ਫ਼ੁਟਕਲ

ਮੋਟਾਪਾ ਦੂਰ ਕਰਨ ਦੀ ਗੋਲੀ ਹੁਣ ਦੂਰ ਨਹੀਂ

 

ਅਮਰੀਕੀ ਦਵਾਈ ਕੰਪਨੀ ਨੇ ਪਾਸ ਕੀਤਾ ਮੋਟਾਪਾ ਦੂਰ ਕਰਨੀ ਵਾਲੀ ਗੋਲੀ ਦਾ ਦੂਜਾ ਟਰਾਇਲ
9 ਮਹੀਨਿਆਂ ’ਚ 10 ਫ਼ੀ ਸਦੀ ਭਾਰ ਘਟਾਉਂਦੀ ਹੈ ਰੋਜ਼ ਖਾਧੀ ਜਾਣ ਵਾਲੀ ਗੋਲੀ

ਨਿਊਯਾਰਕ: ਅਮਰੀਕੀ ਦਵਾਈ ਕੰਪਨੀ ਐਲੀ ਲਿਲੀ ਨੇ ਇਕ ਨਵੀਂ ਗੋਲੀ ਵਿਕਸਤ ਕੀਤੀ ਹੈ ਜੋ ਕਿ ਭਾਰ ਘਟਾਉਣ ’ਚ ਕਾਫ਼ੀ ਅਸਰਦਾਰ ਸਾਬਤ ਹੋਈ ਹੈ। ਗੋਲੀ ਨੇ ਦੂਜੇ ਪੜਾਅ ਦੀ ਪਰਖ ਪਾਸ ਕਰ ਲਈ ਹੈ। ਪਰਖ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਗੋਲੀ ਖ਼ੂਨ ’ਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ’ਚ ਵੀ ਮਦਦ ਕਰਦੀ ਹੈ।

ਓਰਫਰਗਲਿਪਰੀਨ ਨਾਂ ਦੀ ਦਵਾਈ ਮੋਟਾਪਾ ਘਟਾਉਣ ਲਈ ਸਰੀਰ ’ਚ ਮੌਜੂਦ ਗਲੂਕਾਜੇਨ-ਵਰਗੇ ਪੇਪਟਾਈਡ-1 (ਜੀ.ਐਲ.ਪੀ.-1) ਨੂੰ ਅਪਣਾ ਨਿਸ਼ਾਨਾ ਬਣਾਉਂਦੀ ਹੈ। ਇਹ ਗੋਲੀ ਇਸ ਸਮੇਂ ਬਾਜ਼ਾਰ ’ਚ ਮੋਟਾਪਾ ਘਟਾਉਣ ਵਾਲੇ ਮੌਜੂਦਾ ਟੀਕਿਆਂ ਦੀ ਥਾਂ ਵੀ ਲੈ ਸਕਦੀ ਹੈ।

ਭਾਰ ਘਟਾਉਣ ਲਈ ਵਰਤੇ ਜਾਂਦੇ ਨੋਵੋ ਨੋਰਡਿਸਕ ਕੰਪਨੀ ਦੇ ਓਜ਼ਮਪਿਕ ਅਤੇ ਵੋਗੀਵੀ ਨਾਮਕ ਟੀਕਿਆਂ ਨੂੰ ਪਿੱਛੇ ਜਿਹੇ ਮਨਜ਼ੂਰੀ ਮਿਲੀ ਸੀ ਜੋ ਕਿ ਹਫ਼ਤੇ ’ਚ ਇਕ ਦਿਨ ਲਾਉਣੇ ਪੈਂਦੇ ਹਨ। ਇਸ ਤੋਂ ਇਲਾਵਾ ਲਿਲੀ ਦਾ ਹੀ ਮੋਨਜਾਰੋ ਟੀਕਾ ਵੀ ਬਾਜ਼ਾਰ ’ਚ ਹੈ ਜੋ ਭਾਰ ਘਟਾਉਣ ਦਾ ਕੰਮ ਕਰਦਾ ਹੈ।

ਕੰਪਨੀ ਨੇ ਕਿਹਾ ਹੈ ਕਿ ਉਸ ਨੇ ਤੀਜੇ ਪੜਾਅ ਦੀ ਪਰਖ ਵੀ ਸ਼ੁਰੂ ਕਰ ਦਿਤੀ ਹੈ। ਚੌਥੇ ਪੜਾਅ ਦੀ ਪਰਖ ਪਾਸ ਕਰਨ ਤੋਂ ਬਾਅਦ ਦਵਾਈ ਨੂੰ ਬਾਜ਼ਾਰ ’ਚ ਉਤਾਰਨ ਦਾ ਲਾਇਸੈਂਸ ਮਿਲ ਜਾਂਦਾ ਹੈ।

‘ਨਿਊ ਇੰਗਲੈਂਡ ਜਰਨਲ’ ਨਾਮ ਰਸਾਲੇ ਅਨੁਸਾਰ ਦੂਜੇ ਪੜਾਅ ਦੀ ਪਰਖ 272 ਵਿਅਕਤੀਆਂ ’ਤੇ ਕੀਤੀ ਗਈ ਜਿਨ੍ਹਾਂ ਦਾ ਔਸਤਨ ਭਾਰ 108.7 ਕਿੱਲੋ ਸੀ। ਪਰਖ ਦੌਰਾਨ ਗੋਲੀ ਦੀ 12 ਤੋਂ 45 ਮਿਲੀਗ੍ਰਾਮ ਦੀ ਖੁਰਾਕ ਦੀ ਜਾਂਚ ਕੀਤੀ ਗਈ ਸੀ।

9 ਮਹੀਨਿਆਂ ਬਾਅਦ ਆਏ ਨਤੀਜਿਆਂ ਅਨੁਸਾਰ ਗੋਲੀ ਖਾਣ ਵਾਲਿਆਂ ਦੇ ਭਾਰ ’ਚ 10 ਤੋਂ 14.7 ਫ਼ੀ ਸਦੀ ਦੀ ਕਮੀ ਦਰਜ ਕੀਤੀ ਗਈ। ਜਦਕਿ ਹੋਰਨਾਂ ਦਵਾਈਆਂ ਦੀ ਵਰਤੋਂ ਕਰਨ ਵਾਲਿਆਂ ਦੇ ਭਾਰ ’ਚ 2.3 ਫ਼ੀ ਸਦੀ ਦੀ ਕਮੀ ਦਰਜ ਕੀਤੀ ਗਈ। ਇਹ ਕਮੀ 46 ਤੋਂ 75 ਫ਼ੀ ਸਦੀ ਵਿਅਕਤੀ ’ਤੇ ਦਰਜ ਕੀਤੀ ਗਈ, ਜਦਕਿ ਹੋਰ ਦਵਾਈਆਂ ਲੈਣ ਵਾਲੇ ਸਿਰਫ਼  ਫ਼ੀ ਸਦੀ ਵਿਅਕਤੀਆਂ ਦੇ ਭਾਰ ’ਚ ਕਮੀ ਦਰਜ ਕੀਤੀ ਗਈ।

ਅਮਰੀਕਾ ਦੇ ਸੈਨਟੀਆਗੋ ਵਿਖੇ ਅਮਰੀਕਨ ਡਾਇਬਿਟੀਜ਼ ਐਸੋਸੀਏਸ਼ਨ ਕਾਨਫ਼ਰੰਸ ’ਚ ਪੇਸ਼ ਕੀਤੇ ਨਤੀਜਿਆਂ ਅਨੁਸਾਰ ਇਹ ਦਵਾਈ ਖਾਣ ਵਾਲਿਆਂ ਦੇ ਕੋਲੈਸਟਰੋਲ ਦੇ ਪੱਧਰ ਨਾਲ ਹੀ ਖ਼ੂਨ ’ਚ ਸ਼ੂਗਰ ਦੀ ਮਾਤਰਾ ’ਚ ਵੀ ਕਮੀ ਵੇਖੀ ਗਈ।

ਵਾਰਟਨ ਮੈਡੀਕਲ ਕਲੀਨਿਕ ਦੇ ਡਾ. ਸੀਨ ਵਾਰਟਨ ਨੇ ਇਕ ਬਿਆਨ ’ਚ ਕਿਹਾ, ‘‘ਅਸੀਂ ਮੰਨਦੇ ਹਾਂ ਕਿ ਮੋਟਾਪਾ ਕੌਮਾਂਤਰੀ ਮਹਾਂਮਾਰੀ ਹੈ ਅਤੇ ਇਸ ਨਾਲ ਨਜਿੱਠਣ ਲਈ ਅਸਰਦਾਰ ਦਵਾਈਆਂ ਤੇ ਪ੍ਰਸ਼ਾਸਨਿਕ ਜ਼ਰੀਆਂ ਦੀ ਜ਼ਰੂਰਤ ਹੈ।’’

ਉਨ੍ਹਾਂ ਕਿਹਾ ਕਿ ਓਰਫਰਗਲਿਪਰੀਨ ਗੋਲੀ ਨੂੰ ਰੋਜ਼ਾਨਾ ਕਿਸੇ ਵੀ ਭੋਜਨ ਜਾਂ ਪਾਣੀ ਦੀਆਂ ਬੰਦਿਸ਼ਾਂ ਤੋਂ ਬਗ਼ੈਰ ਖਾਧਾ ਜਾ ਸਕਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-