ਫ਼ੁਟਕਲ

ਪੰਜਾਬ ‘ਚ ਸੈਕੰਡਰੀ ਸਿਹਤ ਸੇਵਾਵਾਂ ਅਪਗ੍ਰੇਡ ਕਰਨ ਲਈ ਡਾ. ਬਲਬੀਰ ਸਿੰਘ ਵੱਲੋਂ ਪੰਜਾਬ ਦੌਰੇ ਦਾ ਪਟਿਆਲਾ ਤੋਂ ਆਗ਼ਾਜ਼

ਚੰਡੀਗੜ੍ਹ  – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ‘ਤੇ ਸੂਬੇ ਦੇ ਸਰਕਾਰੀ ਹਸਪਤਾਲਾਂ ਅੰਦਰ ਸੈਕੰਡਰੀ ਸਿਹਤ ਸੇਵਾਵਾਂ ਅਪਗ੍ਰੇਡ ਕਰਕੇ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਮਿਆਰੀ ਸਿਹਤ ਸਹੂਲਤਾਂ ਮੁਫ਼ਤ ਪ੍ਰਦਾਨ ਕਰਨ ਲਈ ਆਪਣੇ ਦੋ ਦਿਨਾਂ ਪੰਜਾਬ ਦੌਰੇ ਦੀ ਸ਼ੁਰੂਆਤ ਪਟਿਆਲਾ ਜ਼ਿਲ੍ਹੇ ਤੋਂ ਕੀਤੀ।

ਇਸ ਮੌਕੇ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਸੂਬੇ ਦੇ ਸਰਕਾਰੀ ਹਪਸਤਾਲਾਂ ਅੰਦਰ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਰੀਜ ਸਹੂਲਤ ਸੈਂਟਰਾਂ (ਫੈਸਿਲੀਟੇਸ਼ਨ ਸੈਂਟਰ) ਦੀ ਸ਼ੁਰੂਆਤ ਕਰਕੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਖੇਤਰ ਵਿੱਚ ਨਵਾਂ ਇਨਲਾਬ ਲਿਆਂਦਾ ਜਾਵੇਗਾ, ਜਿਸ ਲਈ ਪੂਰਾ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਦੌਰੇ ਦੀ ਸ਼ੁਰੂਆਤ ਮੌਕੇ ਵਿਧਾਇਕ ਗੁਰਲਾਲ ਘਨੌਰ ਦੇ ਨਾਲ ਕਮਿਉਨਿਟੀ ਹਸਪਤਾਲ, ਘਨੌਰ ਦੀ ਜਮੀਨੀ ਹਕੀਕਤ ਜਾਨਣ ਲਈ ਡਾਕਟਰਾਂ ਤੇ ਮਰੀਜਾਂ ਨਾਲ ਗੱਲਬਾਤ ਕਰਕੇ ਹਸਪਤਾਲ ਦੀ ਨਵੀਂ ਤੇ ਪੁਰਾਣੀ ਇਮਾਰਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਘਨੌਰ ਦੇ ਹਸਪਤਾਲ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਕਰਨਗੇ।

ਇਸ ਤੋਂ ਬਾਅਦ ਡਾ. ਬਲਬੀਰ ਸਿੰਘ ਨੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਦਾ ਨਿਰੀਖਣ ਕੀਤਾ ਅਤੇ ਮਗਰੋਂ ਉਨ੍ਹਾਂ ਨੇ ਸਿਵਲ ਹਸਪਤਾਲ ਨਾਭਾ ਵਿਖੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਨਾਲ ਹਸਪਤਾਲ ਦੀ ਨਵੀਂ ਬਣ ਰਹੀ ਇਮਾਰਤ ਦਾ ਦੌਰਾ ਕਰਕੇ ਇਥੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਬਣਾਈ ਜਾ ਰਹੀ ਰਣਨੀਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਪ੍ਰਦੀਪ ਅਗਰਵਾਲ ਵੀ ਮੌਜੂਦ ਸਨ।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਵੀ ਬਦਲਾਓ ਹੈ ਕਿ ਡਾਕਟਰਾਂ ਤੇ ਮਰੀਜਾਂ ਨੂੰ ਮਿਲਕੇ ਕਮੀਆਂ ਪੇਸ਼ੀਆਂ ਜਾਣਕੇ ਉਨ੍ਹਾਂ ਨੂੰ ਦੂਰ ਕਰਨ ਲਈ ਸਿਹਤ ਮੰਤਰੀ ਖ਼ੁਦ ਫ਼ੀਲਡ ਵਿੱਚ ਨਿੱਕਲੇ ਹਨ ਤੇ ਆਪਣਾ ਪੂਰੇ ਪੰਜਾਬ ਦਾ ਦੌਰਾ ਮੁਕੰਮਲ ਕਰਕੇ ਮੁੱਖ ਮੰਤਰੀ ਨੂੰ ਰਿਪੋਰਟ ਦੇਣਗੇ ਤਾਂ ਕਿ ਸੂਬੇ ਦੇ ਸਿਹਤ ਖੇਤਰ ਵਿੱਚ ਕਰਾਂਤੀਕਾਰੀ ਸੁਧਾਰ ਲਿਆਂਦਾ ਜਾ ਸਕੇ।

ਸਿਹਤ ਮੰਤਰੀ ਨੇ ਕਿਹਾ, ‘ਭਗਵੰਤ ਮਾਨ ਸਰਕਾਰ ਨੇ ‘ਸਾਰਿਆਂ ਲਈ ਸਿਹਤ, ਵਧੀਆ ਸਿੱਖਿਆ ਤੇ ਰੋਜ਼ਗਾਰ’ ਦਾ ਵਾਅਦਾ ਪੂਰਾ ਕੀਤਾ ਹੈ।’ ਇਸੇ ਤਹਿਤ ਹੀ ਸੂਬੇ ਅੰਦਰ 560 ਆਮ ਆਦਮੀ ਕਲੀਨਿਕ ਖੋਲ੍ਹਕੇ ਪ੍ਰਾਇਮਰੀ ਸਿਹਤ ‘ਚ ਸੁਧਾਰ ਕੀਤਾ ਅਤੇ ਹੁਣ ਬਾਕੀ ਹਸਪਤਾਲਾਂ ‘ਚ ਸੈਕੰਡਰੀ ਸਿਹਤ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਉਹ ਰਾਜ ਭਰ ‘ਚ ਜਾ ਰਹੇ ਹਨ ਜਦਕਿ ਟਰਸ਼ਰੀ ਕੇਅਰ ਵਜੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ‘ਚ ਸੁਧਾਰ ਕਰਕੇ ਸ਼ੁਰੂਆਤ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਹਸਪਤਾਲਾਂ ‘ਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਕੇ ਪਹਿਲਾਂ ਪਏ ਸਾਜੋ-ਸਾਮਾਨ ਦੀ ਬਿਹਤਰੀਨ ਢੰਗ ਨਾਲ ਸੁਚੱਜੀ ਵਰਤੋਂ ਵੀ ਯਕੀਨੀ ਬਣਾਈ ਜਾਵੇਗੀ। ਸੈਕੰਡਰੀ ਕੇਅਰ ਵਿੱਚ ਕਮਿਉਨਿਟੀ ਹੈਲਥ ਸੈਂਟਰ, ਸਬ ਡਵੀਜਨ ਹਸਪਤਾਲ ਤੇ ਜ਼ਿਲ੍ਹਾ ਹਸਪਤਾਲਾਂ ਨੂੰ ਅਪਗ੍ਰੇਡ ਕਰਕੇ ਇੱਥੇ ਡਾਕਟਰ, ਨਰਸਿੰਗ, ਫਾਰਮਾਸਿਸਟ, ਪੈਰਾਮੈਡੀਕਲ ਸਟਾਫ਼, ਦਵਾਈਆਂ ਤੇ ਸਮੁੱਚਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ। ਜਦਕਿ ਹਾਊਸ ਜਾਬ ਲਈ 550 ਮੈਡੀਕਲ ਭਰਤੀ ਕੀਤੇ ਗਏ ਹਨ ਤੇ ਇਹ ਜੁਲਾਈ ਤੋਂ ਤਾਇਨਾਤ ਹੋ ਜਾਣਗੇ।

ਡਾ. ਬਲਬੀਰ ਸਿੰਘ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਐਨ.ਐਚ.ਐਮ. ਦਾ ਫੰਡ ਰੋਕਣ ਨੂੰ ਗ਼ੈਰਸੰਵਿਧਾਨਿਕ ਤੇ ਬਦਲਾਖੋਰੀ ਕਰਾਰ ਦਿੰਦਿਆਂ ਕਿਹਾ ਕਿ ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਿਹਤ ਖੇਤਰ ‘ਚ ਸੁਧਾਰ ਲਈ ਫੰਡਾਂ ਦੀ ਕੋਈ ਘਾਟ ਨਹੀਂ ਛੱਡੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਵਿਭਾਗ ਦੀ ਮਦਦ ਲਈ ਅੱਗੇ ਆਏ ਆਈ.ਐਮ.ਏ ਪੰਜਾਬ ਦੇ ਪ੍ਰਧਾਨ ਡਾ. ਭਗਵੰਤ ਸਿੰਘ ਅਤੇ ਦਿਲ ਦੇ ਰੋਗਾਂ ਦੇ ਮਾਹਰ ਡਾ. ਸੁਧੀਰ ਵਰਮਾ ਵੱਲੋਂ ਦਿੱਤੀ ਗੈਪ ਅਨੈਲਾਸਿਸ ਦੀ ਰਿਪੋਰਟ ਦੇ ਆਧਾਰ ‘ਤੇ ਪੰਜਾਬ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ।

ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਤੇ ਗੁਰਦੇਵ ਸਿੰਘ ਦੇਵ ਮਾਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਪ੍ਰਦੀਪ ਅਗਰਵਾਲ, ਕਰਨਲ ਜੇ.ਵੀ ਸਿੰਘ, ਬਲਵਿੰਦਰ ਸੈਣੀ, ਡਾ. ਸੁਧੀਰ ਵਰਮਾ, ਆਈ.ਐਮ.ਏ. ਪ੍ਰਧਾਨ ਡਾ. ਭਗਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਚਰਨਜੀਤ ਸਿੰਘ ਤੇ ਪਰਲੀਨ ਕੌਰ ਕਾਲੇਕਾ, ਸਿਵਲ ਸਰਜਨ ਡਾ. ਰਮਿੰਦਰ ਕੌਰ, ਡੀ.ਐਸ.ਪੀ. ਰਘਬੀਰ ਸਿੰਘ, ਐਸ.ਐਮ.ਓਜ ਡਾ. ਕਿਰਨਜੋਤ ਕੌਰ, ਡਾ. ਜਗਪਾਲਇੰਦਰ ਸਿੰਘ ਤੇ ਡਾ. ਸੰਜੇ ਗੋਇਲ ਸਮੇਤ ਹੋਰ ਮੈਡੀਕਲ ਅਧਿਕਾਰੀ ਵੀ ਹਾਜਰ ਸਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-