8 ਜਨਵਰੀ – ਧਰਤੀ ਘੁੰਮਣ ਦਿਵਸ -ਗੋਬਿੰਦਰ ਸਿੰਘ ਢੀਂਡਸਾ

ਧਰਤੀ ਆਪਣੇ ਧੁਰੇ 'ਤੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ, ਜਿਸ ਕਾਰਨ ਦਿਨ ਅਤੇ ਰਾਤ ਹੁੰਦੀ ਹੈ ਅਤੇ ਇਸੇ ਕਰਕੇ ਸਾਨੂੰ ਦਿਨ ਅਤੇ ਰਾਤ ਦਾ
ਅਨੁਭਵ ਹੁੰਦਾ ਹੈ। ਸਾਨੂੰ ਇਸਦਾ ਇਸ ਕਰਕੇ ਅਹਿਸਾਸ ਨਹੀਂ ਹੁੰਦਾ ਕਿਉਂਕਿ ਅਸੀਂ ਵੀ ਇਸਦੇ ਨਾਲ ਘੁੰਮਦੇ ਹਾਂ ਅਤੇ ਵਾਯੂਮੰਡਲ ਵੀ ਨਾਲ
ਘੁੰਮਦਾ ਹੈ। ਇਹ ਲਗਭਗ 1000 ਮੀਲ ਪ੍ਰਤੀ ਘੰਟਾ (1600 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਘੁੰਮਦੀ ਹੈ ਅਤੇ ਇੱਕ ਘੁੰਮਣ
(ਰੋਟੇਸ਼ਨ) ਨੂੰ ਪੂਰਾ ਕਰਨ ਵਿੱਚ ਲਗਭਗ 24 ਘੰਟੇ (23 ਘੰਟੇ, 56 ਮਿੰਟ, 04 ਸੈਕਿੰਡ) ਲੱਗਦੇ ਹਨ, ਪਰ ਇਹ ਗਤੀ ਥੋੜ੍ਹੀ ਬਦਲਦੀ ਰਹਿੰਦੀ ਹੈ
ਜਿਸ ਕਰਕੇ ਕਦੇ ਕਦੇ ਦਿਨ 24 ਘੰਟਿਆਂ ਤੋਂ ਛੋਟੇ ਹੋ ਜਾਂਦੇ ਹਨ।
ਹਰ ਸਾਲ 8 ਜਨਵਰੀ ਨੂੰ ਧਰਤੀ ਰੋਟੇਸ਼ਨ ਦਿਵਸ (ਅਰਥ ਰੋਟੇਸ਼ਨ ਡੇ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਦਰਅਸਲ 8 ਜਨਵਰੀ ਨੂੰ ਫਰਾਂਸੀਸੀ
ਭੌਤਿਕ ਵਿਗਿਆਨੀ ਲਿਓਨ ਫੌਕਾਲਟ ਦੇ ਉਸ ਪ੍ਰਦਰਸ਼ਨ ਨੂੰ ਯਾਦ ਕੀਤਾ ਜਾਂਦਾ ਹੈ ਜੋ ਉਹਨਾਂ ਨੇ ਸਾਲ 1851 ਵਿੱਚ ਦਿਖਾਇਆ ਸੀ। ਲਿਓਨ
ਫੌਕਾਲਟ ਨੇ 1851 ਵਿੱਚ ਇੱਕ ਮਾਡਲ ਰਾਹੀਂ ਸਭ ਤੋਂ ਪਹਿਲਾ ਇਹ ਦਿਖਾਇਆ ਕਿ ਧਰਤੀ ਆਪਣੇ ਧੁਰੇ 'ਤੇ ਕਿਵੇਂ ਘੁੰਮਦੀ ਹੈ।
ਇਹ ਖੋਜ ਕਰਨ ਵਿੱਚ ਦਾਰਸ਼ਨਿਕਾਂ ਅਤੇ ਵਿਗਿਆਨੀਆਂ ਨੂੰ ਕਈ ਸਾਲ ਲੱਗ ਗਏ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਲਗਭਗ 470 ਈਸਾ
ਪੂਰਵ, ਕੁਝ ਯੂਨਾਨੀ ਖਗੋਲ ਵਿਗਿਆਨੀਆਂ ਨੇ ਖੋਜ ਕੀਤੀ ਸੀ ਕਿ ਧਰਤੀ ਆਪਣੇ ਆਪ ਘੁੰਮਦੀ ਹੈ ਅਤੇ ਇਸਨੂੰ ਸਾਬਤ ਕਰਨ ਲਈ ਕਈ
ਪ੍ਰਯੋਗ ਕੀਤੇ ਸਨ। ਹਾਲਾਂਕਿ ਉਸ ਸਮੇਂ ਯੂਨਾਨੀ ਖਗੋਲ ਵਿਗਿਆਨੀਆਂ ਨੂੰ ਇਹ ਨਹੀਂ ਪਤਾ ਸੀ ਕਿ ਧਰਤੀ ਸੂਰਜ ਦੁਆਲੇ ਵੀ ਘੁੰਮਦੀ ਹੈ।
ਕਈ ਖੋਜਾਂ ਅਤੇ ਸਿੱਟਿਆਂ ਤੋਂ ਬਾਅਦ 8 ਜਨਵਰੀ 1851 ਨੂੰ ਫਰਾਂਸੀਸੀ ਭੌਤਿਕ ਵਿਗਿਆਨੀ ਲਿਓਨ ਫੌਕਾਲਟ ਨੇ ਪਹਿਲੀ ਵਾਰ ਇੱਕ ਪੈਂਡੂਲਮ
ਦੀ ਵਰਤੋਂ ਕਰਕੇ ਦਿਖਾਇਆ ਕਿ ਧਰਤੀ ਆਪਣੇ ਧੁਰੇ 'ਤੇ ਘੁੰਮਦੇ ਹੋਏ ਸੂਰਜ ਦੁਆਲੇ ਚੱਕਰ ਕਿਵੇਂ ਲਗਾਉਂਦੀ ਹੈ। ਬਾਅਦ ਵਿੱਚ ਲਿਓਨ ਦੁਆਰਾ
ਬਣਾਇਆ ਗਿਆ ਪੈਂਡੂਲਮ ਬਹੁਤ ਮਸ਼ਹੂਰ ਹੋ ਗਿਆ ਅਤੇ ਧਰਤੀ ਦੇ ਘੁੰਮਣ ਨੂੰ ਦਰਸਾਉਣ ਲਈ ਉਸੇ ਮਾਡਲ ਦੀ ਵਰਤੋਂ ਕੀਤੀ ਜਾਣ ਲੱਗੀ।
ਬਾਅਦ ਵਿੱਚ ਲਿਓਨ ਦੇ ਪੈਂਡੂਲਮ ਮਾਡਲ ਨੂੰ ਪੈਰਿਸ ਆਬਜ਼ਰਵੇਟਰੀ ਦੇ ਨਾਲ-ਨਾਲ ਯੂਨਾਨ (ਗ੍ਰੀਸ) ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ। ਅੱਜ
ਵੀ ਇਹ ਦੁਨੀਆ ਭਰ ਦੇ ਕਈ ਖਗੋਲ ਵਿਗਿਆਨ ਨਾਲ ਸਬੰਧਤ ਅਜਾਇਬ ਘਰਾਂ ਵਿੱਚ ਦਿਖਾਇਆ ਜਾਂਦਾ ਹੈ।
ਗੋਬਿੰਦਰ ਸਿੰਘ ਢੀਂਡਸਾ
ਈਮੇਲ – [email protected]
