ਖ਼ੈਬਰ ਪਖਤੂਨਵਾ ਦੇ ਮੰਤਰੀ ਨੇ ਸਿੱਖਾਂ ’ਤੇ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਅਹਿਦ ਲਿਆ
ਜ਼ਖ਼ਮੀ ਤਰਲੋਕ ਸਿੰਘ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ
ਮੰਤਰੀ ਪੇਸ਼ਾਵਰ ’ਚ ਸਥਿਤ ਭਾਈ ਜੋਗਾ ਸਿੰਘ ਗੁਰਦਵਾਰਾ, ਮੁਹੱਲਾ ਜੋਗਾਂ ਸ਼ਾਹ ਪੁੱਜੇ ਅਤੇ ਉਨ੍ਹਾਂ ਮਾਰੇ ਗਏ 32 ਵਰ੍ਹਿਆਂ ਦੇ ਸਿੱਖ ਨੌਜੁਆਨ ਮਨਮੋਹਨ ਸਿੰਘ ਦੇ ਪ੍ਰਵਾਰ ਨਾਲ ਦੁੱਖ ਪ੍ਰਗਟਾਇਆ। ਮਨਮੋਹਨ ਸਿੰਘ ਦਾ ਸਨਿਚਰਵਾਰ ਨੂੰ ਰਾਸ਼ਿਦਗੜ੍ਹੀ ਬਾਜ਼ਾਰ ’ਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।
ਮੰਤਰੀ ਨੇ ਮਰਹੂਮ ਮਨਮੋਹਨ ਸਿੰਘ ਦੇ ਪਿਤਾ ਅਤੇ ਭਰਾ ਨਾਲ ਦੁੱਖ ਵੰਡਾਇਆ ਅਤੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਦੋਸ਼ੀਆਂ ਨੂੰ ਬਹੁਤ ਛੇਤੀ ਫੜ ਲਿਆ ਜਾਵੇਗਾ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸ਼ਾਂਤੀ ਅਤੇ ਭਾਈਚਾਰੇ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖ਼ੈਬਰ ਪਖਤੂਨਵਾ ਦੀ ਸਰਕਾਰ ਘੱਟ ਗਿਣਤੀਆਂ ਦੀਆਂ ਜ਼ਿੰਦਗੀਆਂ ਅਤੇ ਜਾਇਦਾਦਾਂ ਦੀ ਸੁਰਖਿਆ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਪੂਰੀ ਤਰ੍ਹਾਂ ਸ਼ਾਂਤੀ ਅਤੇ ਭਾਈਚਾਰਾ ਸਥਾਪਤ ਹੈ ਪਰ ਕੁਝ ਕੁ ਸ਼ਰਾਰਤੀ ਤੱਤ ਦੇਸ਼ਵਿਰੋਧੀ ਏਜੰਡੇ ਹੇਠ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ ਜੋ ਦੇਸ਼ ਦੇ ਅਕਸ ਨੂੰ ਢਾਹ ਲਾ ਰਿਹਾ ਹੈ।
ਇਸ ਦੌਰਾਨ ਮੰਤਰੀ ਤਰਲੋਕ ਸਿੰਘ ਦੇ ਘਰ ਵੀ ਗਏ, ਜੋ ਕਿ ਸ਼ੁਕਰਵਾਰ ਨੂੰ ਇਸੇ ਤਰ੍ਹਾਂ ਦੇ ਹਮਲੇ ’ਚ ਜ਼ਖ਼ਮੀ ਹੋ ਗਿਆ ਸੀ। ਮੰਤਰੀ ਨੇ ਉਸ ਦਾ ਹਾਲ-ਚਾਲ ਪੁਛਿਆ ਅਤੇ ਉਸ ਦੇ ਮੁਫ਼ਤ ਇਲਾਜ ਦਾ ਐਲਾਨ ਕਰਨ ਦੇ ਨਾਲ ਹੀ ਉਸ ਨੂੰ 5 ਲੱਖ ਰੁਪੲੈ ਦਾ ਚੈੱਕ ਵੀ ਸੌਂਪਿਆ।