ਪੰਜਾਬਫੀਚਰਜ਼

ਲੁਧਿਆਣਾ ‘ਚ 2 ਫਰਜ਼ੀ ਅਫ਼ਸਰ ਗ੍ਰਿਫ਼ਤਾਰ: ਲੋਨ ਦਿਵਾਉਣ ਦੇ ਬਹਾਨੇ 11.45 ਲੱਖ ਦੀ ਠੱਗੀ

ਲੁਧਿਆਣਾ : ਲੁਧਿਆਣਾ ਪੁਲਿਸ ਨੇ ਦੋ ਫਰਜ਼ੀ ਅਫਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਏਸੀਪੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਨਾਲ ਠੱਗੀ ਮਾਰਦੇ ਸਨ। ਦੋਵੇਂ ਦੋਸ਼ੀ ਕੁੜੀਆਂ ਬਣ ਕੇ ਨੌਜਵਾਨਾਂ ਨਾਲ ਗੱਲਬਾਤ ਵੀ ਕਰਦੇ ਸਨ। ਨੌਜਵਾਨਾਂ ਨੂੰ ਹਨੀਟ੍ਰੈਪ ‘ਚ ਫਸਾ ਕੇ ਉਨ੍ਹਾਂ ਦੇ ਖਾਤਿਆਂ ‘ਚ ਪੈਸੇ ਪਾ ਕੇ ਉਨ੍ਹਾਂ ਨੂੰ ਬਲਾਕ ਕਰ ਦਿਤਾ।

ਪੁਲਿਸ ਨੇ ਸ਼ਿਕਾਇਤਕਰਤਾ ਭਾਨੂ ਪ੍ਰਤਾਪ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਕੇ ਦੋਵਾਂ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਛਾਣ ਗੋਪੀਚੰਦ ਉਰਫ ਮਾਨਵ ਵਾਸੀ ਜਨਤਾ ਨਗਰ ਅਤੇ ਅਮਰੀਕ ਸਿੰਘ ਵਾਸੀ ਕੋਟ ਮੰਗਲ ਵਜੋਂ ਹੋਈ ਹੈ।

ਮੁਲਜ਼ਮਾਂ ਨੇ ਭਾਨੂ ਪ੍ਰਤਾਪ ਨੂੰ ਕਿਹਾ ਕਿ ਉਹ ਉਸ ਨੂੰ ਕਰਜ਼ਾ ਦਿਵਾ ਦੇਣਗੇ। ਉਨ੍ਹਾਂ ਦੀ ਉਪਰ ਤੱਕ ਪਹੁੰਚ ਹੈ। ਭਾਨੂ ਪ੍ਰਤਾਪ ਉਹਨਾਂ ਦੀਆਂ ਗੱਲਾਂ ’ਚ ਆ ਗਿਆ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨਾਲ 11.45 ਲੱਖ ਦੀ ਠੱਗੀ ਮਾਰ ਲਈ। ਦੋਵਾਂ ਮੁਲਜ਼ਮਾਂ ਨੇ ਖਾਤੇ ਵਿਚ 5 ਤੋਂ 6 ਲੱਖ ਰੁਪਏ ਜਮ੍ਹਾ ਕਰਵਾਏ ਅਤੇ ਬਾਕੀ ਰਕਮ ਨਕਦੀ ਵਿਚ ਲੈ ਲਈ।

ਭਾਨੂ ਪ੍ਰਤਾਪ ਨੂੰ ਦਸਿਆ ਕਿ ਮੁਲਜ਼ਮਾਂ ਨੇ ਉਸ ਨੂੰ 97 ਲੱਖ ਰੁਪਏ ਪਾਸ ਹੋਣ ਦੀ ਗੱਲ ਕਹੀ। ਜੋ ਰਕਮ ਉਸ ਨੇ ਉਹਨਾਂ ਦੇ ਖਾਤੇ ਵਿਚ ਜਮ੍ਹਾਂ ਕਰਵਾਈ ਹੈ। ਇਹ ਕਰਜ਼ਾ ਕਿਸੇ ਕਾਰਨ ਗਲਤ ਤਰੀਕੇ ਨਾਲ ਪਾਸ ਕੀਤਾ ਗਿਆ ਹੈ। ਹੁਣ ਇਨਕਮ ਟੈਕਸ ਵਿਭਾਗ ਅਤੇ ਹੋਰ ਅਧਿਕਾਰੀ ਇਸ ‘ਤੇ ਕਾਰਵਾਈ ਕਰ ਸਕਦੇ ਹਨ। ਇਸ ਗੱਲ ਦਾ ਡਰਾਵਾ ਦੇ ਕੇ ਅਤੇ ਫਰਜ਼ੀ ਮਹਿਕਮੇ ਦੇ ਮੈਸੇਜ ਭੇਜ ਕੇ ਦੋਵੇਂ ਪੈਸੇ ਠੱਗਦੇ ਰਹੇ।

ਦੋਵੇਂ ਮੁਲਜ਼ਮਾਂ ਨੇ ਆਈ.ਟੀ. ਤਕਨੀਕ ਦੀ ਦੁਰਵਰਤੋਂ ਕੀਤੀ ਹੈ। ਆਨਲਾਈਨ ਅਨੁਵਾਦ ਦੀ ਮਦਦ ਨਾਲ ਬਦਮਾਸ਼ ਠੱਗਾਂ ਨੇ ਅਧਿਕਾਰੀਆਂ ਦੇ ਨਾਂ ਚਿੱਠੀਆਂ ਅਤੇ ਸੰਦੇਸ਼ ਵੀ ਬਣਾਏ। ਪੁਲਿਸ ਅਨੁਸਾਰ ਮੁਲਜ਼ਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਵਿਚ ਇੱਕ ਲੜਕੀ ਵੀ ਸ਼ਾਮਲ ਹੈ।

ਅਮਰੀਕ ਸਿੰਘ ਸ਼ਿਕਾਇਤਕਰਤਾ ਨੂੰ ਅਧਿਕਾਰੀ ਦੱਸ ਕੇ ਗੱਲ ਕਰਦਾ ਸੀ। ਉਸ ਨੇ ਭਾਨੂ ਪ੍ਰਤਾਪ ਨੂੰ ਧਮਕੀ ਦਿਤੀ ਕਿ 97 ਲੱਖ ਰੁਪਏ ਕਾਰਨ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਭਾਨੂ ਨੇ ਮੁਲਜ਼ਮਾਂ ਦੇ ਡਰੋਂ ਲੱਖਾਂ ਰੁਪਏ ਦਿਤੇ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਮੋਬਾਈਲ ਬਰਾਮਦ ਕੀਤੇ ਹਨ।

ਸੰਯੁਕਤ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦਸਿਆ ਕਿ ਇਸ ਗਿਰੋਹ ਦਾ ਮਾਸਟਰਮਾਈਂਡ ਗੋਪੀ ਚੰਦ ਹੈ। ਉਹ ਆਮਦਨ ਕਰ ਵਿਭਾਗ ਦੀ ਆਈਡੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਆਈਡੀ ਬਣਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਗੋਪੀ ਚੰਦ 10ਵੀਂ ਪਾਸ ਹੈ ਅਤੇ ਟੈਕਸੀ ਚਲਾਉਂਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-