ਫ਼ੁਟਕਲ

ਚੰਡੀਗੜ੍ਹ ਦੀ ਪ੍ਰਾਥਨਾ ਭਾਟੀਆ ਨੇ ਤੈਰਾਕੀ ਮੁਕਾਬਲੇ ‘ਚ ਜਿੱਤਿਆ ਚਾਂਦੀ ਦਾ ਤਮਗ਼ਾ

ਚੰਡੀਗੜ੍ਹ : ਜਰਮਨੀ ਦੇ ਬਰਲਿਨ ਵਿਚ ਚੱਲ ਰਹੀਆਂ ਵਿਸ਼ੇਸ਼ ਉਲੰਪਿਕ ਵਿਸ਼ਵ ਖੇਡਾਂ ਵਿਚ ਚੰਡੀਗੜ੍ਹ ਦੀ ਕੁੜੀ ਨੇ ਵੱਡਾ ਮਾਰਕਾ ਮਾਰਿਆ ਹੈ। ਤੈਰਾਕੀ ਮੁਕਾਬਲੇ ਵਿਚ ਪ੍ਰਾਥਨਾ ਭਾਟੀਆ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਦੱਸ ਦੇਈਏ ਕਿ 16 ਸਾਲਾ ਤੈਰਾਕ ਪ੍ਰਥਨਾ ਭਾਟੀਆ ਸੈਕਟਰ 27 ਸਥਿਤ ਭਵਨ ਵਿਦਿਆਲਿਆ ਦੀ ਵਿਦਿਆਰਥਣ ਹੈ।

ਵਿਸ਼ੇਸ਼ ਉਲੰਪਿਕਸ ਵਿਸ਼ਵ ਚੈਂਪੀਅਨਸ਼ਿਪ ਵਿਚ ਤੈਰਾਕੀ ਮੁਕਾਬਲੇ ਵਿਚ ਬੰਗਲਾਦੇਸ਼ ਦੀ ਵਿਸ਼ੇਸ਼ ਬੱਚੀ ਨੇ ਸੋਨ ਤਮਗ਼ਾ ਅਤੇ ਜਰਮਨੀ ਨੇ ਕਾਂਸੀ ਦਾ ਤਮਗ਼ਾ ਅਪਣੇ ਨਾਂਅ ਕੀਤਾ ਹੈ। ਸਰੀਰਕ ਰੂਪ ਵਿਚ ਅਸਮਰਥ ਅਪਣੀ ਧੀ ਨਾਲ ਸਾਲਾਂ ਤੋਂ ਇਕੱਲਿਆਂ ਬੈਠ ਕੇ ਰੋਂਦਿਆਂ ਰਾਤਾਂ ਕੱਟਣ ਵਾਲੀ ਮਾਂ ਦੀ ਖ਼ੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਧੀ ਨੇ ਤਮਗ਼ਾ ਜਿੱਤਿਆ ਅਤੇ ਸਾਡਾ ਸਿਰ ਮਾਣ ਨਾਲ ਉਚਾ ਕੀਤਾ ਹੈ, ਧੀ ਦੀ ਇਸ ਪ੍ਰਾਪਤੀ ਨੇ ਸਾਡੀ ਝੋਲੀ ਖ਼ੁਸ਼ੀਆਂ ਨਾਲ ਭਰ ਦਿਤੀ ਹੈ।

ਇਸ ਬਾਰੇ ਖਿਡਾਰਣ ਦੇ ਪਿਤਾ ਵਿਸ਼ਾਲ ਭਾਟੀਆ ਨੇ ਦਸਿਆ ਕਿ ਉਨ੍ਹਾਂ ਨੂੰ ਤੈਰਾਕੀ ਦਾ ਸ਼ੌਕ ਸੀ ਅਤੇ ਜਦੋਂ ਵੀ ਉਹ ਤੈਰਾਕੀ ਲਈ ਜਾਂਦੇ ਤਾਂ ਪ੍ਰਾਥਨਾ ਵੀ ਉਨ੍ਹਾਂ ਦੇ ਨਾਲ ਜਾਂਦੀ। ਇਸ ਤਰ੍ਹਾਂ ਉਨ੍ਹਾਂ ਦੀ ਧੀ ਨੂੰ ਵੀ ਤੈਰਾਕੀ ਪ੍ਰਤੀ ਲਗਾਅ ਹੋ ਗਿਆ ਅਤੇ ਉਨ੍ਹਾਂ ਨੇ ਪ੍ਰਾਥਨਾ ਨੂੰ ਤੈਰਾਕੀ ਸਿਖਾਉਣ ਦਾ ਫ਼ੈਸਲਾ ਕੀਤਾ। ਵਿਸ਼ਾਲ ਭਾਟੀਆ ਦਾ ਕਹਿਣਾ ਹੈ ਕਿ ਉਹ ਪ੍ਰਾਥਨਾ ਨੂੰ ਸਵੇਰੇ-ਸ਼ਾਮ ਤੈਰਾਕੀ ਦੇ ਅਭਿਆਸ ਲਈ ਪੂਲ ‘ਤੇ ਲੈ ਕੇ ਜਾਂਦੇ ਸਨ। ਉਨ੍ਹਾਂ ਦਸਿਆ ਕਿ ਸਮਾਂ ਜ਼ਰੂਰ ਲੱਗਾ ਹੈ ਪਰ ਆਖ਼ਰਕਾਰ ਉਨ੍ਹਾਂ ਦੀ ਧੀ ਨੇ ਸਫ਼ਲਤਾ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਵਿਸ਼ਵ ਚੈਂਪੀਅਨਸ਼ਿਪ ‘ਚ ਟ੍ਰਾਈਸਿਟੀ ਦੀ ਸਿਰਫ਼ ਇਕ ਵਿਸ਼ੇਸ਼ ਖਿਡਾਰਣ ਪ੍ਰਾਥਨਾ ਦੀ ਹੀ ਚੋਣ ਹੋਈ ਸੀ। ਭਾਵੇਂ ਕਿ ਉਨ੍ਹਾਂ ਨੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ ਪਰ ਕੁੱਝ ਸਕਿੰਟਾਂ ਦੇ ਵਕਫ਼ੇ ਕਾਰਨ ਹੀ ਉਹ ਸੋਨ ਤਮਗ਼ਾ ਜਿੱਤਣ ਤੋਂ ਪਿੱਛੇ ਰਹਿ ਗਏ। ਦੱਸ ਦੇਈਏ ਕਿ ਇਹ ਚੈਂਪੀਅਨਸ਼ਿਪ 17 ਤੋਂ 25 ਜੂਨ ਤਕ ਕਰਵਾਈ ਜਾ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-