ਬਿਜਲੀ ਦੇ ਬਿਲ ’ਚ 20 ਫ਼ੀ ਸਦੀ ਤਕ ਦੀ ਬਚਤ ਕਰਨਗੇ ਨਵੇਂ ਨਿਯਮ, ਦਿਨ ਦੇ ਵੱਖ-ਵੱਖ ਸਮੇਂ ਲਈ ਬਿਜਲੀ ਦੀਆਂ ਵੱਖੋ-ਵੱਖ ਦਰਾਂ ਲਾਗੂ ਹੋਣਗੀਆਂ
ਨਵੀਂ ਦਿੱਲੀ: ਸਰਕਾਰ ਬਿਜਲੀ ਦੀਆਂ ਦਰਾਂ ਤੈਅ ਕਰਨ ਲਈ ‘ਦਿਨ ਦੇ ਸਮੇ’ (ਟੀ.ਓ.ਡੀ.) ਦਾ ਨਿਯਮ ਲਾਗੂ ਕਰਨ ਵਾਲੀ ਹੈ। ਅਜਿਹਾ ਹੋਣ ਨਾਲ ਦੇਸ਼ ਭਰ ਦੇ ਬਿਜਲੀ ਖਪਤਕਾਰ ਸੂਰਜੀ ਘੰਟਿਆਂ (ਦਿਨ ਦੇ ਸਮੇਂ) ਦੌਰਾਨ ਬਿਜਲੀ ਖਪਤ ਦਾ ਪ੍ਰਬੰਧਨ ਕਰ ਕੇ ਅਪਣੇ ਬਿਜਲੀ ਦੇ ਬਿਲ ’ਚ 20 ਫ਼ੀ ਸਦੀ ਤਕ ਦੀ ਬਚਤ ਕਰ ਸਕਣਗੇ। ਟੀ.ਓ.ਡੀ. ਨਿਯਮ ਤਹਿਤ ਦਿਨ ਦੇ ਵੱਖ-ਵੱਖ ਸਮੇਂ ਲਈ ਬਿਜਲੀ ਦੀਆਂ ਵੱਖੋ-ਵੱਖ ਦਰਾਂ ਲਾਗੂ ਹੋਣਗੀਆਂ। ਇਹ ਪ੍ਰਬੰਧ ਲਾਗੂ ਹੋਣ ਨਾਲ ਬਿਜਲੀ ਦੀ ਸਭ ਤੋਂ ਵੱਧ ਦਰ ਵਾਲੇ ਸਮੇਂ (ਪੀਕ ਆਵਰਸ) ’ਚ ਗ੍ਰਾਹਕ ਕਪੜੇ ਧੋਣ ਅਤੇ ਖਾਣਾ ਪਕਾਉਣ ਵਰਗੇ ਵੱਧ ਬਿਜਲੀ ਖਪਤ ਵਾਲੇ ਕੰਮਾਂ ਤੋਂ ਪਰਹੇਜ਼ ਕਰ ਸਕਣਗੇ।
ਖਪਤਕਾਰ ਨਵੇਂ ਪ੍ਰਬੰਧ ਤਹਿਤ ਕਪੜੇ ਧੋਣ ਜਾਂ ਖਾਣਾ ਪਕਾਉਣ ਵਰਗੇ ਕੰਮ ਆਮ ਕੰਮਕਾਜੀ ਘੰਟਿਆਂ ’ਚ ਕਰਦੇ ਹੋਏ ਅਪਣਾ ਬਿਜਲੀ ਦਾ ਬਿਲ ਘੱਟ ਕਰ ਸਕਣਗੇ।ਟੀ.ਓ.ਡੀ. ਪ੍ਰਬੰਧ 1 ਅਪ੍ਰੈਲ, 2024 ਤੋਂ 10 ਕਿਲੋਵਾਟ ਅਤੇ ਉਸ ਤੋਂ ਵੱਧ ਮੰਗ ਵਾਲੇ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ ਲਾਗੂ ਹੋ ਜਾਵੇਗੀ। ਖੇਤੀ ਨੂੰ ਛੱਡ ਕੇ ਹੋਰ ਸਾਰੇ ਖਪਤਕਾਰਾਂ ਲਈ ਇਹ ਨਿਯਮ 1 ਅਪ੍ਰੈਲ, 2025 ਤੋਂ ਲਾਗੂ ਹੋਵੇਗਾ।
ਹਾਲਾਂਕਿ ਸਮਾਰਟ ਮੀਟਰ ਵਾਲੇ ਖਪਤਕਾਰਾਂ ਲਈ ਟੀ.ਓ.ਡੀ. ਪ੍ਰਬੰਧ ਉਦੋਂ ਹੀ ਲਾਗੂ ਹੋਣਗੇ ਜਦੋਂ ਉਹ ਇਸ ਤਰ੍ਹਾਂ ਦਾ ਮੀਟਰ ਲਗਵਾਉਣਗੇ। ਬਿਜਲੀ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਕ ਬਿਆਨ ’ਚ ਕਿਹਾ, ‘‘ਭਾਰਤ ਸਰਕਾਰ ਨੇ ਬਿਜਲੀ (ਖਪਤਕਾਰ ਅਧਿਕਾਰ) ਨਿਯਮ, 2020 ’ਚ ਸੋਧ ਕਰ ਕੇ ਮੌਜੂਦਾ ਬਿਜਲੀ ਟੈਰਿਫ਼ ਪ੍ਰਣਾਲੀ ’ਚ ਦੋ ਤਬਦੀਲੀਆਂ ਕੀਤੀਆਂ ਹਨ। ਇਹ ਤਬਦੀਲੀ ਦਿਨ ਦੇ ਸਮੇਂ (ਟੀ.ਓ.ਡੀ.) ਟੈਰਿਫ਼ ਪ੍ਰਣਾਲੀ ਦੀ ਸ਼ੁਰੂਆਤ ਅਤੇ ਸਮਾਰਟ ਮੀਟਰ ਨਾਲ ਜੁੜੀਆਂ ਸ਼ਰਤਾਂ ਨੂੰ ਤਰਕਸੰਗਤ ਬਣਾਉਣ ਨਾਲ ਸਬੰਧਤ ਹੈ।’’
ਇਸ ਮੁਤਾਬਕ, ਦਿਨ ਭਰ ਇਕ ਹੀ ਦਰ ’ਤੇ ਬਿਜਲੀ ਦੇ ਟੈਰਿਫ਼ ਲੈਣ ਦੀ ਬਜਾਏ ਖਪਤਕਾਰ ਵਲੋਂ ਬਿਜਲੀ ਦੇ ਲਈ ਭੁਗਤਾਨ ਕੀਤੀ ਜਾਣ ਵਾਲੀ ਕੀਮਤ ਦਿਨ ਦੇ ਵੱਖੋ-ਵੱਖ ਸਮੇਂ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗੀ। ਬਿਆਨ ਅਨੁਸਾਰ, ਨਵੀਂ ਟੈਰਿਫ਼ ਪ੍ਰਣਾਲੀ ਹੇਠ ਸੂਰਜੀ ਦੀ ਰੌਸ਼ਨੀ ਵਾਲੇ ਘੰਟਿਆਂ ’ਚ ਬਿਜਲੀ ਦੀ ਦਰ (ਸੂਬਾ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਅੱਠ ਘੰਟੇ ਤੈਅ ਕੀਤੀ ਗਈ) ਆਮ ਦਰ ਤੋਂ 10 ਤੋਂ 20 ਫ਼ੀ ਸਦੀ ਘੱਟ ਹੋਵੇਗੀ, ਜਦਕਿ ਬਿਜਲੀ ਦੇ ਸਭ ਤੋਂ ਵੱਧ ਪ੍ਰਯੋਗ ਸਮੇਂ ਇਹ 10 ਤੋਂ 20 ਫ਼ੀ ਸਦੀ ਵੱਧ ਹੋਵੇਗੀ।
ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ.ਕੇ. ਸਿੰਘ ਦਾ ਮੰਨਣਾ ਹੈ ਕਿ ਟੀ.ਓ.ਡੀ. ਪ੍ਰਬੰਧ ਨਾਲ ਖਪਤਕਾਰਾਂ ਅਤੇ ਬਿਜਲੀ ਪੈਦਾ ਕਰਨ ਵਾਲਿਆਂ ਨੂੰ ਹਰ ਹਾਲ ’ਚ ਫ਼ਾਇਦਾ ਹੋਵੇਗਾ।