ਦੇਸ਼-ਵਿਦੇਸ਼ਫੀਚਰਜ਼

ਉਪਗ੍ਰਹਿ ਸਪੈਕਟਰਮ ਲਈ ਮਸਕ ਅਤੇ ਅੰਬਾਨੀ ਆਹਮੋ-ਸਾਹਮਣੇ

ਨਵੀਂ ਦਿੱਲੀ: ਐਲਨ ਮਸਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਟਾਰਲਿੰਕ ਧਰਤੀ ਦਾ ਚੱਕਰ ਲਾਉਣ ਵਾਲੇ ਉਪਗ੍ਰਿਹਾਂ ਰਾਹੀਂ ਭਾਰਤ ’ਚ ਵਾਇਰਲੈੱਸ ਇੰਟਰਨੈੱਟ ਨੂੰ ਪ੍ਰਸਾਰਿਤ ਕਰੇ। ਹਾਲਾਂਕਿ, ਉਨ੍ਹਾਂ ਦਾ ਸਮੂਹ ਜਿਸ ਲਾਇਸਸੈਂਸ ਵਿਵਸਥਾ ਦੀ ਹਮਾਇਤ ਕਰ ਰਿਹਾ ਹੈ, ਉਸ ਕਾਰਨ ਉਨ੍ਹਾਂ ਨੂੰ ਮੁਕੇਸ਼ ਅੰਬਾਨੀ ਦੀ ਰੀਲਾਇੰਸ ਨਾਲ ਮੁਕਾਬਲਾ ਕਰਨਾ ਪੈ ਸਕਦਾ ਹੈ।

ਪਿਛਲੇ ਹਫ਼ਤੇ ਨਿਊਯਾਰਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮਸਕ ਨੇ 21 ਜੂਨ ਨੂੰ ਕਿਹਾ ਕਿ ਉਹ ਭਾਰਤ ’ਚ ਸਟਾਰਲਿੰਕ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ। ਇਸ ਸੇਵਾ ਦੀ ਮਦਦ ਨਾਲ ਬੁਨਿਆਦੀ ਢਾਂਚੇ ਦੀ ਕਮੀ ਵਾਲੇ ਦੂਰ-ਦੁਰਾਡੇ ਸਥਿਤ ਪਿੰਡਾਂ ’ਚ ਇੰਟਰਨੈੱਟ ਨੂੰ ਪਹੁੰਚਾਇਆ ਜਾ ਸਕਦਾ ਹੈ।

ਸਟਾਰਲਿੰਕ ਚਾਹੁੰਦਾ ਹੈ ਕਿ ਭਾਰਤ ਸਿਰਫ਼ ਸੇਵਾ ਲਈ ਲਾਇਸੈਂਸ ਦੇਵੇ ਅਤੇ ਸਿਗਨਲ ਵਾਲੇ ਸਪੈਕਟਰਮ ਜਾਂ ਏਅਰਵੇਵਜ਼ ਦੀ ਨੀਲਾਮੀ ’ਤੇ ਜ਼ੋਰ ਨਾ ਦੇਵੇ। ਮਸਕ ਦਾ ਇਹ ਰੁਖ਼ ਟਾਟਾ, ਸੁਨੀਲ ਭਾਰਤੀ ਮਿੱਤਲ ਅਤੇ ਅਮੇਜ਼ਨ ਨਾਲ ਮੇਲ ਖਾਂਦਾ ਹੈ। ਦੂਜੇ ਪਾਸੇ ਅੰਬਾਨੀ ਦੀ ਰੀਲਾਇੰਸ ਦਾ ਕਹਿਣਾ ਹੈ ਕਿ ਵਿਦੇਸ਼ੀ ਉਪਗ੍ਰਹਿ ਸੇਵਾਦਾਤਾ ਦੇ ਵਾਇਸ ਅਤੇ ਡਾਟਾ ਸੇਵਾਵਾਂ ਦੇਣ ਲਈ ਸਪੈਕਟਰਮ ਦੀ ਨੀਲਾਮੀ ਹੋਣੀ ਚਾਹੀਦੀ ਹੈ।

ਰੀਲਾਇੰਸ ਦਾ ਕਹਿਣਾ ਹੈ ਕਿ ਰਵਾਇਤੀ ਦੂਰਸੰਚਾਰ ਕੰਪਨੀਆਂ ਨੂੰ ਬਰਾਬਰ ਮੌਕੇ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਹੈ, ਜੋ ਸਰਕਾਰੀ ਨੀਲਾਮੀ ’ਚ ਖ਼ਰੀਦੇ ਏਅਰਵੇਵਜ਼ ਦਾ ਪ੍ਰਯੋਗ ਕਰ ਕੇ ਅਜਿਹੀਆਂ ਹੀ ਸੇਵਾਵਾਂ ਦਿੰਦੇ ਹਨ।

ਬ੍ਰੋਕਰੇਜ ਕੰਪਨੀ ਸੀ.ਐਲ.ਐਸ.ਏ. ਨੇ ਇਕ ਟਿਪਣੀ ’ਚ ਕਿਹਾ, ‘‘ਭਾਰਤ ਦੀ ਪੁਲਾੜ ਅਧਾਰਤ ਸੰਚਾਰ ਸੇਵਾ (ਐਸ.ਐਸ.) ਲਈ ਸਪੈਕਟਰਮ ਫ਼ੈਸਲਾ ਮਹੱਤਵਪੂਰਨ ਹੈ। ਸਰਕਾਰ ਨੇ 2010 ਤੋਂ 77 ਅਰਬ ਅਮਰੀਕੀ ਡਾਲਰ ਦੇ ਮੋਬਾਈਲ ਸਪੈਕਟਰਮ ਦੀ ਨੀਲਾਮੀ ਕੀਤੀ ਹੈ ਅਤੇ ਕਈ ਕੰਪਨੀਆਂ ਐਸ.ਐਸ. ਲਈ ਉਤਸੁਕ ਹਨ।’’

ਸੀ.ਐਲ.ਐਸ.ਏ. ਨੇ ਕਿਹਾ ਹੈ ਕਿ ਸਟਾਰਲਿੰਕ ਸਮੇਤ ਕਈ ਕੰਪਨੀਆਂ ਭਾਰਤੀ ਐਸ.ਐਸ. ਲਈ ਉਤਸੁਕ ਹਨ।

ਟਿਪਣੀ ’ਚ ਕਿਹਾ ਗਿਆ ਹੈ ਕਿ ਅਮੇਜ਼ਨ, ਟਾਟਾ, ਭਾਰਤੀ ਏਅਰਟੈੱਲ ਹਮਾਇਤੀ ਵਨਵੈੱਬ ਅਤੇ ਲਾਰਸਨ ਐਂਡ ਟਰੁਬੋ ਨੀਲਾਮੀ ਵਿਰੁਧ ਹਨ, ਜਦਕਿ ਰਿਲਾਇੰਸ ਜੀਓ ਅਤੇ ਵੋਡਾਫ਼ੋਨ-ਆਈਡੀਆ ਭਾਰਤ ਐਸ.ਐਸ. ਨੀਲਾਮੀ ਦੀ ਹਮਾਇਤ ਕਰਦੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-