ਹਰਭਜਨ ਮਾਨ ਨੂੰ ਲੱਗਾ ਢਾਈ ਕਰੋੜ ਦੀ ਧੋਖਾਧੜੀ ਦਾ ਦੋਸ਼
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਖ਼ਿਲਾਫ਼ ਅਰਬਪਤੀ ਐੱਨ. ਆਰ. ਆਈ. ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਹਿਸਾਬ-ਕਿਤਾਬ ’ਚ ਲਗਭਗ ਢਾਈ ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਉਂਦਿਆਂ ਸਿਵਲ ਕੋਰਟ ਮੋਹਾਲੀ ਦਾ ਰੁਖ਼ ਕੀਤਾ ਹੈ। ਅਦਾਲਤ ਨੇ ਹਰਭਜਨ ਮਾਨ ਦੀ ਕੰਪਨੀ ਐੱਚ. ਐੱਮ. ਰਿਕਾਰਡਸ, ਹਰਭਜਨ ਮਾਨ ਤੇ ਗੁਰਬਿੰਦਰ ਸਿੰਘ ਨੂੰ 9 ਜਨਵਰੀ, 2023 ਨੂੰ ਜਵਾਬ ਤੇ ਆਧਾਰ ਦੀ ਜਾਣਕਾਰੀ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ।
ਹਰਵਿੰਦਰ ਸਰਾਂ ਹਾਰਵੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਸੇਵਾ ਦੇ ਮਕਸਦ ਨਾਲ ਪੰਜਾਬੀ ਫ਼ਿਲਮ ਜਗਤ ’ਚ ਕਦਮ ਰੱਖਿਆ ਸੀ। ਇਸ ਲਈ ਉਨ੍ਹਾਂ ਨੇ ਆਪਣੇ ਦੋਸਤ ਐੱਨ. ਆਰ. ਆਈ. ਦਰਸ਼ਨ ਰੰਗੀ ਨਾਲ ਮਿਲ ਕੇ ਸਾਰੰਗ ਫ਼ਿਲਮ ਪ੍ਰੋਡਕਸ਼ਨਜ਼ ਕੰਪਨੀ ਬਣਾਈ। ਦੋਵਾਂ ਨੇ ਪੰਜਾਬੀ ਫ਼ਿਲਮ ਜਗਤ ’ਚ ਵੱਡਾ ਨਿਵੇਸ਼ ਕਰਦਿਆਂ ਸੁਪਨੇ ਦੇਖੇ। ਕੈਨੇਡਾ ਦੇ ਵੈਨਕੂਵਰ ਤੋਂ ਹਰਵਿੰਦਰ ਸਰਾਂ ਨੇ ਦੱਸਿਆ ਕਿ ਹਰਭਜਨ ਮਾਨ ਨਾਲ ਉਸ ਦੀ 30 ਸਾਲ ਪੁਰਾਣੀ ਜਾਣ-ਪਛਾਣ ਹੈ।
ਹਰਭਜਨ ਮਾਨ ਨੇ ਉਨ੍ਹਾਂ ਨੂੰ ਪੰਜਾਬ ਦੇ ਸਰਗਰਮ ਮੁੱਦੇ ਪੰਜਾਬੀਆਂ ਦੇ ਪ੍ਰਵਾਸ ’ਤੇ ਆਧਾਰਿਤ ਫ਼ਿਲਮ ‘ਪੀ. ਆਰ.’ ਬਣਾਉਣ ਦੀ ਪੇਸ਼ਕਸ਼ ਕੀਤੀ। ਇਸ ਦਾ ਬਜਟ 4 ਕਰੋੜ 68 ਲੱਖ ਰੁਪਏ ਸੀ। ਫ਼ਿਲਮ ਦਾ ਵਿਸ਼ਾ ਪਸੰਦ ਆਉਣ ਤੋਂ ਬਾਅਦ ਹਾਰਵੀ ਨੇ ਮਾਨ ਨਾਲ ਐੱਮ. ਓ. ਯੂ. ਸਾਈਨ ਕੀਤਾ। ਇਸ ਮੁਤਾਬਕ ਦੋਵਾਂ ਨੂੰ ਫ਼ਿਲਮ ਨਿਰਮਾਣ ’ਤੇ ਅੱਧਾ ਖਰਚ ਕਰਨਾ ਪਵੇਗਾ।
ਹਾਰਵੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਹਿੱਸੇ ਦੇ 2 ਕਰੋੜ 36 ਲੱਖ ਰੁਪਏ ਚੈੱਕ ਰਾਹੀਂ ਅਦਾ ਵੀ ਕਰ ਦਿੱਤੇ ਪਰ ਹਰਭਜਨ ਮਾਨ ਨੇ ਫ਼ਿਲਮ ਨਿਰਮਾਣ ’ਤੇ ਇਕ ਵੀ ਪੈਸਾ ਨਹੀਂ ਲਗਾਇਆ ਤੇ ਬੇਹੱਦ ਘੱਟ ਬਜਟ ’ਚ ਕੰਮ ਕਰ ਲਿਆ। ਹਰਭਜਨ ਮਾਨ ਨੇ ਵਾਅਦੇ ਮੁਤਾਬਕ ਨਾਮਵਰ ਪੰਜਾਬੀ ਕਲਾਕਾਰਾਂ ਦੀ ਜਗ੍ਹਾ ਕਈ ਨਵੇਂ ਚਿਹਰੇ ਫ਼ਿਲਮ ’ਚ ਲਏ।
ਫ਼ਿਲਮ ਦੀ 95 ਫ਼ੀਸਦੀ ਸ਼ੂਟਿੰਗ ਕੈਨੇਡਾ ਤੇ ਹੋਰਨਾਂ ਦੇਸ਼ਾਂ ’ਚ ਕੀਤੀ ਗਈ। 30 ਤੋਂ 40 ਦਿਨ ਕੈਨੇਡਾ ਤੇ 20 ਤੋਂ 30 ਦਿਨ ਅਮਰੀਕਾ ’ਚ ਸ਼ੂਟਿੰਗ ਹੋਈ ਤੇ ਬਾਕੀ ਸੀਨ ਭਾਰਤ ’ਚ ਸ਼ੂਟ ਕੀਤੇ ਗਏ। ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਹਰਭਜਨ ਮਾਨ ’ਤੇ ਸਾਥੀ ਕਲਾਕਾਰਾਂ ਨੂੰ ਵੀ ਪੂਰਾ ਮਿਹਨਤਾਨਾ ਨਾ ਦੇਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਕਈ ਚੰਗੇ ਗੀਤ ਵੀ ਫ਼ਿਲਮ ਤੋਂ ਹਟਾ ਦਿੱਤੇ ਗਏ।
ਐੱਮ. ਓ. ਯੂ. ਦੀਆਂ ਸ਼ਰਤਾਂ ਮੁਤਾਬਕ ਸ਼ੂਟਿੰਗ ਦੌਰਾਨ ਹਰ ਮਹੀਨੇ ਦਾ ਹਿਸਾਬ ਦੇਣ ਦਾ ਸਮਝੌਤਾ ਵੀ ਤੋੜਿਆ ਗਿਆ। ਵਾਰ-ਵਾਰ ਮੰਗਣ ਦੇ ਬਾਵਜੂਦ ਪੱਕੇ ਬਿੱਲ ਨਹੀਂ ਦਿੱਤੇ। ਅਖੀਰ ਇਸੇ ਸਾਲ ਮਈ ’ਚ ਫ਼ਿਲਮ ਰਿਲੀਜ਼ ਕਰ ਦਿੱਤੀ ਗਈ ਤੇ ਸਿਨੇਮਾਘਰਾਂ ’ਚ ਦੋ ਹਫ਼ਤਿਆਂ ਬਾਅਦ ਹੀ ਉਤਰ ਗਈ। ਹਾਰਵੀ ਤੇ ਦਰਸ਼ਨ ਰੰਗੀ ਨੇ ਕਿਹਾ ਕਿ ਉਨ੍ਹਾਂ ਨੇ ਵਾਅਦੇ ਮੁਤਾਬਕ ਪਾਰਦਰਸ਼ੀ ਤਰੀਕੇ ਨਾਲ ਹਰਭਜਨ ਮਾਨ ਨੂੰ ਹਿਸਾਬ-ਕਿਤਾਬ ਲਈ ਕਈ ਵਾਰ ਗੱਲ ਕੀਤੀ ਪਰ ਹਰ ਵਾਰ ਉਨ੍ਹਾਂ ਨੂੰ ਟਾਲ ਦਿੱਤਾ ਜਾਂਦਾ ਤੇ ਅੱਜ ਤਕ ਉਨ੍ਹਾਂ ਨੂੰ ਹਿਸਾਬ ਨਹੀਂ ਦਿੱਤਾ ਗਿਆ। ਅਖੀਰ ਥੱਕ ਹਾਰ ਕੇ ਉਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦੋਵਾਂ ਨੇ ਪੰਜਾਬ ਦੀ ਆਪ ਸਰਕਾਰ ਤੋਂ ਵੀ ਇਨਸਾਫ਼ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਹਰਭਜਨ ਮਾਨ ਤੇ ਉਨ੍ਹਾਂ ਦੇ ਸਾਥੀ ਗੁਰਬਿੰਦਰ ਸਿੰਘ ਨੇ ਇਕ ਅਖ਼ਬਾਰ ਨਾਲ ਸੰਪਰਕ ਕਰਨ ’ਤੇ ਕਿਹਾ ਕਿ ਮਾਮਲਾ ਅਦਾਲਤ ’ਚ ਹੈ। ਅਦਾਲਤ ਦਾ ਜੋ ਵੀ ਫ਼ੈਸਲਾ ਆਵੇਗਾ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਇਸ ਤੋਂ ਇਲਾਵਾ ਉਹ ਇਸ ਮਾਮਲੇ ’ਤੇ ਕੁਝ ਨਹੀਂ ਕਹਿਣਾ ਚਾਹੁੰਦੇ।