ਟਾਪ ਨਿਊਜ਼ਭਾਰਤ

ਹਿਮਾਚਲ ‘ਚ ਜ਼ਮੀਨ ਖਿਸਕਣ ਕਾਰਨ ਬੰਦ ਹੋਈਆਂ 301 ਸੜਕਾਂ

ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਦੀ ਦਸਤਕ ਨਾਲ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਜ਼ਮੀਨ ਖਿਸਕਣ ਕਾਰਨ 2 ਨੈਸ਼ਨਲ ਹਾਈਵੇਅ ਸਮੇਤ 301 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਸਨ। ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਨੂੰ ਸੱਤ ਮੀਲ ਅਤੇ ਚਾਰ ਮੀਲ ਨੇੜੇ ਬਹਾਲ ਕਰ ਦਿਤਾ ਗਿਆ ਹੈ।

ਸ਼ਾਮ 5 ਵਜੇ ਤਕ ਹਾਈਵੇਅ ਬੰਦ ਰਹਿਣ ਕਾਰਨ ਮੰਡੀ, ਪੰਡੋਹ ਅਤੇ ਨਾਗਚਲਾ ਵਿਚ ਲੰਮਾ ਜਾਮ ਲੱਗ ਗਿਆ। ਇਸ ਵਿਚ ਦਰਜਨਾਂ ਬੱਸਾਂ ਸਮੇਤ ਸੈਂਕੜੇ ਵਾਹਨ ਜਾਮ ਵਿਚ ਫਸੇ ਰਹੇ। ਇਸ ਕਾਰਨ ਐਤਵਾਰ ਰਾਤ ਤੋਂ ਹੀ ਹਜ਼ਾਰਾਂ ਲੋਕ ਵਾਹਨਾਂ ਵਿਚ ਭੁੱਖੇ-ਪਿਆਸੇ ਬੈਠੇ ਰਹੇ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੜਕਾਂ ਦੀ ਮੁਰੰਮਤ ਵਿਚ ਰੁਕਾਵਟ ਆਈ।

ਇਸੇ ਤਰ੍ਹਾਂ NH-5 ਵੀ ਕਰੀਬ 9 ਦਿਨਾਂ ਬਾਅਦ ਥਿਉਗ ‘ਚ ਬਹਾਲ ਕਰ ਦਿਤਾ ਗਿਆ ਹੈ। NH-5 ਬੰਦ ਹੋਣ ਕਾਰਨ ਨਰਕੰਡਾ, ਚੰਸ਼ਾਲ, ਹਟੂ ਪੀਕ ਅਤੇ ਕਿਨੌਰ ਜਾਣ ਵਾਲੇ ਸੈਲਾਨੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਸੈਲਾਨੀਆਂ ਦੇ ਨਾਲ-ਨਾਲ ਅੱਪਰ ਸ਼ਿਮਲਾ, ਕਿਨੌਰ ਅਤੇ ਕੁੱਲੂ ਜ਼ਿਲ੍ਹਿਆਂ ਦੇ ਲੋਕ ਵੀ ਰੋਜ਼ਾਨਾ ਪ੍ਰੇਸ਼ਾਨ ਹੋ ਰਹੇ ਸਨ। ਇਸ ਨੈਸ਼ਨਲ ਹਾਈਵੇਅ ਦੀ ਬਹਾਲੀ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਲਾਕੇ ਵਿਚ ਪਏ ਭਾਰੀ ਮੀਂਹ ਕਾਰਨ ਇਕ ਪੱਕਾ ਮਕਾਨ, 13 ਵਾਹਨ ਅਤੇ ਇਕ ਸਕੂਲ ਦੀ ਇਮਾਰਤ ਨੁਕਸਾਨੀ ਗਈ। ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਜਾਣ ਕਾਰਨ ਪੰਜ ਬੱਕਰੀਆਂ ਦੀ ਮੌਤ ਹੋ ਗਈ ਹੈ ਅਤੇ 16 ਲਾਪਤਾ ਹਨ। ਮੀਂਹ ਕਾਰਨ 2.56 ਕਰੋੜ ਰੁਪਏ ਦੀ ਸਰਕਾਰੀ ਤੇ ਗ਼ੈਰ-ਸਰਕਾਰੀ ਜਾਇਦਾਦ ਤਬਾਹ ਹੋ ਗਈ ਹੈ।

ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤਕ ਸੂਬੇ ਦੇ ਲੋਕਾਂ ਨੂੰ ਬਾਰਿਸ਼ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਸੂਬੇ ਵਿਚ ਭਲਕੇ ਅਤੇ ਪਰਸੋਂ ਲਈ ਔਰੇਂਜ ਅਲਰਟ ਅਤੇ 28 ਤੋਂ 30 ਜੂਨ ਤਕ ਯੈਲੋ ਅਲਰਟ ਦਿਤਾ ਗਿਆ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ 25 ਜੂਨ ਨੂੰ ਸੂਬੇ ‘ਚ ਆਮ ਨਾਲੋਂ 247 ਫ਼ੀ ਸਦੀ ਜ਼ਿਆਦਾ ਮੀਂਹ ਪਿਆ। 19 ਤੋਂ 25 ਜੂਨ ਦਰਮਿਆਨੇ ਨਾਲੋਂ 114 ਫ਼ੀ ਸਦੀ ਜ਼ਿਆਦਾ ਬਾਰਿਸ਼ ਹੋਈ। ਅਗਲੇ ਚਾਰ-ਪੰਜ ਦਿਨਾਂ ਤਕ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਊਨਾ, ਲਾਹੌਲ ਸਪਿਤੀ ਅਤੇ ਕਿਨੌਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਆਮ ਨਾਲੋਂ ਕਈ ਗੁਣਾ ਜ਼ਿਆਦਾ ਮੀਂਹ ਪਿਆ ਹੈ। ਸੋਲਨ ਜ਼ਿਲ੍ਹੇ ਵਿਚ ਆਮ ਨਾਲੋਂ 298 ਫ਼ੀ ਸਦੀ, ਹਮੀਰਪੁਰ ਵਿਚ 295 ਅਤੇ ਮੰਡੀ ਵਿਚ 278 ਫ਼ੀ ਸਦੀ ਵੱਧ ਮੀਂਹ ਪਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-