ਭਾਰਤ

ਇਕ ਦਹਾਕੇ ’ਚ ਕਰੀਬ 70,000 ਭਾਰਤੀਆਂ ਨੇ ਸਰੰਡਰ ਕੀਤੇ ਅਪਣੇ ਪਾਸਪੋਰਟ

ਨਵੀਂ ਦਿੱਲੀ: ਪਿਛਲੇ ਇਕ ਦਹਾਕੇ ਵਿਚ ਲਗਭਗ 70,000 ਭਾਰਤੀਆਂ ਨੇ ਅਪਣੇ ਪਾਸਪੋਰਟ ਸਰੰਡਰ ਕੀਤੇ ਹਨ। ਇਕ ਅੰਗਰੇਜ਼ੀ ਵੈਬਸਾਈਟ ’ਤੇ ਪ੍ਰਕਾਸ਼ਤ ਰਿਪੋਰਟ ਮੁਤਾਬਕ 2011 ਤੋਂ 2022 ਦਰਮਿਆਨ ਦੇਸ਼ ਦੇ ਵੱਖ-ਵੱਖ ਖੇਤਰੀ ਪਾਸਪੋਰਟ ਦਫ਼ਤਰਾਂ ਵਿਚ 69,303 ਭਾਰਤੀਆਂ ਨੇ ਅਪਣੇ ਪਾਸਪੋਰਟ ਸਰੰਡਰ ਕੀਤੇ ਹਨ। ਪਾਸਪੋਰਟ ਸਰੰਡਰ ਕਰਨ ਵਾਲੇ 90 ਫ਼ੀ ਸਦੀ ਲੋਕ ਗੋਆ, ਪੰਜਾਬ, ਗੁਜਰਾਤ, ਮਹਾਰਾਸ਼ਟਰ, ਕੇਰਲ, ਤਾਮਿਲਨਾਡੂ, ਦਿੱਲੀ ਅਤੇ ਚੰਡੀਗੜ੍ਹ ਨਾਲ ਸਬੰਧਤ ਹਨ। ਇਕ ਆਰ.ਟੀ.ਆਈ. ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, 2011 ਤੋਂ 2022 ਵਿਚਕਾਰ ਸਰੰਡਰ ਕੀਤੇ ਗਏ 69,303 ਪਾਸਪੋਰਟਾਂ ਵਿਚੋਂ, 40.45 ਫ਼ੀ ਸਦੀ ਗੋਆ ਦੇ ਖੇਤਰੀ ਪਾਸਪੋਰਟ ਦਫ਼ਤਰ ਵਿਚ ਸਰੰਡਰ ਕੀਤੇ ਗਏ ਹਨ।

16.21 ਲੱਖ ਤੋਂ ਵੱਧ ਭਾਰਤੀਆਂ ਨੇ ਛੱਡੀ ਨਾਗਰਿਕਤਾ

ਜ਼ਿਕਰਯੋਗ ਹੈ ਕਿ ਇਸ ਮਿਆਦ ਦੌਰਾਨ ਭਾਰਤੀ ਪਾਸਪੋਰਟ ਸਰੰਡਰ ਕਰਨ ਵਾਲਿਆਂ ਦੀ ਗਿਣਤੀ, ਭਾਰਤੀ ਨਾਗਰਿਕਤਾ ਛੱਡਣ ਵਾਲੇ ਲੋਕਾਂ ਨਾਲੋਂ ਕਾਫ਼ੀ ਘੱਟ ਹੈ। ਇਸ ਸਾਲ 24 ਮਾਰਚ ਨੂੰ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਵਲੋਂ ਸੰਸਦ ਨੂੰ ਦਿਤੀ ਜਾਣਕਾਰੀ ਅਨੁਸਾਰ ਪਿਛਲੇ ਸਾਲ 2011 ਤੋਂ 31 ਅਕਤੂਬਰ ਤਕ 16.21 ਲੱਖ ਤੋਂ ਵੱਧ ਭਾਰਤੀਆਂ ਨੇ ਨਾਗਰਿਕਤਾ ਛੱਡੀ ਹੈ। ਆਰ.ਟੀ.ਆਈ. ਐਕਟ ਤਹਿਤ ਪ੍ਰਦਾਨ ਕੀਤੀ ਗਈ ਜਾਣਕਾਰੀ ਵਿਚ ਵਿਦੇਸ਼ਾਂ ’ਚ ਭਾਰਤੀ ਦੂਤਾਵਾਸਾਂ ਅਤੇ ਹਾਈ ਕਮਿਸ਼ਨਾਂ ਵਿਚ ਸਰੰਡਰ ਕੀਤੇ ਪਾਸਪੋਰਟਾਂ ਦੀ ਗਿਣਤੀ ਸ਼ਾਮਲ ਨਹੀਂ ਹੈ।

ਕੀ ਕਹਿੰਦਾ ਹੈ ਭਾਰਤੀ ਨਾਗਰਿਕਤਾ ਕਾਨੂੰਨ 1955?

ਭਾਰਤੀ ਨਾਗਰਿਕਤਾ ਕਾਨੂੰਨ 1955 ਅਨੁਸਾਰ, ਭਾਰਤੀ ਮੂਲ ਦੇ ਲੋਕਾਂ ਨੂੰ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਹੈ। ਜੇਕਰ ਕਿਸੇ ਵਿਅਕਤੀ ਕੋਲ ਭਾਰਤੀ ਪਾਸਪੋਰਟ ਹੈ ਅਤੇ ਉਸ ਨੇ ਕਿਸੇ ਹੋਰ ਦੇਸ਼ ਤੋਂ ਵੀ ਪਾਸਪੋਰਟ ਮਿਲ ਗਿਆ ਹੈ, ਤਾਂ ਉਸ ਨੂੰ ਅਪਣਾ ਭਾਰਤੀ ਪਾਸਪੋਰਟ ਤੁਰਤ ਸਰੰਡਰ ਕਰਨਾ ਹੋਵੇਗਾ।

ਵੱਖ-ਵੱਖ ਸੂਬਿਆਂ ਦੇ ਅੰਕੜੇ

ਦੇਸ਼ ਵਿਚ ਸਰੰਡਰ ਕੀਤੇ ਗਏ 69,303 ਪਾਸਪੋਰਟਾਂ ਵਿਚੋਂ ਸੱਭ ਤੋਂ ਵੱਧ 28,031 ਪਾਸਪੋਰਟ ਗੋਆ ਵਿਚ ਸਰੰਡਰ ਕੀਤੇ ਗਏ। ਇਸ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ ਹੈ। ਪੰਜਾਬ ਵਿਚ (ਚੰਡੀਗੜ੍ਹ ਯੂ.ਟੀ. ਸਮੇਤ) 9557 ਨੇ ਪਾਸਪੋਰਟ ਸਰੰਡਰ ਕੀਤੇ ਹਨ। ਇਹ ਪਾਸਪੋਰਟ ਅੰਮ੍ਰਿਤਸਰ, ਜਲੰਧਰ ਅਤੇ ਚੰਡੀਗੜ੍ਹ ਵਿਚ ਸਰੰਡਰ ਕੀਤੇ ਗਏ ਸਨ। ਪੰਜਾਬ ਤੋਂ ਬਾਅਦ ਗੁਜਰਾਤ ਦਾ ਨੰਬਰ ਆਉਂਦਾ ਹੈ। ਗੁਜਰਾਤ ਦੇ ਅਹਿਮਦਾਬਾਦ ਅਤੇ ਸੂਰਤ ਦੇ ਆਰ.ਪੀ.ਓਜ਼. ਵਿਚ 8918 ਪਾਸਪੋਰਟ ਸਰੰਡਰ ਕੀਤੇ ਗਏ।

ਮਹਾਰਾਸ਼ਟਰ ਵਿਚ, 6545 ਲੋਕਾਂ ਨੇ ਨਾਗਪੁਰ, ਪੁਣੇ ਅਤੇ ਮੁੰਬਈ/ਠਾਣੇ ਵਿਖੇ ਸਥਿਤ ਆਰ.ਪੀ.ਓਜ਼. ਵਿਚ ਅਪਣੇ ਪਾਸਪੋਰਟ ਸਰੰਡਰ ਕੀਤੇ। ਜੇਕਰ ਦੇਸ਼ ਦੇ ਦੱਖਣੀ ਸੂਬਿਆਂ ਦੀ ਗੱਲ ਕਰੀਏ ਤਾਂ ਇਥੇ ਪਹਿਲਾ ਨੰਬਰ ਕੇਰਲ ਦਾ ਹੈ। ਕੇਰਲ ਵਿਚ 3650 ਪਾਸਪੋਰਟ ਸਰੰਡਰ ਕੀਤੇ ਗਏ। ਤਾਮਿਲਨਾਡੂ ਵਿਚ ਪਾਸਪੋਰਟ ਸਰੰਡਰ ਕਰਨ ਵਾਲਿਆਂ ਦੀ ਗਿਣਤੀ 2946 ਹੈ। ਲੋਕ ਸਭਾ ਵਿਚ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2011 ਤੋਂ ਹਰ ਸਾਲ 11,422 ਭਾਰਤੀਆਂ ਨੇ ਅਪਣੀ ਨਾਗਰਿਕਤਾ ਤਿਆਗ ਦਿਤੀ ਹੈ। ਦੂਜੇ ਪਾਸੇ ਇਸ ਸਮੇਂ ਦੌਰਾਨ ਦੇਸ਼ ਭਰ ਦੇ ਆਰ.ਪੀ.ਓਜ਼. ਵਿਚ ਹਰ ਮਹੀਨੇ ਕਰੀਬ 482 ਭਾਰਤੀ ਪਾਸਪੋਰਟ ਸਰੰਡਰ ਕੀਤੇ ਗਏ।

ਇਸ ਖ਼ਬਰ ਬਾਰੇ ਕੁਮੈਂਟ ਕਰੋ-