ਦੇਸ਼-ਵਿਦੇਸ਼

ਕਬੱਡੀ ਖਿਡਾਰੀ ਦੀ ਮਾਂ ’ਤੇ ਹਮਲਾ ਕਰਨ ਦੇ ਮਾਮਲੇ ’ਚ ਖ਼ੁਲਾਸਾ: ਕੁਲਵਿੰਦਰ ਕਿੰਦਾ ਨੇ ਖ਼ੁਦ ਹੀ ਕੀਤਾ ਸੀ ਮਾਂ ’ਤੇ ਹਮਲਾ

ਮੋਗਾ : ਬੰਧਨੀ ਕਲਾਂ ‘ਚ ਕਬੱਡੀ ਖਿਡਾਰੀ ਕੁਲਵਿੰਦਰ ਸਿੰਘ ਕਿੰਦਾ ਦੇ ਘਰ ’ਤੇ ਹਮਲਾ ਕਰਨ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਦਰਅਸਲ ਇਕ ਦਿਨ ਪਹਿਲਾਂ ਕਬੱਡੀ ਖਿਡਾਰੀ ਨੇ  ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਰਕੇ ਕੁੱਝ ਲੋਕਾਂ ‘ਤੇ ਉਸ ਦੇ ਘਰ ‘ਤੇ ਹਮਲਾ ਕਰ ਕੇ ਉਸ ਦੀ ਮਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦੇ ਇਲਜ਼ਾਮ ਲਗਾਏ ਸਨ। ਪੁਲਿਸ ਨੇ ਥੋੜ੍ਹੇ ਸਮੇਂ ਵਿਚ ਹੀ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੂੰ ਅਪਣੀ ਮਾਂ ਨੂੰ ਜ਼ਖ਼ਮੀ ਕਰਨ ਅਤੇ ਘਰ ਤੇ ਹੋਏ ਹਮਲੇ ਦੀ ਝੂਠੀ ਘਟਨਾ ਰਚਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਖ਼ੁਲਾਸਾ ਕੀਤਾ ਕਿ ਕਬੱਡੀ ਖਿਡਾਰੀ ਨੇ ਖ਼ੁਦ ਹੀ ਅਪਣੀ ਮਾਂ ’ਤੇ ਹਮਲਾ ਕੀਤਾ ਸੀ। ਪੁਲਿਸ ਨੇ ਸੀ.ਸੀ.ਟੀ.ਵੀ. ਅਤੇ ਹੋਰ ਪਹਿਲੂਆਂ ਦੀ ਜਾਂਚ ਤੋਂ ਬਾਅਦ ਪਾਇਆ ਕਿ ਘਟਨਾ ਵਾਲੀ ਰਾਤ ਕੋਈ ਵੀ ਵਿਅਕਤੀ ਕੁਲਵਿੰਦਰ ਸਿੰਘ ਕਿੰਦਾ ਦੇ ਘਰ ਦਾਖ਼ਲ ਨਹੀਂ ਹੋਇਆ। ਹਾਲਾਂਕਿ ਪੁਲਿਸ ਨੇ ਕੁਲਵਿੰਦਰ ਕਿੰਦਾ ਨੂੰ ਖੁਦ ਭੱਜ ਕੇ ਅਪਣੇ ਘਰ ‘ਚ ਦਾਖਲ ਹੁੰਦੇ ਦੇਖਿਆ।

ਇਸ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਅਪਣੀ ਮਾਂ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਮਿਤੀ 21.06.2023 ਨੂੰ ਚਿਕਨ ਕਾਰਨਰ ਮੇਨ ਰੋਡ ਬੱਧਨੀ ਕਲਾਂ ਤੋਂ ਮੀਟ ਕੱਟਣ ਵਾਲਾ ਚਾਕੂ ਲੈ ਕੇ ਖ਼ੁਦ ਹੀ ਮਾਂ ’ਤੇ ਹਮਲਾ ਕਰ ਦਿਤਾ।

ਕੁਲਵਿੰਦਰ ਕਿੰਦਾ ਨੇ ਅਪਣੀ ਨਿੱਜੀ ਰੰਜਿਸ਼ ਕਰ ਕੇ ਤਿੰਨ ਖਿਡਾਰੀਆਂ ਦਾ ਨਾਂਅ ਲਿਆ ਸੀ। ਪੁਲਿਸ ਨੇ ਕੁਲਵਿੰਦਰ ਕਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਮਲੇ ਵਿਚ ਜ਼ਖ਼ਮੀ ਔਰਤ ਰਛਪਾਲ ਕੌਰ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਮੋਗਾ ਤੇ ਬਾਅਦ ਡੀ. ਐਮ. ਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-