ੍ਹਾਂ ਨੂੰ ਬੇਰੁਜ਼ਗਾਰੀ, ਅਰਥਵਿਵਸਥਾ, ਮਹਿਲਾ ਸੁਰੱਖਿਆ ਅਤੇ ਦਲਿਤਾਂ ਦੀ ਚਿੰਤਾ ਨਹੀਂ ਹੈ।
ਇਸ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜੇਡੀਯੂ ਆਗੂ ਨਿਤੀਸ਼ ਕੁਮਾਰ, ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਐਨਸੀਪੀ ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਐਨਸੀ ਆਗੂ ਫਾਰੂਕ ਅਬਦੁੱਲਾ ਸਣੇ ਕਈ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ।