ਪ੍ਰਧਾਨ ਮੰਤਰੀ ਮੋਦੀ ਨੇ ਪੰਜ ਵੰਦੇ ਭਾਰਤ ਰੇਲ ਗੱਡੀਆਂ ਨੂੰ ਵਿਖਾਈ ਹਰੀ ਝੰਡੀ
ਭੋਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦਾ ਦੌਰਾ ਕੀਤਾ ਅਤੇ ਦੇਸ਼ ਦੇ ਵੱਖੋ-ਵੱਖ ਹਿੱਸਿਆਂ ’ਚ ਅਹਿਮ ਸ਼ਹਿਰਾਂ ਨੂੰ ਜੋੜਨ ਵਾਲੀਆਂ ਪੰਜ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾਈ।
ਇਸ ਮੌਕੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਜਯੋਤੀਰਾਦਿਤਿਆ ਸਿੰਧੀਆ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।
ਪ੍ਰਧਾਨ ਮੰਤਰੀ ਨੇ ਅਪਣੇ ਟਵੀਟ ’ਚ ਕਿਹਾ, ‘‘ਇਹ ਰੇਲ ਗੱਡੀਆਂ, ਮੱਧਰ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਗੋਆ, ਬਿਹਾਰ ਅਤੇ ਝਾਰਖੰਡ ਵਿਚਕਾਰ ਸੰਪਰਕ ਨੂੰ ਵਧਾਉਣਗੀਆਂ।’’
ਇਕ ਬਿਆਨ ਅਨੁਸਾਰ, ਰਾਣੀ ਕਮਲਾਪਤੀ (ਭੋਪਾਲ), ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ, ਖਜੁਰਾਹੋ-ਭੋਗਾਲ-ਇੰਦੌਰ ਵੰਡੇ ਭਾਰਤ ਐਕਸਪ੍ਰੈੱਸ, ਮਡਗਾਉਂ (ਗੋਆ)-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ, ਧਾਰਵਾੜ-ਬੇਂਗਲੁਰੂ ਵੰਦੇ ਭਾਰਤ ਐਕਸਪ੍ਰੈੱਸ, ਅਤੇ ਹਟੀਆ-ਪਟਨਾ ਵੰਦੇ ਭਾਰਤ ਐਕਸਪ੍ਰੈੱਸ, ਇਹ ਸਾਰੀਆਂ ਹਾਈ-ਸਪੀਡ ਰੇਲ ਗੱਡੀਆਂ ਹਨ।
ਰਾਣੀ ਕਮਲਾਪਤੀ-ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ ਮਹਾਕੌਸ਼ਲ ਖੇਤਰ (ਜਬਲਪੁਰ) ਨੂੰ ਮੱਧ ਪ੍ਰਦੇਸ਼ ਦੇ ਮੱਧ ਖੇਤਰ (ਭੋਪਾਲ) ਨਾਲ ਜੋੜੇਗੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਵਲੋਂ ਪਹਿਲਾਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਬਿਹਤਰ ਸੰਪਰਕ ਨਾਲ ਭੇੜਾਘਾਟ, ਪੰਚਮੜ੍ਹੀ ਅਤੇ ਸਤਪੁੜਾ ਆਦਿ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਵੀ ਲਾਭ ਹੋਵੇਗਾ। ਇਸ ’ਚ ਕਿਹਾ ਗਿਆ ਹੈ ਕਿ ਇਹ ਰੇਲ ਗੱਡੀ ਰੂਟ ’ਤੇ ਮੌਜੂਦਾ ਸਭ ਤੋਂ ਤੇਜ਼ ਰੇਲ ਗੱਡੀ ਤੋਂ ਲਗਭਗ 30 ਮਿੰਟ ਤੇਜ਼ ਹੋਵੇਗੀ।
ਪਤਿਆਉਣ ਅਤੇ ਵੋਟ ਬੈਂਕ ਨਹੀਂ, ਬਲਕਿ ਸੰਤੁਸ਼ਟੀਕਰਨ ਦੇ ਰਸਤੇ ਚਲੇਗੀ ਭਾਜਪਾ : ਮੋਦੀ
ਕਿਹਾ, ਭਾਜਪਾ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਬਣਾਉਣ ’ਚ ਮੱਧ ਪ੍ਰਦੇਸ਼ ਦੀ ਵੱਡੀ ਭੂਮਿਕਾ
ਭੋਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤੈਅ ਕੀਤਾ ਹੈ ਕਿ ਉਹ ਲੋਕਾਂ ਨੂੰ ਪਤਿਆਉਣ ਅਤੇ ਵੋਟਬੈਂਕ ਦੀ ਸਿਆਸਤ ਦੀ ਬਜਾਏ ‘ਸੰਤੁਸ਼ਟੀਕਰਨ’ ਦੇ ਰਾਹ ’ਤੇ ਚਲੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਵੱਖੋ-ਵੱਖ ਹਿੱਸਿਆਂ ’ਚ ਅਹਿਮ ਸ਼ਹਿਰਾਂ ਨੂੰ ਜੋੜਨ ਵਾਲੀਆਂ ਪੰਜ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਭਾਜਪਾ ਦੇ ‘ਮੇਰਾ ਬੂਥ ਸਭ ਤੋਂ ਮਜ਼ਬੂਤ’ ਪ੍ਰੋਗਰਾਮ ’ਚ ਕਿਹਾ, ‘‘ਪਾਰਟੀ ਕਾਰਕੁਨ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਹਨ।’’
ਮੋਦੀ ਨੇ ਕਿਹਾ ਕਿ ਭਾਜਪਾ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਬਣਾਉਣ ’ਚ ਮੱਧ ਪ੍ਰਦੇਸ਼ ਦੀ ਵੱਡੀ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਏ.ਸੀ. ਦਫ਼ਤਰਾਂ ’ਚ ਬੈਠ ਕੇ ਹੁਕਮ ਜਾਰੀ ਨਹੀਂ ਕਰਦੇ, ਅਸੀਂ ਸਖ਼ਤ ਮੌਸਮ ’ਚ ਜਨਤਾ ਵਿਚਕਾਰ ਜਾਂਦੇ ਹਾਂ।’
ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਤਿੰਨ ਤਲਾਕ ਦੀ ਹਮਾਇਤ ਕਰਨ ਵਾਲੇ ਵੋਟ ਬੈਂਕ ਦੇ ਭੁੱਖੇ ਲੋਕ ਮੁਸਲਮਾਨ ਬੇਟੀਆਂ ਨਾਲ ਘੋਰ ਅਨਿਆਂ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਤਿੰਨ ਤਲਾਕ ਇਸਲਾਮ ਦਾ ਜ਼ਰੂਰੀ ਅੰਗ ਹੈ ਤਾਂ ਪਾਕਿਸਤਾਨ, ਕਤਰ, ਜੌਰਡਨ ’ਚ ਕਿਉਂ ਨਹੀਂ ਹੈ। ਉਥੇ ਕਿਉਂ ਬੰਦ ਕਰ ਦਿਤਾ ਗਿਆ ਹੈ। ਮੈਨੂੰ ਲਗਦਾ ਹੈ ਕਿ ਮੁਸਲਮਾਨ ਬੇਟੀਆਂ ’ਤੇ ਤਿੰਨ ਤਲਾਕ ਦਾ ਫੰਦਾ ਲਟਕਾ ਕੇ ਉਨ੍ਹਾਂ ’ਤੇ ਅਤਿਆਚਾਰ ਦੀ ਖੁਲ੍ਹੀ ਛੋਟ ਚਾਹੁੰਦ ਹਨ।
ਇਹ ਇਸੇ ਲਈ ਉਸ ਦੀ ਹਮਾਇਤ ਕਰਦੇ ਹਨ। ਜਿਥੋਂ ਤਕ ਮੈਂ ਜਾਣਦਾ ਹਾਂ, ਮੁਸਲਮਾਨ ਭੈਣਾਂ ਭਾਜਪਾ ਅਤੇ ਮੋਦੀ ਨਾਲ ਖੜੀਆਂ ਰਹਿੰਦੀਆਂ ਹਨ।’’