ਟਾਪ ਨਿਊਜ਼ਭਾਰਤ

UP ‘ਚ ਭੀਮ ਆਰਮੀ ਚੀਫ ਚੰਦਰਸ਼ੇਖਰ ‘ਤੇ ਜਾਨਲੇਵਾ ਹਮਲਾ, ਕਾਰ ਤੋਂ ਆਏ ਹਮਲਾਵਰਾਂ ਨੇ ਚਲਾਈਆਂ ਗੋਲੀਆਂ

ਸਹਾਰਨਪੁਰ: ਉੱਤਰ ਪ੍ਰਦੇਸ਼ ‘ਚ ਸਹਾਰਨਪੁਰ ਦੇ ਦੇਵਬੰਦ ਇਲਾਕੇ ‘ਚ ਭੀਮ ਆਰਮੀ ਚੀਫ ਚੰਦਰਸ਼ੇਖਰ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਉਹ ਦਿੱਲੀ ਤੋਂ ਘਰ ਜਾ ਰਹੇ ਸਨ। ਹਰਿਆਣਾ ਨੰਬਰ ਦੀ ਕਾਰ ਤੋਂ ਆਏ ਹਮਲਾਵਰਾਂ ਨੇ ਚੰਦਰਸ਼ੇਖਰ ‘ਤੇ 4 ਰਾਊਂਡ ਫਾਇਰ ਕੀਤੇ। ਗੋਲੀ ਉਹਨਾਂ ਦੇ ਢਿੱਡ ਨੂੰ ਛੂਹ ਕੇ ਲੰਘ ਗਈ। ਗੋਲੀਬਾਰੀ ਵਿਚ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਚੰਦਰਸ਼ੇਖਰ ਨੂੰ ਦੇਵਬੰਦ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇਥੋਂ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਸਹਾਰਨਪੁਰ ਦੇ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿਤਾ ਗਿਆ ਹੈ।

ਹਸਪਤਾਲ ਦੇ ਬਾਹਰ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ। ਪੁਲਿਸ ਫੋਰਸ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਕੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਜ਼ਿਲ੍ਹਾ ਕੁਲੈਕਟਰ ਅਤੇ ਐਸਐਸਪੀ ਮੌਕੇ ‘ਤੇ ਰਵਾਨਾ ਹੋ ਗਏ ਹਨ। ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਦੇਵਬੰਦ ਵਿਚ ਸੰਗਠਨ ਦੇ ਇੱਕ ਸਾਥੀ ਐਡਵੋਕੇਟ ਅਜੈ ਦੇ ਘਰ ਗਏ ਹੋਏ ਸਨ। ਅਜੇ ਐਡਵੋਕੇਟ ਦੀ ਮਾਤਾ ਦਾ 2 ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਜਿਸ ਕਾਰਨ ਬੁੱਧਵਾਰ ਨੂੰ ਉਸ ਦੇ ਘਰ ਦੁੱਖ ਵੰਡਾਉਣ ਗਏ ਸਨ। ਚੰਦਰਸ਼ੇਖਰ ਜਿਵੇਂ ਹੀ ਵਕੀਲ ਦੇ ਘਰ ਤੋਂ ਬਾਹਰ ਆਏ ਤਾਂ ਕਾਰ ‘ਚ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿਤੀਆਂ।

ਚੰਦਰਸ਼ੇਖਰ ਭੀਮ ਆਰਮੀ ਦੇ ਸਹਿ-ਸੰਸਥਾਪਕ ਅਤੇ ਪ੍ਰਧਾਨ ਹਨ। ਉਹ ਇਕ ਅੰਬੇਡਕਰਵਾਦੀ ਕਾਰਕੁਨ ਅਤੇ ਵਕੀਲ ਹਨ। ਆਜ਼ਾਦ, ਸਤੀਸ਼ ਕੁਮਾਰ ਅਤੇ ਵਿਨੈ ਰਤਨ ਸਿੰਘ ਨੇ 2014 ਵਿਚ ਭੀਮ ਆਰਮੀ ਦੀ ਸਥਾਪਨਾ ਕੀਤੀ ਸੀ। ਇਹ ਸੰਸਥਾ ਸਿੱਖਿਆ ਰਾਹੀਂ ਭਾਰਤ ਵਿਚ ਦਲਿਤ ਹਿੰਦੂਆਂ ਦੀ ਮੁਕਤੀ ਲਈ ਕੰਮ ਕਰਦੀ ਹੈ। ਇਹ ਪੱਛਮੀ ਉੱਤਰ ਪ੍ਰਦੇਸ਼ ਵਿਚ ਦਲਿਤਾਂ ਲਈ ਮੁਫ਼ਤ ਸਕੂਲ ਚਲਾਉਂਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-