ਮੈਗਜ਼ੀਨ

ਪੰਜਾਬੀ ਬੋਲੀ ਦਾ ਪਿਛੋਕੜ, ਭਵਿੱਖ ਅਤੇ ਚੁਣੌਤੀਆਂ

ਮਹਿੰਦਰਪਾਲ ਸਿੰਘ ਧਾਲੀਵਾਲ

ਮਨੁੱਖ ਦੇ ਸਮੁੱਚੇ ਵਿਕਾਸ ਵਿੱਚ ਬੋਲੀ ਦਾ ਸਭ ਤੋਂ ਵੱਡਾ ਯੋਗਦਾਨ ਹੈ ਅਤੇ ਰਹੇਗਾ। ਬੋਲੀ ਵਿਚਾਰਾਂ ਦੇ ਅਦਾਨ-ਪ੍ਰਦਾਨ ਦਾ ਸਾਧਨ ਹੈ ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੀ ਮਨੁੱਖਤਾ ਨੂੰ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਵਿਕਾਸ ਦੀਆਂ ਪੌੜੀਆਂ ਚੜ੍ਹਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ।

ਬੋਲੀ ਦਾ ਵਿਕਾਸ ਵੀ ਸਦੀਆਂ ਵਿੱਚ ਹੋਇਆ ਹੈ। ਬੋਲੀਆਂ ਸਾਰੀਆਂ ਹੀ ਚੰਗੀਆਂ ਤੇ ਪਿਆਰੀਆਂ ਹੁੰਦੀਆਂ ਹਨ। ਬੋਲੀ ਦਾ ਕੰਮ ਮਨੁੱਖ ਦੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਣਾ ਹੁੰਦਾ ਹੈ ਤੇ ਹਰ ਜ਼ੁਬਾਨ ਇਹੋ ਕੰਮ ਬਾਖੂਬੀ ਕਰਦੀ ਹੈ। ਇਹ ਗੱਲ ਵੱਖਰੀ ਹੈ ਕਿ ਹਰ ਇਨਸਾਨ ਨੂੰ ਆਪਣੀ ਮਾਤ-ਭਾਸ਼ਾ ਨਾਲ ਅਥਾਹ ਪਿਆਰ ਹੋਣਾ ਕੁਦਰਤੀ ਹੈ। ਅਸੀਂ ਆਪਣੀ ਮਾਂ-ਬੋਲੀ ਪੰਜਾਬੀ ਨੂੰ ਅਥਾਹ ਪਿਆਰ ਕਰਦੇ ਹਾਂ ਤੇ ਇਸ ਦੇ ਵਿਕਾਸ ਲਈ ਕੁਝ ਲੋਕ ਚੇਤਨ ਰੂਪ ਵਿੱਚ ਕਿਰਿਆਸ਼ੀਲ ਹਨ ਤੇ ਕੁਝ ਅਚੇਤ ਹੀ ਆਪਣੀ ਬੋਲੀ ਦੇ ਵਿਕਾਸ ਵਿੱਚ ਹਿੱਸਾ ਪਾਉਂਦੇ ਰਹਿੰਦੇ ਹਨ।

ਵੈਦਿਕ ਕਾਲ ਸਮੇਂ ਪੰਜਾਬ ਵਿੱਚ ਇਰਾਨ ਤੇ ਅਫ਼ਗਾਨਿਸਤਾਨ ਦੇ ਕੁਝ ਹਿੱਸੇ ਵੀ ਸ਼ਾਮਲ ਸਨ ਤੇ ਸੱਤ ਦਰਿਆ ਪੰਜਾਬ ਵਿੱਚ ਵਗਦੇ ਸਨ। ਵੈਦਿਕ ਕਾਲ ਦਾ ਸਮਾਂ 3500 ਕੁ ਸਾਲ ਪਹਿਲਾਂ ਦਾ ਮਿਥਿਆ ਜਾਂਦਾ ਹੈ, ਉਸ ਸਮੇਂ ਪੰਜਾਬ ਵਿੱਚ ਦ੍ਰਾਵੜ ਲੋਕ ਰਹਿੰਦੇ ਸਨ। ਸੌ ਕੁ ਸਾਲ ਪਹਿਲਾਂ ਮਹਿੰਜੋਦਾਰੋ ਤੇ ਹੜੱਪਾ ਦੇ ਥੇਹਾਂ ਦੀ ਖੁਦਾਈ ਕਰਨ ’ਤੇ ਇਤਿਹਾਸਕਾਰਾਂ ਨੂੰ ਪਤਾ ਚੱਲਿਆ ਕਿ ਉਸ ਸਮੇਂ ਦਾ ਪੰਜਾਬ ਕਾਫ਼ੀ ਅਮੀਰ ਸੀ। ਲੋਕ ਚੰਗੇ ਹਵਾਦਾਰ ਘਰਾਂ ਵਿੱਚ ਰਹਿੰਦੇ ਸਨ। ਖੇਤੀ ਦੇ ਨਾਲ ਵਪਾਰ ਵੀ ਹੋਂਦ ਵਿੱਚ ਆ ਚੁੱਕਾ ਸੀ। ਪਾਣੀ ਦੇ ਨਿਕਾਸ ਦਾ ਪੁਖਤਾ ਪ੍ਰਬੰਧ ਸੀ। ਅਮੀਰ ਲੋਕ ਵੱਡੇ ਮਹਿਲਾਂ ਵਿੱਚ ਰਹਿੰਦੇ ਸਨ।

ਆਰੀਅਨ ਲੋਕਾਂ ਨੇ ਸਿੰਧ ਘਾਟੀ ਦੇ ਲੋਕਾਂ ’ਤੇ ਹਮਲੇ ਕਰਨੇ ਸ਼ੁਰੂ ਕੀਤੇ ਤੇ ਹੌਲੀ ਹੌਲੀ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ। ਕੁਝ ਦ੍ਰਾਵੜ ਲੋਕ ਮਾਰੇ ਗਏ ਤੇ ਕੁਝ ਦੱਖਣ ਵੱਲ ਨੂੰ ਚਲੇ ਗਏ। ਜੋ ਰਹਿ ਗਏ ਉਨ੍ਹਾਂ ਨੂੰ ਆਰੀਅਨਾਂ ਨੇ ਗ਼ੁਲਾਮ ਬਣਾ ਲਿਆ। ਇੰਜ ਜਿੱਥੇ ਆਰੀਅਨ ਅਤੇ ਦ੍ਰਾਵੜਾਂ ਦੇ ਮੇਲ ਨਾਲ ਨਵੀਂ ਨਸਲ ਪੈਦਾ ਹੋਈ ਉਵੇਂ ਹੀ ਨਵੀਂ ਬੋਲੀ ਵੀ ਪੈਦਾ ਹੋਈ ਤੇ ਹੌਲੀ ਹੌਲੀ ਬਦਲਦੀ ਗਈ। ਬੋਲੀ ਚਾਹੇ ਕੋਈ ਵੀ ਹੋਵੇ ਉਸ ਦੇ ਜਿਉਂਦਾ ਰਹਿਣ ਲਈ ਉਸ ਵਿੱਚ ਸਮੇਂ ਅਤੇ ਲੋੜ ਅਨੁਸਾਰ ਤਬਦੀਲੀ ਜ਼ਰੂਰੀ ਹੈ ਤੇ ਹੁੰਦੀ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਵੇਲੇ ਦੀ ਪੰਜਾਬੀ ਨੂੰ ਸਮਝਣਾ ਅੱਜ ਦੇ ਪੰਜਾਬੀਆਂ ਲਈ ਔਖਾ ਹੈ। ਕੁਝ ਇਤਿਹਾਸਕਾਰਾਂ ਅਨੁਸਾਰ ਪੰਜਾਬੀ ਵੈਦਿਕ ਕਾਲ ਤੋਂ ਹੀ ਬੋਲੀ ਜਾਂਦੀ ਸੀ, ਪਰ ਪੰਜਾਬੀ ਦਾ ਰੂਪ ਬਦਲਦਾ ਰਿਹਾ ਹੈ। ਉਸ ਤੋਂ ਬਾਅਦ ਕਈ ਸਾਰੀਆਂ ਬੋਲੀਆਂ ਪੰਜਾਬ ਅਤੇ ਨੇੜੇ ਦੇ ਵੱਖ ਵੱਖ ਖਿੱਤਿਆਂ ਵਿੱਚ ਪ੍ਰਫੁੱਲਿਤ ਹੋਈਆਂ। ਖੜੀ ਬੋਲੀ, ਅਵਧੀ, ਭੋਜਪੁਰੀ, ਪ੍ਰਕ੍ਰਿਤਕ ਭਾਸ਼ਾ ਆਦਿ ਤੇ ਸੰਸਕ੍ਰਿਤ ਵੀ। ਸੰਸਕ੍ਰਿਤ ਕਿਉਂਕਿ ਆਮ ਲੋਕਾਂ ਦੀ ਭਾਸ਼ਾ ਨਹੀਂ ਸੀ ਬਣਨ ਦਿੱਤੀ ਗਈ ਤੇ ਇਸ ਨੂੰ ਦੇਵਤਿਆਂ ਦੀ ਭਾਸ਼ਾ ਕਿਹਾ ਜਾਂਦਾ ਸੀ, ਇਸ ਲਈ ਇਹ ਪੰਡਤਾਂ ਤੱਕ ਹੀ ਸੀਮਤ ਰਹੀ ਤੇ ਆਮ ਲੋਕਾਂ ਦੀ ਭਾਸ਼ਾ ਨਾ ਬਣ ਸਕੀ। ਜੇ ਕੋਈ ਆਮ ਆਦਮੀ ਇਸ ਬੋਲੀ ਨੂੰ ਸੁਣ ਲੈਂਦਾ ਤਾਂ ਉਸ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ।

ਪੰਜਾਬ ਦੀ ਬੋਲੀ ਪੰਜਾਬੀ ’ਤੇ ਇਸਲਾਮਕ ਰਾਜਿਆਂ ਦੀ ਆਮਦ ਕਾਰਨ ਅਰਬੀ ਤੇ ਫ਼ਾਰਸੀ ਨੇ ਪ੍ਰਭਾਵ ਪਾਇਆ। ਫ਼ਾਰਸੀ ਪੰਜਾਬ ਦੀ ਤੇ ਹਿੰਦੁਸਤਾਨ ਦੀ ਮੁੱਖ ਭਾਸ਼ਾ ਬਣ ਗਈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਫ਼ਾਰਸੀ ਹੀ ਦਫ਼ਤਰਾਂ ਦੀ ਭਾਸ਼ਾ ਸੀ। ਮਹਾਰਾਜਾ ਰਣਜੀਤ ਸਿੰਘ ਭਾਵੇਂ ਪੜ੍ਹਿਆ ਲਿਖਿਆ ਨਹੀਂ ਸੀ, ਪਰ ਕੁਝ ਫ਼ਾਰਸੀ ਬੋਲ ਲੈਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਫ਼ਾਰਸੀ ਦੇ ਬਹੁਤ ਚੰਗੇ ਕਵੀ ਸਨ ਤੇ ਉਨ੍ਹਾਂ ਨੇ ਜ਼ਫਰਨਾਮਾ ਵੀ ਫ਼ਾਰਸੀ ਵਿੱਚ ਲਿਖਿਆ। ਆਮ ਲੋਕਾਂ ਦੀ ਬੋਲੀ ਵਿੱਚ ਵੀ ਫਾਰਸੀ (ਉਰਦੂ) ਦੇ ਸ਼ਬਦਾਂ ਦੀ ਵੱਡੀ ਮਾਤਰਾ ਵਿੱਚ ਆਮ ਵਰਤੋਂ ਕੀਤੀ ਜਾਂਦੀ ਸੀ।

***

ਬੋਲੀ ਵਗਦੇ ਪਾਣੀ ਵਾਂਗ ਹੁੰਦੀ ਹੈ। ਜਦੋਂ ਤੱਕ ਬੋਲੀ ਲੋੜ ਅਨੁਸਾਰ ਹੋਰ ਬੋਲੀਆਂ ਦੇ ਸ਼ਬਦਾਂ ਨੂੰ ਜਜ਼ਬ ਕਰਨ ਦੇ ਸਮਰੱਥ ਰਹਿੰਦੀ ਹੈ ਉਦੋਂ ਤੱਕ ਬੋਲੀ ਜਿਉਂਦੀ ਰਹਿੰਦੀ ਹੈ। ਜਦੋਂ ਉਹ ਖੜ੍ਹੇ ਪਾਣੀ ਵਾਂਗ ਖੜੋਤ ਵਿੱਚ ਆ ਜਾਂਦੀ ਹੈ ਤਾਂ ਉਸ ਬੋਲੀ ਦੀ ਮੌਤ ਕੁਦਰਤੀ ਬਣ ਜਾਂਦੀ ਹੈ। ਪੰਜਾਬੀ ਵਿੱਚ ਅਸੀਂ ਕੁਝ ਕੁ ਦਹਾਕੇ ਪਹਿਲਾਂ ਹੀ ਘੜਾ, ਗਾਗਰ, ਚੱਪਣ, ਕਸੋਰਾ, ਬਠਲੀ ਵਰਗੇ ਸ਼ਬਦ ਵਰਤਦੇ ਸੀ ਕਿਉਂਕਿ ਇਹ ਚੀਜ਼ਾਂ ਪੰਜਾਬੀ ਰਸੋਈ ਦਾ ਹਿੱਸਾ ਹੁੰਦੀਆਂ ਸਨ। ਇਸੇ ਤਰ੍ਹਾਂ ਛੰਨਾ, ਬਾਟੀ, ਥਾਲੀ ਆਦਿ ਸ਼ਬਦ ਵੀ ਵਰਤੇ ਜਾਂਦੇ ਸਨ। ਹੁਣ ਇਹ ਚੀਜ਼ਾਂ ਪੰਜਾਬੀ ਰਸੋਈ ਵਿੱਚੋਂ ਅਲੋਪ ਹੋ ਗਈਆਂ ਹਨ। ਇਹ ਹੁਣ ਅੱਜ ਦੇ ਬੱਚਿਆਂ ਲਈ ਕੋਈ ਮਾਅਨੇ ਨਹੀਂ ਰੱਖਦੀਆਂ ਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਬਾਰੇ ਗਿਆਨ ਹੈ। ਇਹ ਸ਼ਬਦਕੋਸ਼ ਦਾ ਹਿੱਸਾ ਬਣ ਕੇ ਰਹਿ ਗਈਆਂ ਹਨ। ਇਨ੍ਹਾਂ ਦੀ ਥਾਂ ਗਲਾਸ, ਪਲੇਟ, ਗੈਸ, ਕੱਪ, ਮਾਈਕਰੋਵੇਵ ਆਦਿ ਸ਼ਬਦ ਪੰਜਾਬੀ ਨੇ ਜਜ਼ਬ ਕਰ ਲਏ ਹਨ। ਇਹ ਸਭ ਅੰਗਰੇਜ਼ੀ ਦੇ ਸ਼ਬਦ ਹਨ, ਪਰ ਆਮ ਲੋਕਾਂ ਨੂੰ ਇਹ ਪੰਜਾਬੀ ਦੇ ਹੀ ਲੱਗਦੇ ਹਨ। ਇਵੇਂ ਖੇਤੀ ਦੇ ਸੰਦ, ਗੱਡਾ, ਹਲ, ਪੰਜਾਲੀ ਆਦਿ ਵੀ ਅਲੋਪ ਹੋ ਗਏ ਹਨ ਜਾਂ ਹੋ ਰਹੇ ਹਨ। ਹੁਣ ਟਰੈਕਟਰ, ਟਰਾਲੀ (ਟਰੌਲੀ) ਵਰਗੇ ਸ਼ਬਦ ਵੀ ਲੋਕ ਬੋਲੀ ਦਾ ਹਿੱਸਾ ਬਣ ਗਏ ਹਨ। ਬੱਸ, ਕਾਰ, ਟਰੱਕ, ਮੋਟਰ ਸਾਈਕਲ, ਸਕੂਟਰ ਵਰਗੇ ਅਨੇਕਾਂ ਹੀ ਸ਼ਬਦ ਅੰਗਰੇਜ਼ੀ ਦੇ ਹੋਣ ਦੇ ਬਾਵਜੂਦ ਪੰਜਾਬੀ ਦੇ ਲੱਗਦੇ ਹਨ ਕਿਉਂਕਿ ਹਰ ਵਿਅਕਤੀ ਇਨ੍ਹਾਂ ਦੀ ਵਰਤੋਂ ਮਾਂ ਬੋਲੀ ਵਾਂਗ ਹੀ ਕਰਦਾ ਹੈ।

ਬਹੁਤ ਸਾਰੇ ਸ਼ਬਦਾਂ ਦਾ ਲੋਕ ਆਪਣੇ ਉਚਾਰਣ ਅਤੇ ਲਹਿਜੇ ਅਨੁਸਾਰ ਪੰਜਾਬੀਕਰਨ ਕਰ ਲੈਂਦੇ ਹਨ। ਟਰੌਲੀ ਨੂੰ ਟਰਾਲੀ, ਟਿਊਬਵੈਲ-ਟੂਬੈਲ, ਸਵਿਚ-ਸੁੱਚ, ਡਾਕਟਰ-ਡਾਕਦਾਰ, ਹੌਸਪੀਟਲ-ਹਸਪਤਾਲ ਵਰਗੇ ਅਨੇਕਾਂ ਸ਼ਬਦਾਂ ਦਾ ਲੋਕਾਂ ਨੇ ਪੰਜਾਬੀਕਰਨ ਕਰ ਲਿਆ ਹੈ। ਅੱਜਕੱਲ੍ਹ ਕੁਝ ਅਜਿਹੇ ਸ਼ਬਦ ਹਨ ਜੋ ਲੋਕਾਂ ਦੀ ਬੋਲੀ ਦਾ ਬਦਲਦੇ ਹਾਲਾਤ ਨਾਲ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਹੀ ਹਿੱਸਾ ਬਣ ਗਏ ਜਿਵੇਂ ‘ਟੈਨਸ਼ਨ’ ਸ਼ਬਦ ਆਮ ਵਰਤਿਆ ਜਾਂਦਾ ਹੈ। ਪ੍ਰਾਬਲਮ, ਪ੍ਰਾਪਰਟੀ ਤੇ ਕਿਸਾਨ ਅੰਦੋਲਨ ਨੇ ਕਾਰਪੋਰੇਟ ਵਰਗੇ ਸ਼ਬਦ ਲੋਕਾਂ ਦੇ ਮੂੰਹ ਚਾੜ੍ਹ ਦਿੱਤੇ ਹਨ। ਬਹੁਤ ਸਾਰੇ ਪੰਜਾਬੀ ਦੇ ਸ਼ਬਦ ਵੀ ਲੋਕਾਂ ਨੂੰ ਸਮਝ ਨਹੀਂ ਆ ਸਕਦੇ ਤੇ ਉਨ੍ਹਾਂ ਦੀ ਥਾਂ ਅੰਗਰੇਜ਼ੀ ਦੇ ਸ਼ਬਦ ਵਰਤਦੇ ਹਨ। ਡਾਕਟਰ ਸ਼ਬਦ ਹਰ ਕਿਸੇ ਨੂੰ ਸਮਝ ਆਉਂਦਾ ਹੈ। ਇਸ ਦੀ ਥਾਂ ਹਕੀਮ ਜਾਂ ਵੈਦ ਸ਼ਬਦ ਕਿਸੇ ਦੇਸੀ ਦਵਾਈਆਂ ਦੇ ਮਾਹਰ ਦਾ ਬਿੰਬ ਉਸਾਰਦਾ ਹੈ। ਚਕਿਤਸਕ ਸ਼ਬਦ ਨੂੰ ਸ਼ਾਇਦ ਪਿੰਡ ਦੇ 90 ਪ੍ਰਤੀਸ਼ਤ ਲੋਕ ਨਾ ਸਮਝਦੇ ਹੋਣ। ਇਵੇਂ ਸੋਸ਼ਲ ਮੀਡੀਆ ਸ਼ਬਦ ਲੋਕਾਂ ਨੂੰ ਸਮਝ ਆਉਂਦਾ ਹੈ ਤੇ ਇਸ ਨਾਲ ਜੁੜੀ ਸ਼ਬਦਾਵਲੀ ਵੀ। ਆਮ ਲੋਕ ਹੀ ਕਹਿੰਦੇ ਹਨ ਐੱਸਐੱਮਐੱਸ ਕਰ ਦੇ, ਲੋਕੇਸ਼ਨ ਭੇਜ ਦੇ। ਫੇਸ ਬੁੱਕ ’ਤੇ ਪੋਸਟ ਆਦਿ ਸ਼ਬਦਾਂ ਦਾ ਮਤਲਬ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ। ਇਹ ਉਨ੍ਹਾਂ ਨੂੰ ਅੰਗਰੇਜ਼ੀ ਦੇ ਸ਼ਬਦ ਹੋਣ ਦੇ ਬਾਵਜੂਦ ਪੰਜਾਬੀ ਦੇ ਹੀ ਲੱਗਦੇ ਹਨ ਤੇ ਨਾ ਹੀ ਉਹ ਸੋਚਦੇ ਹਨ ਕਿ ਇਹ ਕਿਸ ਭਾਸ਼ਾ ਦਾ ਸ਼ਬਦ ਹੈ।

ਬੋਲੀ ਨੂੰ ਲੋਕ ਬਣਾਉਂਦੇ ਹਨ ਤੇ ਸ਼ਬਦਾਂ ਦੀ ਵਰਤੋਂ ਦੀ ਚੋਣ ਵੀ ਉਹੀ ਕਰਦੇ ਹਨ। ਕੋਈ ਭਾਸ਼ਾ ਵਿਗਿਆਨੀ ਜਾਂ ਵਿਦਵਾਨਾਂ ਦੀ ਸ਼ਬਦ ਚੋਣ ਨੂੰ ਉਹ ਮਾਨਤਾ ਨਹੀਂ ਦਿੰਦੇ। ਕਈ ਲੋਕ ਕੁਝ ਕੁ ਪੰਜਾਬੀ ਦੇ ਸ਼ਬਦ ਲੱਭ ਕੇ ਉਨ੍ਹਾਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਪੰਜਾਬੀ ਦੇ ਸੇਵਕ ਹੋਣ ਦਾ ਭਰਮ ਪਾਲਦੇ ਹਨ, ਪਰ ਨਾਲ ਹੀ ਉਨ੍ਹਾਂ ਨੂੰ ਆਪਣੀ ਸ਼ਬਦ ਚੋਣ ਦਾ ਮਤਲਬ ਸਮਝਾਉਣ ਲਈ ਅੰਗਰੇਜ਼ੀ ਦੇ ਸ਼ਬਦਾਂ ਦੀ ਚੋਣ ਕਰਨੀ ਪੈਂਦੀ ਹੈ। ਸੋਚਣ ਵਾਲੀ ਗੱਲ ਹੈ ਕਿ ਜਿਹੜਾ ਸ਼ਬਦ ਲੋਕਾਂ ਨੂੰ ਸਮਝ ਨਾ ਆਵੇ ਕੀ ਉਹ ਉਨ੍ਹਾਂ ਦੀ ਬੋਲੀ ਦਾ ਸ਼ਬਦ ਹੈ ਜਾਂ ਜਿਹੜਾ ਆਮ ਲੋਕਾਂ ਨੂੰ ਸਮਝ ਆਵੇ ਉਹ ਉਨ੍ਹਾਂ ਦੀ ਬੋਲੀ ਦਾ ਸ਼ਬਦ ਹੈ। ਅਜਿਹੇ ਸ਼ਬਦ ਥੋਪਣ ਨਾਲ ਬੋਲੀ ਨੂੰ ਕੋਈ ਫਾਇਦਾ ਨਹੀਂ ਹੁੰਦਾ। ਸੰਭਵ ਹੈ ਇਹ ਕਿਸੇ ਹੱਦ ਤੱਕ ਭੁਲੇਖਾ ਭਾਂਵੇ ਪਾ ਦੇਵੇ।

ਵੈਸੇ ਵੀ ਪੰਜਾਬੀ ਬੋਲੀ ਨੇ ਦਰਜਨ ਤੋਂ ਵੱਧ ਭਾਸ਼ਾਵਾਂ ਦੇ ਸ਼ਬਦਾਂ ਨੂੰ ਜਜ਼ਬ ਕੀਤਾ ਹੈ ਜੋ ਹੁਣ ਸਾਨੂੰ ਪੰਜਾਬੀ ਦੇ ਸ਼ਬਦ ਹੀ ਲੱਗਦੇ ਹਨ। ਜੇ ਉਨ੍ਹਾਂ ਸ਼ਬਦਾਂ ਨੂੰ ਪੰਜਾਬੀ ਵਿੱਚੋਂ ਮਨਫੀ ਕਰ ਦਿੱਤਾ ਜਾਵੇ ਤਾਂ ਸ਼ਾਇਦ ਪੰਜਾਬੀ ਦਾ ਕੋਈ ਵਾਕ ਵੀ ਪੂਰਾ ਨਾ ਹੋ ਸਕੇ। ਵੈਸੇ ਵੀ ਖਾਲਸ ਪੰਜਾਬੀ ਕਿਹੜੀ ਹੈ? ਇਹ ਕਿਸੇ ਖਾਸ ਸਮੇਂ ’ਤੇ ਹੀ ਨਿਰਭਰ ਕਰਦਾ ਹੈ। ਉਸ ਸਮੇਂ ਬੋਲੀ ਜਾਣ ਵਾਲੀ ਭਾਸ਼ਾ ਹੀ ਖਾਲਸ ਹੁੰਦੀ ਹੈ ਚਾਹੇ ਉਸ ਵਿੱਚ ਕਿੰਨੇ ਵੀ ਸ਼ਬਦ ਹੋਰ ਭਾਸ਼ਾਵਾਂ ਦੇ ਹੋਣ ਕਿਉਂਕਿ ਉਹ ਸ਼ਬਦ ਲੋਕਾਂ ਨੇ ਅਪਣਾ ਲਏ ਹੁੰਦੇ ਹਨ। ਵੈਸੇ ਖਾਲਸ ਸ਼ਬਦ ਵੀ ਪੰਜਾਬੀ ਦਾ ਨਹੀਂ ਹੈ।

***

ਕਿਸੇ ਵੀ ਬੋਲੀ ਨੂੰ ਜਿਉਂਦੇ ਰਹਿਣ ਲਈ ਉਸ ਦੀ ਲਿੱਪੀ ਦਾ ਹੋਣਾ ਜ਼ਰੂਰੀ ਹੈ। ਦੂਸਰਾ ਉਸ ਨੂੰ ਬੋਲਣ, ਸਮਝਣ ਤੇ ਪੜ੍ਹਨ ਲਿਖਣ ਵਾਲੇ ਹੋਣ। ਪੜ੍ਹਿਆ ਲਿਖਿਆ ਤਾਂ ਹੀ ਜਾ ਸਕਦਾ ਹੈ ਜੇ ਲਿੱਪੀ ਉਪਲੱਬਧ ਹੋਵੇ। ਪੰਜਾਬੀ ਦੀ ਲਿੱਪੀ ਗੁਰਮਖੀ ਹੈ ਤੇ ਇਸ ਵਿੱਚ ਸੈਂਕੜੇ ਸਾਲਾਂ ਤੋਂ ਸਾਹਿਤ ਸਿਰਜਣਾ ਹੋ ਰਹੀ ਹੈ। ਵੈਸੇ ਪੰਜਾਬੀ ਦਾ ਸਾਹਿਤ ਸ਼ਾਹਮੁਖੀ ਵਿੱਚ ਵੀ ਸਿਰਜਿਆ ਜਾਂਦਾ ਹੈ। ਕੁਝ ਲੋਕ ਸਮਝਦੇ ਹਨ ਕਿ ਗੁਰਮਖੀ ਨੂੰ ਗੁਰੂਆਂ ਨੇ ਹੋਂਦ ਵਿੱਚ ਲਿਆਂਦਾ। ਅਸਲ ਵਿੱਚ ਗੁਰਮਖੀ ਵਿੱਚ ਗੁਰੂ ਨਾਨਕ ਦੇਵ ਤੋਂ ਪਹਿਲਾਂ ਵੀ ਲਿਖਿਆ ਜਾਂਦਾ ਸੀ। ਬਾਬਾ ਕਬੀਰ ਗੁਰੂ ਨਾਨਕ ਦੇਵ ਤੋਂ ਤਕਰੀਬਨ 70 ਸਾਲ ਪਹਿਲਾਂ ਗੁਰਮਖੀ ਵਿੱਚ ਲਿਖ ਚੁੱਕੇ ਸਨ। ਭਾਵੇਂ ਉਦੋਂ ਗੁਰਮਖੀ ਵਿੱਚ ਕੁਝ ਲਗਾਂ ਮਾਤਰਾ ਦੀ ਅਣਹੋਂਦ ਸੀ। ਲੰਡਿਆਂ ਵਿੱਚ ਵੀ ਪੰਜਾਬੀ ਲਿਖੀ ਜਾਂਦੀ ਸੀ ਯਾਨੀ ਕਿਸੇ ਵੀ ਲਗਾਂ ਮਾਤਰਾ ਦੀ ਵਰਤੋਂ ਨਹੀਂ ਸੀ ਹੁੰਦੀ ਤੇ ਪੜ੍ਹਨ ਵਾਲੇ ਨੂੰ ਸ਼ਬਦਾਂ ਦੇ ਮਤਲਬ ਸਮਝਣ ਵਿੱਚ ਔਖ ਹੁੰਦੀ ਸੀ। ਗੁਰੂ ਨਾਨਕ ਦੇਵ ਨੇ ਆਪਣੀ ਸਾਰੀ ਰਚਨਾ ਦੂਸਰੇ ਗੁਰੂ ਜੀ ਨੂੰ ਸੌਂਪ ਦਿੱਤੀ ਸੀ ਤੇ ਇਹ ਸਿਲਸਲਾ ਅੱਗੋਂ ਵੀ ਗੁਰ ਗੱਦੀ ਦੀ ਤਬਦੀਲੀ ਸਮੇਂ ਚੱਲਦਾ ਰਿਹਾ। ਦੂਸਰੇ ਗੁਰੂ ਜੀ ਨੇ ਭਾਸ਼ਾ ਮਾਹਰਾਂ ਦੀ ਮਦਦ ਨਾਲ ਲਿੱਪੀ ਵਿੱਚ ਕੁਝ ਹੋਰ ਸੁਧਾਰ ਲਿਆਂਦਾ ਜਿਵੇਂ ਟਿੱਪੀ, ਅੱਧਕ ਤੇ ਦੁਲਾਵਾਂ ਆਦਿ ਦੀ ਵਰਤੋਂ ਸ਼ੁਰੂ ਕਰਵਾਈ ਜਿਸ ਨਾਲ ਬੋਲੀ ਦੇ ਲਿਖਣ ਅਤੇ ਬੋਲਣ ਵਿੱਚ ਹੋਰ ਵੀ ਨਿਖਾਰ ਤੇ ਸੁਧਾਰ ਆਇਆ।

***

ਪੰਜਾਬੀ ਬੋਲੀ ਦੇ ਭਵਿੱਖ ਬਾਰੇ ਕੁਝ ਲੋਕਾਂ ਨੂੰ ਬਹੁਤ ਖਦਸ਼ੇ ਹਨ, ਪਰ ਕੁਝ ਲੋਕ ਕਹਿ ਰਹੇ ਹਨ ਕਿ ਪੰਜਾਬੀ ਬੋਲੀ ਅੰਤਰਰਾਸ਼ਟਰੀ ਭਾਸ਼ਾ ਬਣ ਗਈ ਹੈ ਕਿਉਂਕਿ ਇਹ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿੱਚ ਬੋਲੀ ਜਾ ਰਹੀ ਹੈ। ਕੁਝ ਲੋਕ ਪੰਜਾਬੀ ਦੇ ਭਵਿੱਖ ਸਬੰਧੀ ਬਹੁਤ ਫਿਕਰਮੰਦ ਹਨ ਤੇ ਸਮਝਦੇ ਹਨ ਕਿ ਆਉਣ ਵਾਲੇ ਸਾਲਾਂ ਵਿੱਚ ਪੰਜਾਬੀ ਦੇ ਖਤਮ ਹੋਣ ਦੇ ਮੌਕੇ ਬਣ ਰਹੇ ਹਨ। ਮੇਰੇ ਖਿਆਲ ਵਿੱਚ ਦੋਵੇਂ ਵਿਚਾਰ ਹੀ ਸਿਖਰਲੇ ਝੁਕਾਅ ਵਾਲੇ ਹਨ। ਇਸ ਬਾਰੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਾਂਗੇ। ਜਦ ਬੋਲੀ ਵਰਗੇ ਮਹੱਤਵਪੂਰਨ ਵਿਸ਼ੇ ’ਤੇ ਗੱਲ ਕਰਨੀ ਹੋਵੇ ਤਾਂ ਸ਼ਰਧਾ ਭਾਵਨਾ ਅਤੇ ਭਾਵਕੁਤਾ ਨੂੰ ਮੁੱਖ ਰੱਖਣ ਦੀ ਥਾਂ ਤੱਥਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ।

ਕੁਝ ਵਿਦੇਸ਼ਾਂ ਵਿੱਚ ਵਸਦੇ ਲੋਕ ਪੰਜਾਬੀ ਨੂੰ ਵਿਦੇਸ਼ਾਂ ਵਿੱਚ ਜੰਮੀ ਪੀੜ੍ਹੀ ਨੂੰ ਉਨ੍ਹਾਂ ਦੀ ਪਹਿਲੀ ਭਾਸ਼ਾ ਬਣਾਉਣ ਨੂੰ ਧਿਆਨ ਵਿੱਚ ਰੱਖ ਕੇ ਅਸਪੱਸ਼ਟ ਜਿਹੀ ਗੱਲਬਾਤ ਵਿੱਚ ਮਾਂ ਬੋਲੀ ਦਾ ਜ਼ਿਕਰ ਕਰਦੇ ਹਨ। ਮੇਰੇ ਖਿਆਲ ਵਿੱਚ ਇਸ ਬਾਰੇ ਵੀ ਥੋੜ੍ਹਾ ਵਿਚਾਰ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਮਾਂ-ਬੋਲੀ ਦੀ ਪਰਿਭਾਸ਼ਾ ਬਾਰੇ ਸਪੱਸ਼ਟ ਹੋਣ ਦੀ ਲੋੜ ਹੈ। ਮਾਂ ਬੋਲੀ ਯਾਨੀ ਜਿਹੜੀ ਬੋਲੀ ਬੱਚੇ ਦੀ ਮਾਂ ਬੋਲਦੀ ਹੈ। ਕੁਝ ਸਾਲ ਪਹਿਲਾਂ ਮਾਂ-ਬੋਲੀ ਦੀ ਵਿਆਖਿਆ ਜਾਂ ਇਸ ਦੇ ਅਰਥ ਨੂੰ ਸਪੱਸ਼ਟ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਮਾਂ ਅਤੇ ਮਾਤ-ਭੂਮੀ ਦੀ ਬੋਲੀ ਇੱਕ ਹੀ ਹੁੰਦੀ ਸੀ। ਪਰਵਾਸ ਦੇ ਵਧ ਜਾਣ ਨਾਲ ਕੁਝ ਸਮੱਸਿਆਵਾਂ ਆਈਆਂ। ਜਿਵੇਂ ਇੱਕ ਲੜਕੀ ਪੰਜਾਬ ਵਿੱਚ ਜੰਮੀ ਪਲੀ ਤੇ ਪੜ੍ਹੀ ਲਿਖੀ ਹੈ। ਉਸ ਦੀ ਮਾਤ ਭੂਮੀ ਅਤੇ ਮਾਂ ਦੀ ਬੋਲੀ ਪੰਜਾਬੀ ਹੀ ਹੈ। ਉਸ ਦਾ ਵਿਆਹ ਇੰਗਲੈਂਡ ਵਿੱਚ ਹੋ ਗਿਆ ਤਾਂ ਉਸ ਦੇ ਬੱਚੇ ਇੰਗਲੈਂਡ ਵਿੱਚ ਜੰਮੇ। ਉਨ੍ਹਾਂ ਦੀ ਮਾਂ ਦੀ ਬੋਲੀ ਪੰਜਾਬੀ ਹੈ, ਪਰ ਮਾਤ-ਭੂਮੀ ਦੀ ਬੋਲੀ ਅੰਗਰੇਜ਼ੀ। ਉਨ੍ਹਾਂ ਨੇ ਟੀਵੀ ’ਤੇ ਕਾਰਟੂਨ, ਸਕੂਲ ਵਿੱਚ, ਦੋਸਤਾਂ ਮਿੱਤਰਾਂ ਨਾਲ ਆਪਣੀ ਮਾਤ ਭੂਮੀ ਦੀ ਬੋਲੀ ਵਿੱਚ ਗੱਲ ਕਰਨੀ ਹੈ। ਪੜ੍ਹਾਈ ਵੀ ਮਾਤ-ਭੂਮੀ ਦੀ ਬੋਲੀ ਵਿੱਚ ਹੀ ਹੋਵੇਗੀ। ਅਸਲ ਵਿੱਚ ਮਾਂ-ਬੋਲੀ ਮਾਤ-ਭੂਮੀ ਦੀ ਬੋਲੀ ਹੀ ਹੁੰਦੀ ਹੈ।

ਮੰਨ ਲਉ ਇੱਕ ਪੰਜਾਬੀ ਮੁੰਡਾ ਬੰਗਾਲ ਵਿੱਚ ਟੈਕਸੀ ਚਲਾਉਣ ਦਾ ਕੰਮ ਕਰਦਿਆਂ ਬੰਗਾਲ ਦੀ ਕੁੜੀ ਨਾਲ ਵਿਆਹ ਕਰ ਲੈਂਦਾ ਹੈ। ਕੁਝ ਦੇਰ ਬਾਅਦ ਉਹ ਪੰਜਾਬ ਆ ਕੇ ਰਹਿਣ ਲੱਗਦੇ ਹਨ। ਉਨ੍ਹਾਂ ਦੇ ਬੱਚੇ ਹੋ ਜਾਂਦੇ ਹਨ ਤਾਂ ਬੱਚੇ ਆਪਣੀ ਮਾਂ ਦੀ ਭਾਸ਼ਾ ਬੰਗਾਲੀ ਨਹੀਂ ਸਗੋਂ ਆਪਣੇ ਆਲੇ ਦੁਆਲੇ ਦੀ ਭਾਸ਼ਾ ਪੰਜਾਬੀ ਬੋਲਣਗੇ। ਪੰਜਾਬ ਵਿੱਚ ਆਏ ਬਿਹਾਰੀ, ਯੂਪੀ ਜਾਂ ਰਾਜਸਥਾਨੀ ਕਾਮਿਆਂ ਦੇ ਬੱਚੇ ਠੇਠ ਪੰਜਾਬੀ ਬੋਲਦੇ ਹਨ ਤੇ ਪੰਜਾਬ ਨੂੰ ਹੀ ਆਪਣੀ ਮਾਤ-ਭੂਮੀ ਮੰਨਦੇ ਹਨ। ਜਿਵੇਂ ਸਾਡੇ ਬੱਚੇ ਵੀ ਇੰਗਲੈਂਡ ਨੂੰ ਆਪਣਾ ਦੇਸ਼ ਸਮਝਦੇ ਹਨ।

ਬਹੁਤੇ ਮਾਂ-ਬਾਪ ਆਪਣੀ ਬੋਲੀ ਬੱਚਿਆਂ ਨੂੰ ਸਿਖਾਉਣ ਦਾ ਯਤਨ ਕਰਦੇ ਹਨ ਤੇ ਕਿਸੇ ਹੱਦ ਤੱਕ ਸਫਲ ਵੀ ਹੁੰਦੇ ਹਨ। ਕੁਝ ਬਹੁਤ ਸਫਲ ਵੀ ਹੋ ਜਾਂਦੇ ਹਨ, ਪਰ ਬਹੁਤ ਥੋੜ੍ਹੇ ਅਜਿਹੇ ਹੁੰਦੇ ਹਨ। ਉਸ ਦੇ ਆਪਣੇ ਕਾਰਨ ਹਨ। ਬਹੁਤ ਹਾਲਤਾਂ ਵਿੱਚ ਬੱਚੇ ਬੋਲਣ ਤੇ ਸਮਝਣ ਲੱਗ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਪਰਿਵਾਰ ਪੰਜਾਬੀ ਬੋਲਦਾ ਹੈ, ਪਰ ਪੜ੍ਹ ਨਹੀਂ ਸਕਦੇ ਜਾਂ ਬਹੁਤ ਘੱਟ ਪੜ੍ਹ ਸਕਦੇ ਹਨ। ਇਹ ਕੁਦਰਤੀ ਵਰਤਾਰਾ ਹੈ। ਬੋਲਣ ਤੇ ਸਮਝਣ ਨਾਲੋਂ ਪੜ੍ਹਨ ਅਤੇ ਲਿਖਣ ਲਈ ਵੱਖਰੀ ਮਿਹਨਤ ਕਰਨੀ ਪੈਂਦੀ ਹੈ ਜਿਸ ਦੀ ਉਹ ਲੋੜ ਨਹੀਂ ਸਮਝਦੇ। ਦੂਸਰੀ ਗੱਲ ਪੰਜਾਬੀ ਸਿਖਾਉਣ ਦੇ ਯਤਨ ਵੀ ਪੁਰਾਣੇ ਢੰਗ ਤਰੀਕਿਆਂ ਨਾਲ ਹੀ ਹੁੰਦੇ ਹਨ। ਸਭ ਤੋਂ ਪਹਿਲਾਂ ਇਹ ਸਮਝਣ ਅਤੇ ਮੰਨਣ ਦੀ ਲੋੜ ਹੈ ਕਿ ਸਾਡੇ ਬੱਚਿਆਂ ਲਈ ਪੰਜਾਬੀ ਵਿਦੇਸ਼ੀ ਭਾਸ਼ਾ ਹੈ ਤੇ ਉਨ੍ਹਾਂ ਨੂੰ ਸਿਖਾਉਣ ਲਈ ਉਹੋ ਜਿਹੇ ਹੀ ਢੰਗ ਤਰੀਕੇ ਵਰਤਣ ਦੀ ਲੋੜ ਹੈ। ਗੁਰਦੁਆਰਿਆਂ ਵਿੱਚ ਪੰਜਾਬੀ ਸਿਖਾਈ ਜਾਂਦੀ ਹੈ, ਪਰ ਬਹੁਤ ਵਾਰ ਬੱਚਿਆਂ ਨੂੰ ਧਾਰਮਿਕ ਸਿੱਖਿਆ ਜਾਂ ਗੁਰੂ ਸਾਹਿਬਾਨ ਜਾਂ ਸਾਹਿਬਜ਼ਾਦਿਆਂ ਬਾਰੇ ਸਿੱਖਿਆ ਤੋਂ ਹੀ ਸ਼ੁਰੂਆਤ ਕੀਤੀ ਜਾਂਦੀ ਹੈ। ਉਸ ਹੱਦ ਤੱਕ ਉਨ੍ਹਾਂ ਦੀ ਸਮਝ ਬਣਾਉਣ ਲਈ ਉਸ ਤੋਂ ਪਹਿਲਾਂ ਹੋਰ ਵੀ ਬਹੁਤ ਕੁਝ ਸਿਖਾਉਣ ਦੀ ਲੋੜ ਹੁੰਦੀ ਹੈ ਤਾਂ ਜੋ ਉਨ੍ਹਾਂ ਦੀ ਪੰਜਾਬੀ ਬੋਲੀ ਦੀ ਨੀਂਹ ਮਜ਼ਬੂਤ ਹੋਵੇ। ਮੈਂ ਇਸ ਖੇਤਰ ਵਿੱਚ ਅਣਜਾਣ ਹਾਂ, ਪਰ ਮੇਰੇ ਖਿਆਲ ਵਿੱਚ ਸਿੱਖਣ ਸਿਖਾਉਣ ਦੇ ਢੰਗ ਤਰੀਕਿਆਂ ਨੂੰ ਵਿਚਾਰਨ ਦੀ ਲੋੜ ਹੈ। ਲਕੀਰ ਦੇ ਫਕੀਰ ਬਣ ਕੇ ਪੰਜਾਬੀ ਦਾ ਵਿਕਾਸ ਨਹੀਂ ਹੋ ਸਕਦਾ।

ਪੰਜਾਬੀ ਸਬੰਧੀ ਜੋ ਵੀ ਖਦਸ਼ੇ ਹਨ ਉਨ੍ਹਾਂ ਦੇ ਕਾਰਨ ਵਿਦੇਸ਼ਾਂ ਵਿੱਚ ਵੱਖਰੇ ਹਨ ਤੇ ਪੰਜਾਬ ਵਿੱਚ ਵੱਖਰੇ। ਉਨ੍ਹਾਂ ਦੇ ਹੱਲ ਵੀ ਵੱਖਰੇ ਹਨ। ਕੁਝ ਲੋਕ ਇੱਥੇ ਆਮ ਹੀ ਕਹਿੰਦੇ ਹਨ ‘ਮਾਂ ਬੋਲੀ ਨੂੰ ਭੁੱਲ ਜਾਉਗੇ ਤਾਂ ਕੱਖਾਂ ਵਾਂਗੂੰ ਰੁਲ ਜਾਉਗੇ।’ ਪਹਿਲੀ ਗੱਲ ਤਾਂ ਜਿਸ ਬੋਲੀ ਨੂੰ ਕੋਈ ਭੁੱਲ ਜਾਵੇ ਉਹ ਮਾਂ ਬੋਲੀ ਨਹੀਂ ਹੋ ਸਕਦੀ। ਦੂਜੀ ਗੱਲ ਬਚਪਨ ਵਿੱਚ ਸਿੱਖੀ ਮਾਂ ਬੋਲੀ ਦੇ ਕੁਝ ਸ਼ਬਦ ਤਾਂ ਬੰਦਾ ਭੁੱਲ ਸਕਦਾ ਹੈ, ਪਰ ਮਾਂ ਬੋਲੀ ਨਹੀਂ। ਤੀਜੀ ਗੱਲ ਜਦ ਇੰਗਲੈਂਡ ਵਿੱਚ ਇਹ ਗੱਲ ਕਹਿੰਦੇ ਹਾਂ ਤਾਂ ਕਿਸ ਨੂੰ ਸੁਣਾਉਂਦੇ ਹੋ। ਬੱਚਿਆਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਹੈ ਉਨ੍ਹਾਂ ’ਤੇ ਇਹ ਗੱਲ ਢੁਕਦੀ ਨਹੀਂ। ਪੰਜਾਬ ਤੋਂ ਪੜ੍ਹ ਲਿਖ ਕੇ ਆਏ ਲੋਕ ਕਿਸੇ ਵੀ ਹਾਲਤ ਵਿੱਚ ਪੰਜਾਬੀ ਨੂੰ ਭੁੱਲ ਨਹੀਂ ਸਕਦੇ। ਸੋ ਅਜਿਹੀਆਂ ਗੱਲਾਂ ਨਾਲ ਬੋਲੀ ਦਾ ਵਿਕਾਸ ਸੰਭਵ ਨਹੀਂ ਹੈ ਤੇ ਨਾ ਹੀ ਸਟੇਜੀ ਜਿਹੇ ਗੀਤ ਸੰਗੀਤ ਦੇ ਪ੍ਰੋਗਰਮਾਂ ਨਾਲ ਮਾਂ ਬੋਲੀ ਉਮਰ ਦਰਾਜ ਹੋ ਸਕਦੀ ਹੈ।

***

ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਵਿੱਚ ਪੰਜਾਬੀ ਬੋਲੀ ਤਾਂ ਜਾਂਦੀ ਸੀ, ਪਰ ਦਫ਼ਤਰਾਂ ਵਿੱਚ ਉਰਦੂ ਤੇ ਅੰਗਰੇਜ਼ੀ ਵਰਤੀ ਜਾਂਦੀ ਸੀ। ਵੰਡ ਤੋਂ ਬਾਅਦ ਪੰਜਾਬ ਵਿੱਚ ਸਕੂਲ ਖੋਲ੍ਹਣ ਵੱਲ ਖਾਸ ਧਿਆਨ ਦਿੱਤਾ ਗਿਆ। ਪੰਜ ਸਾਲ ਦੇ ਬੱਚੇ ਨੂੰ ਸਕੂਲ ਵਿੱਚ ਦਾਖਲ ਹੋਣਾ ਜ਼ਰੂਰੀ ਹੋ ਗਿਆ। ਪੰਜਾਬੀ ਪਹਿਲੀ ਬੋਲੀ ਵਜੋਂ ਲਾਗੂ ਹੋਣ ਲੱਗੀ। ਹਿੰਦੀ ਦੂਜੀ ਭਾਸ਼ਾ ਤੇ ਅੰਗਰੇਜ਼ੀ ਤੀਜੀ ਭਾਸ਼ਾ ਵਜੋਂ ਪੜ੍ਹਾਈ ਜਾਣ ਲੱਗੀ। ਕੁਝ ਸਾਲਾਂ ਬਾਅਦ ਪੰਜਾਬੀ ਸੂਬਾ ਬਣ ਗਿਆ ਤਾਂ ਪੰਜਾਬੀ ਨੂੰ ਦਫ਼ਤਰਾਂ ਵਿੱਚ ਲਾਗੂ ਕਰਨ ਦੀ ਮੰਗ ਉੱਠੀ। ਹੌਲੀ ਹੌਲੀ ਪੰਜਾਬੀ ਦਫ਼ਤਰਾਂ ਵਿੱਚ ਵਰਤੀ ਜਾਣ ਲੱਗੀ ਭਾਵੇਂ ਸੌ ਪ੍ਰਤੀਸ਼ਤ ਨਹੀਂ। ਮਾਲ ਵਿਭਾਗ ਦਾ ਸਾਰਾ ਰਿਕਾਰਡ ਜੋ ਫ਼ਾਰਸੀ ਵਿੱਚ ਸੀ ਹੁਣ ਆਨਲਾਈਨ ਪੰਜਾਬੀ ਵਿੱਚ ਉਪਲੱਬਧ ਹੈ। ਇਹ ਗੱਲ ਵੱਖਰੀ ਹੈ ਅਜੇ ਵੀ ਫ਼ਾਰਸੀ ਦੇ ਸ਼ਬਦ ਪ੍ਰਚੱਲਿਤ ਹਨ ਜਿਵੇਂ ਮੁਸ਼ਤਰਕਾ ਖਾਤਾ, ਮੁਤਬੰਨਾ, ਰਕਬਾ, ਤਬਾਦਲਾ ਆਦਿ। ਪਿਛਲੇ ਛੇ ਕੁ ਦਹਾਕੇ ਪੰਜਾਬੀ ਦਾ ਸੁਨਹਿਰੀ ਕਾਲ ਗਿਣਿਆ ਜਾਣਾ ਚਾਹੀਦਾ ਹੈ। ਇਸ ਕਾਲ ਵਿੱਚ ਪੰਜਾਬੀ ਵਿੱਚ ਗਿਆਨੀ, ਬੁੱਧੀਮਾਨੀ, ਮਾਸਟਰਜ਼ ਤੇ ਪੀਐੱਚ ਡੀ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਹੈ ਤੇ ਅੱਜ ਵੀ ਬਹੁਤ ਵਿਦਿਆਰਥੀ ਪੰਜਾਬੀ ਵਿੱਚ ਡਿਗਰੀਆਂ ਲੈ ਰਹੇ ਹਨ। ਪੰਜਾਬੀ ਯੂਨੀਵਰਸਟੀ ਪਟਿਆਲਾ ਦੀ ਸਥਾਪਨਾ ਵੀ ਆਪਣੇ ਆਪ ਵਿੱਚ ਵਿਲੱਖਣ ਕਾਰਜ ਹੈ। ਜਿੱਥੇ ਉਰਦੂ ਤੇ ਫ਼ਾਰਸੀ ਪੰਜਾਬ ਵਿੱਚੋਂ ਤਕਰੀਬਨ ਅਲੋਪ ਹੋ ਗਈ ਹੈ, ਉੱਥੇ ਪੰਜਾਬੀ ਦਾ ਬੋਲ ਬਾਲਾ ਬਹੁਤ ਵਧਿਆ ਹੈ।

ਇਨ੍ਹਾਂ ਸਾਲਾਂ ਵਿੱਚ ਹੀ ਪੰਜਾਬੀ ਦਾ ਬੇਸ਼ੁਮਾਰ ਸਾਹਿਤ ਹੋਂਦ ਵਿੱਚ ਆਇਆ। ਪੰਜਾਬੀ ਦੀ ਪੜ੍ਹਾਈ ਨਾਲ ਅਨੇਕਾਂ ਲੇਖਕ ਪੈਦਾ ਹੋਏ ਤੇ ਅਨੇਕਾਂ ਹੀ ਪਬਲਿਸ਼ਰ ਤੇ ਕਿਤਾਬਾਂ ਦੀਆਂ ਦੁਕਾਨਾਂ ਖੁੱਲ੍ਹੀਆਂ। ਭਾਵੇਂ ਇਸ ਸਭ ਦਾ ਨੁਕਸਾਨ ਵੀ ਹੋਇਆ। ਪਬਲਿਸ਼ਰਾਂ ਨੇ ਪੈਸੇ ਕਮਾਉਣ ਲਈ ਸਾਹਿਤ ਦੇ ਮਿਆਰ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ। ਪੰਜਾਬੀ ਵਿੱਚ ਹੁਣ ਨਵਾਂ ਤੇ ਪ੍ਰਭਾਵਸ਼ਾਲੀ ਸਾਹਿਤ ਵੀ ਛਪ ਰਿਹਾ ਹੈ। ਇੱਥੇ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ‘ਸਾਹਿਤਕ ਪ੍ਰਦੂਸ਼ਣ’ ਸਿਰਫ਼ ਪੰਜਾਬੀ ਵਿੱਚ ਹੀ ਨਹੀਂ ਅੰਗਰੇਜ਼ੀ, ਹਿੰਦੀ, ਉਰਦੂ ਤੇ ਹੋਰ ਭਾਸ਼ਾਵਾਂ ਵਿੱਚ ਵੀ ਵਧਿਆ ਹੈ।

ਦੇਸ਼ ਦੀ ਵੰਡ ਸਮੇਂ ਪੰਜਾਬ ਦੀ ਵਸੋਂ ਤਕਰੀਬਨ 33 ਮਿਲੀਅਨ ਜਾਣੀ 3 ਕਰੋੜ ਤੀਹ ਲੱਖ ਸੀ। 2011 ਦੀ ਜਨਗਣਨਾ ਅਨੁਸਾਰ ਭਾਰਤੀ ਪੰਜਾਬ ਦੀ ਵਸੋਂ ਤਕਰੀਬਨ 30 ਮਿਲੀਅਨ ਸੀ। 2021 ਦੀ ਮਰਦਮ ਸ਼ੁਮਾਰੀ ਸਰਕਾਰ ਨੇ ਕਰਵਾਈ ਨਹੀਂ ਹੈ। ਪਿਛਲੇ ਦਸ ਸਾਲਾਂ ਵਿੱਚ ਪੰਜਾਬ ਦੀ ਆਬਾਦੀ ਵਿੱਚ ਕਿੰਨਾ ਕੁ ਵਾਧਾ ਹੋਇਆ, ਇਹ ਪਤਾ ਨਹੀਂ। ਪਰ ਪਕਿਸਤਾਨ ਦੀ 220 ਮਿਲੀਅਨ ਆਬਾਦੀ ਵਿੱਚੋਂ ਪੰਜਾਬ ਸਭ ਤੋਂ ਵੱਡਾ ਸੂਬਾ ਹੈ ਤੇ 48% ਵਸੋਂ ਨਾਲ ਤਕਰੀਬਨ 90 ਮਿਲੀਅਨ ਲੋਕ ਪੰਜਾਬੀ ਬੋਲਦੇ ਹਨ। ਸਾਰੀ ਦੁਨੀਆ ਵਿੱਚ 152 ਮਿਲੀਅਨ ਲੋਕ ਪੰਜਾਬੀ ਬੋਲਦੇ ਹਨ ਤੇ ਪੰਜਾਬੀ ਦੁਨੀਆ ਦੀ ਨੌਵੀਂ ਵੱਡੀ ਭਾਸ਼ਾ ਹੈ। ਪਿਛਲੀ ਪੌਣੀ ਸਦੀ ਵਿੱਚ ਏਨਾ ਵੱਡਾ ਵਾਧਾ ਪੰਜਾਬੀ ਬੋਲਣ ਵਾਲਿਆਂ ਦਾ ਹੋਇਆ ਹੈ ਤੇ ਜਿਹੜੇ ਲੋਕ ਸਮਝਦੇ ਹਨ ਕਿ ਪੰਜਾਬੀ ਖਤਮ ਹੋਣ ਕੰਢੇ ਹੈ ਪਤਾ ਨਹੀਂ ਕਿਸ ਆਧਾਰ ’ਤੇ ਕਹਿੰਦੇ ਹਨ। ਹਾਂ ਆਪਣੀ ਬੋਲੀ ਪ੍ਰਤੀ ਅਵੇਸਲੇ ਨਹੀਂ ਹੋਣਾ ਚਾਹੀਦਾ।

ਪੰਜਾਬ ਵਿੱਚ ਬਹੁਤ ਸਾਰੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਖੁੱਲ੍ਹ ਗਏ ਹਨ। ਜਿਵੇਂ ਜਿਵੇਂ ਦੁਨੀਆ ਮੀਡੀਆ ਅਤੇ ਨਵੀਂ ਤਕਨੀਕ ਦੇ ਵਿਕਸਤ ਹੋਣ ਨਾਲ ਨੇੜੇ ਆ ਗਈ ਹੈ ਉਵੇਂ ਹੀ ਨਵੀਂ ਪੀੜ੍ਹੀ ਦੇ ਸੁਪਨੇ ਬਦਲ ਗਏ ਹਨ। ਖੇਤੀਬਾੜੀ ਵਿੱਚ ਵੱਡੀ ਪੱਧਰ ’ਤੇ ਮਸ਼ੀਨਰੀ ਦੀ ਵਰਤੋਂ ਨੇ ਹੱਥੀਂ ਕੰਮ ਕਰਨ ਦੀ ਲੋੜ ਨੂੰ ਬਹੁਤ ਸੀਮਤ ਕਰ ਦਿੱਤਾ ਹੈ। ਪਹਿਲਾਂ ਨੌਜਵਾਨ ਪੜ੍ਹਾਈ ਤੋਂ ਬਾਅਦ ਘਰੇਲੂ ਕੰਮ ਵਿੱਚ ਰੁੱਝੇ ਰਹਿੰਦੇ ਸਨ ਤੇ ਕਰਨ ਵਾਲਾ ਹੁੰਦਾ ਵੀ ਬਹੁਤ ਕੁਝ ਸੀ। ਹੁਣ ਅਜਿਹੀ ਗੱਲ ਨਹੀਂ ਹੈ। ਬੋਲੀ ਅਤੇ ਰੋਜ਼ੀ ਰੋਟੀ ਦਾ ਰਿਸ਼ਤਾ ਅਟੁੱਟ ਹੈ। ਰੋਜ਼ੀ ਰੋਟੀ ਲਈ ਨੌਜਵਾਨਾਂ ਦਾ ਝੁਕਾਅ ਹੁਣ ਵਿਦੇਸ਼ ਵੱਲ ਹੋਇਆ ਹੈ। ਵਿਦੇਸ਼ ਜਾਣ ਲਈ ਅੰਗਰੇਜ਼ੀ ਜ਼ਰੂਰੀ ਹੈ ਤੇ ਇਸ ਲਈ ਪੰਜਾਬ ਵਿੱਚ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦਾ ਬੋਲਬਾਲਾ ਹੈ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਅਤੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਪੰਜਾਬੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਕੈਨੇਡਾ, ਆਸਟਰੇਲੀਆ ਤੇ ਹੋਰ ਵਿਕਸਤ ਦੇਸ਼ਾਂ ਵਿੱਚ ਲੋੜ ਗੋਚਰੀ ਲੇਬਰ ਨਹੀਂ ਹੈ ਤੇ ਲੇਬਰ ਬਿਨਾਂ ਕਿਸੇ ਵੀ ਦੇਸ਼ ਦੀ ਆਰਥਿਕਤਾ ਨੂੰ ਵਿਕਸਤ ਕਰਨਾ ਸੰਭਵ ਨਹੀਂ ਹੈ। ਉਹ ਉਨ੍ਹਾਂ ਨੌਜਵਾਨਾਂ ਨੂੰ ਜਿਹੜੇ ਬੋਲੀ ਸਮਝ ਅਤੇ ਬੋਲ ਸਕਦੇ ਹਨ, ਨੂੰ ਵੀਜ਼ੇ ਦੇ ਰਹੇ ਹਨ। ਕੁਝ ਪੜ੍ਹਨ ਲਈ ਆਉਂਦੇ ਹਨ, ਇਨ੍ਹਾਂ ਦੇਸ਼ਾਂ ਦਾ ਇਹ ਵੀ ਕਮਾਈ ਦਾ ਇੱਕ ਸਾਧਨ ਹੈ। ਵਿਦੇਸ਼ੀ ਵਿਦਿਆਰਥੀਆਂ ਨੂੰ ਯੂਨੀਵਰਸਟੀਆਂ ਵਿੱਚ ਪੂਰੀ

ਫੀਸ ਦੇਣੀ ਪੈਂਦੀ ਹੈ ਜੋ ਕਾਫ਼ੀ ਵੱਡੀ ਰਕਮ ਹੁੰਦੀ ਹੈ। ਗੱਲ ਕੀ ਪੰਜਾਬ ਦੀ ਉਪਜਾਊ ਜਵਾਨੀ ਵਿਦੇਸ਼ਾਂ ਨੂੰ ਦੌੜ ਰਹੀ ਹੈ ਜਿਸ ਨਾਲ ਪੰਜਾਬ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਤੇ ਪੰਜਾਬੀ ਬੋਲੀ ਦਾ ਵੀ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਹਾਲ ਵੀ ਚੀਨ ਵਰਗਾ ਹੋ ਜਾਣ ਦਾ ਡਰ ਹੈ ਜਿੱਥੇ ਬੁਢਾਪਾ ਤਾਂ ਬਥੇਰਾ ਹੈ, ਪਰ ਜਵਾਨ ਚਿਹਰਾ ਕੋਈ ਕੋਈ ਦਿਸਦਾ ਹੈ। ਕੇਰਲਾ ਦੇ ਕੁਝ ਪਿੰਡਾਂ ਵਿੱਚ ਹਾਲਤ ਅਜਿਹੀ ਹੈ ਕਿ ਅਧਿਆਪਕ ਹਨ, ਪਰ ਬੱਚੇ ਨਹੀਂ ਹਨ। ਪਿੰਡਾਂ ਵਿੱਚ ਹੀ ਬੱਚੇ ਬਹੁਤੇ ਨਹੀਂ ਹਨ। ਹੋਣ ਵੀ ਕਿਵੇਂ ਨੌਜਵਾਨ ਪਿੰਡਾਂ ਨੂੰ ਤਿਲਾਂਜਲੀ ਦੇ ਕੇ ਬਾਹਰ ਚਲੇ ਗਏ ਹਨ।

ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਵਿੱਚ ਕੰਮ ਨਹੀਂ ਹੈ? ਜਵਾਬ ਹੈ ਕੰਮ ਹੈ, ਪਰ ਜਿਹੋ ਜਿਹਾ ਕੰਮ ਕਰਨ ਲਈ ਪੰਜਾਬ ਦਾ ਨੌਜਵਾਨ ਬਿੰਬ ਬਣਾਈ ਬੈਠਾ ਹੈ ਉਹੋ ਜਿਹੇ ਕੰਮ ਨਹੀਂ ਹਨ। ਪੰਜਾਬ ਦੇ ਤਕਰੀਬਨ ਹਰ ਪਿੰਡ ਵਿੱਚ ਸੈਂਕੜੇ ਪਰਿਵਾਰ ਰਾਜਸਥਾਨ, ਬਿਹਾਰ ਤੇ ਯੂਪੀ ਆਦਿ ਤੋਂ ਆ ਕੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰੀਂ ਬੈਠੈ ਹਨ। ਉਹ ਪਿੰਡਾਂ ਵਿੱਚ ਛੋਟੀਆਂ ਦੁਕਾਨਾਂ, ਰੇਹੜੀਆਂ, ਵਰਗੇ ਛੋਟੇ ਬਿਜ਼ਨਸ ਦੇ ਨਾਲ ਨਾਲ ਬਿਜਲੀ, ਪਲੰਬਿੰਗ, ਰਾਜਗਿਰੀ, ਤਰਖਾਣ, ਲੁਹਾਰ ਗੱਲ ਕੀ ਹਰ ਕਿਸਮ ਦੇ ਕੰਮ ਸਿੱਖ ਕੇ ਚੰਗੀ ਤਰੱਕੀ ਕਰ ਰਹੇ ਹਨ। ਇਹ ਕੰਮ ਪੰਜਾਬ ਦੀ ਕਿਸਾਨੀ ਨਾਲ ਸਬੰਧਤ ਨੌਜਵਾਨ ਨਹੀਂ ਕਰਨਗੇ, ਪਰ ਜਦੋਂ ਉਹ ਦਿੱਲੀ ਪਾਰ ਕਰ ਲੈਣਗੈ ਤਾਂ ਇਹੋ ਜਿਹੇ ਕੰਮ ਖੁਸ਼ੀ ਖੁਸ਼ੀ ਕਰ ਲੈਣਗੇ। ਅਸੀਂ ਖੁਦ ਵੀ ਤਾਂ ਕੀਤੇ ਹਨ ਅਤੇ ਹੁਣ ਵੀ ਪੰਜਾਬ ਤੋਂ ਆਏ ਮੁੰਡੇ ਬਿਲਡਰਾਂ ਨਾਲ ਕੰਮ ਕਰਦੇ ਵੇਖੇ ਜਾ ਸਕਦੇ ਹਨ।

ਪੰਜਾਬ ਦੇ ਕਿਸਾਨ ਮਾਪਿਆਂ ਦੀ ਸੋਚ ਵੀ ਬਦਲ ਗਈ ਹੈ। ਉਹ ਵੀ ਕਹਿ ਦਿੰਦੇ ਹਨ ਕਿੱਲਾ ਜ਼ਮੀਨ ਦਾ ਵੇਚ ਕੇ ਮੁੰਡੇ ਨੂੰ ਬਾਹਰ ਭੇਜਣਾ ਹੈ ਤੇ ਭੇਜ ਰਹੇ ਹਨ। ਜੇ ਉਹ ਨਹੀਂ ਭੇਜਦੇ ਤਾਂ ਨੌਜਵਾਨ ਨਸ਼ਿਆਂ ਅਤੇ ਗੈਂਗਾਂ ਵੱਲ ਖਿੱਚੇ ਜਾਂਦੇ ਹਨ ਤੇ ਅਪਰਾਧੀ ਬਿਰਤੀ ਨੂੰ ਸਮਰਪਤ ਹੋ ਜਾਂਦੇ ਹਨ। ਵਿਹਲਾ ਮਨ ਸ਼ੈਤਾਨ ਦਾ ਘਰ ਵਾਲੀ ਗੱਲ ਹੈ। ਵਿਹਲੇ ਨੌਜਵਾਨ ਹੋਰ ਕਰਨਗੇ ਵੀ ਕੀ?

ਮੁੱਖ ਸਵਾਲ ਹੈ ਪੰਜਾਬੀ ਦਾ ਭਵਿੱਖ ਕਿਹੋ ਜਿਹਾ ਹੈ? ਮੇਰੇ ਖਿਆਲ ਵਿੱਚ ਪੰਜਾਬੀ ਨੂੰ ਬੋਲਣ ਪੜ੍ਹਨ ਅਤੇ ਸਿੱਖਣ ਵਾਲੇ ਲੋਕਾਂ ਵਿੱਚ ਵੱਡੀ ਕਮੀ ਨਹੀਂ ਆਵੇਗੀ। ਪਰਵਾਸੀ ਮਜ਼ਦੂਰ ਅਤੇ ਦਲਿਤ ਬੱਚੇ ਪੰਜਾਬੀ ਨੂੰ ਅਪਣਾ ਰਹੇ ਹਨ ਤੇ ਅਪਣਾਉਂਦੇ ਰਹਿਣਗੇ। ਇਹ ਬੱਚੇ ਲੋਕਲ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਵਿੱਚੋਂ ਹੀ ਅਧਿਆਪਕ, ਕਲਰਕ ਅਤੇ ਲੇਖਕ ਵੀ ਪੈਦਾ ਹੋ ਰਹੇ ਹਨ। ਉਹ ਹੁਣ ਬਿਹਾਰ ਜਾਂ ਯੂਪੀ ਜਾਣ ਬਾਰੇ ਨਹੀਂ ਸੋਚਦੇ ਸਗੋਂ ਉੱਥੋਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਪੰਜਾਬ ਵਿੱਚ ਸੱਦ ਕੇ ਕੰਮਾਂ ’ਤੇ ਲਗਾ ਰਹੇ ਹਨ। ਉਨ੍ਹਾਂ ਦੀ ਮਾਤ ਭੂਮੀ ਪੰਜਾਬ ਹੈ ਤੇ ਮਾਂ ਬੋਲੀ ਪੰਜਾਬੀ।

ਇੱਕ ਪਾਸੇ ਹੋਰ ਵੀ ਧਿਆਨ ਦੇਣ ਦੀ ਲੋੜ ਹੈ। ਪੰਜਾਬ ਵਿੱਚ ਹੁਣ ਖੇਤੀ ਖੇਤਰ ਦੀ ਥਾਂ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ ਜਿਸ ਨਾਲ ਨਵੀਆਂ ਨੌਕਰੀਆਂ ਵੀ ਪੈਦਾ ਹੋਣ ਤੇ ਪੰਜਾਬ ਦੀ ਆਰਥਿਕਤਾ ਵੀ ਅਮੀਰ ਹੋਵੇ। ਪਰ ਇੰਡਸਟਰੀ ਲਈ ਜ਼ਮੀਨ ਚਾਹੀਦੀ ਹੈ ਤੇ ਜਿੱਥੇ ਇੰਡਸਟਰੀ ਲੱਗਣ ਦੀ ਗੱਲ ਚੱਲਦੀ ਹੈ ਤਾਂ ਜ਼ਮੀਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿਰੋਧ ਕਰਨ ਲੱਗਦੀਆਂ ਹਨ। ਇਹ ਸਹੀ ਨਹੀਂ ਲੱਗਦਾ। ਕਿਸਾਨ ਜਥੇਬੰਦੀਆਂ ਨੂੰ ਆਪਣੀ ਪਹੁੰਚ ਬਾਰੇ ਫਿਰ ਤੋਂ ਸੋਚਣਾ ਚਾਹੀਦਾ ਹੈ। ਹੁਣੇ ਹੀ ਜ਼ੀਰੇ ਵਿੱਚ ਸ਼ਰਾਬ ਦੀ ਫੈਕਟਰੀ ਦਾ ਮੁੱਦਾ ਸੀ। ਜਿਸ ਤਰ੍ਹਾਂ ਫੈਕਟਰੀ ਦੇ ਮਾਲਕਾਂ ਨੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਜਿਹੜੇ ਸਰਕਾਰੀ ਅਫ਼ਸਰਾਂ ਨੇ ਉਨ੍ਹਾਂ ਦੀ ਮਦਦ ਕੀਤੀ, ਉਨ੍ਹਾਂ ਨੂੰ ਉਸ ਤੋਂ ਵੀ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਪਰ ਫੈਕਟਰੀ ਨੂੰ ਬੰਦ ਕਰਨ ਨਾਲ ਚਾਰ ਸੌ ਦੇ ਕਰੀਬ ਨੌਕਰੀਆਂ ਵੀ ਗਈਆਂ ਤੇ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਵੀ ਹੋਇਆ। ਮੇਰੇ ਖਿਆਲ ਵਿੱਚ ਜੇ ਨੌਜਵਾਨਾਂ ਦੇ ਭਵਿੱਖ ਅਤੇ ਨਾਲੋ ਨਾਲ ਪੰਜਾਬ ਅਤੇ ਪੰਜਾਬੀ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ ਤਾਂ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਜੇ ਨਵੀਆਂ ਨੌਕਰੀਆਂ ਨਹੀਂ ਤਾਂ ਪੰਜਾਬ ਵਿੱਚੋਂ ਜਵਾਨੀ ਬਾਹਰ ਜਾਣ ਲਈ ਮਜਬੂਰ ਹੁੰਦੀ ਹੀ ਰਹੇਗੀ ਤੇ ਬਾਹਰ ਜਾਣ ਲਈ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਪਹਿਲ ਮਿਲਦੀ ਰਹੇਗੀ।

ਕੁਝ ਕੁ ਗੱਲਾਂ ਵੱਲ ਧਿਆਨ ਦੇਣ ਨਾਲ ਸ਼ਾਇਦ ਪੰਜਾਬ ਦੀ ਜਵਾਨੀ ਅਤੇ ਪੰਜਾਬੀ ਨੂੰ ਫਾਇਦਾ ਹੋ ਸਕਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਵਿਦਿਆ ਯਾਨੀ ਸਰਕਾਰੀ ਸਕੂਲਾਂ ਵਿੱਚ ਨਿਵੇਸ਼ ਕਰਨ ਦੀ ਲੋੜ ਹੈ। ਸਰਕਾਰ ਜਿਸ ਤਰ੍ਹਾਂ ਸਕੂਲਾਂ ਨੂੰ ਚਲਾ ਰਹੀ ਹੈ ਉਸ ਤੋਂ ਸਕੂਲਾਂ ਦਾ ਭਵਿੱਖ ਖਤਰੇ ਵਿੱਚ ਲੱਗਦਾ ਹੈ। ਬੱਚਿਆਂ ਨੂੰ ਮੌਜੂਦਾ ਪੜ੍ਹਾਈ ਦੇ ਨਾਲ ਕੁਝ ਹੁਨਰ ਸਿਖਾਉਣ ਦੀ ਲੋੜ ਹੈ। ਬਦਲੇ ਹਾਲਤਾਂ ਵਿੱਚ ਅਮਲੀ ਵਿਦਿਆ ਬਹੁਤ ਜ਼ਰੂਰੀ ਹੈ। ਮਕੈਨਿਕ, ਬਿਜਲੀ, ਪਲੰਬਿੰਗ, ਰਾਜਗਿਰੀ, ਵਪਾਰ ਆਦਿ ਦੀ ਅਮਲੀ ਸਿੱਖਿਆ ਬੱਚਿਆਂ ਨੂੰ ਸਕੂਲਾਂ ਵਿੱਚ ਹੀ ਦਿੱਤੀ ਜਾਵੇ ਤੇ ਅੱਗੇ ਉਹ ਆਪਣੇ ਭਵਿੱਖ ਬਾਰੇ ਖੁਦ ਨਿਰਣਾ ਕਰਨ।

ਸਕੂਲਾਂ ਵਿੱਚ ਜਿਹੜੇ ਪੰਜ ਸੱਤ ਹਜ਼ਾਰ ਦੀਆਂ ਤਨਖਾਹਾਂ ’ਤੇ ਅਧਿਆਪਕ ਭਰਤੀ ਕੀਤੇ ਜਾਂਦੇ ਹਨ ਉਹ ਬੰਦ ਕੀਤੇ ਜਾਣ। ਇਸ ਨਾਲ ਹੀਣੇਪਣ ਦਾ ਅਹਿਸਾਸ ਹੁੰਦਾ ਹੈ। ਪੱਕੀਆਂ ਨੌਕਰੀਆਂ ਪੂਰੀ ਤਨਖਾਹ ’ਤੇ ਦਿੱਤੀਆਂ ਜਾਣ। ਜੇ ਅਧਿਆਪਕਾਂ ਵਿੱਚ ਸਵੈ-ਵਿਸ਼ਵਾਸ, ਸਵੈ-ਸਤਿਕਾਰ ਹੀ ਪੈਦਾ ਨਹੀਂ ਹੋਵੇਗਾ ਤਾਂ ਬੱਚਿਆਂ ’ਤੇ ਵੀ ਇਸ ਦਾ ਨਾਂਹ ਵਾਚਕ ਅਸਰ ਪੈਣਾ ਕੁਦਰਤੀ ਹੈ। ਸਕੂਲਾਂ ਵਿੱਚ ਲੋੜ ਅਨੁਸਾਰ ਉਪਕਰਨ ਦਿੱਤੇ ਜਾਣ ਜਿਵੇਂ ਕੰਪਿਊਟਰ ਆਦਿ। ਜੇ ਸੱਚਮੁੱਚ ਹੀ ਸਰਕਾਰ ਵੀ ਪੰਜਾਬੀ ਬੋਲੀ ਪ੍ਰਤੀ ਸੁਹਿਰਦ ਹੋਵੇ ਤਾਂ ਉਸ ਨੂੰ ਰੂਸ ਅਤੇ ਯੂਕਰੇਨ ਤੋਂ ਸਿੱਖਣਾ ਚਾਹੀਦਾ ਹੈ ਜਿੱਥੇ ਭਾਰਤ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਸਾਇੰਸ ਅਤੇ ਮੈਡੀਕਲ ਦੀ ਸਿੱਖਿਆ ਲਈ ਜਾਂਦੇ ਹਨ। ਉੱਥੇ ਜਾ ਕੇ ਪਹਿਲਾਂ ਸਥਾਨਕ ਬੋਲੀ ਸਿੱਖਦੇ ਹਨ ਜਿਸ ਦਾ ਪੰਜਾਬ ਜਾਂ ਭਾਰਤੀ ਬੋਲੀਆਂ ਨਾਲ ਨਾਂਹ ਵਰਗਾ ਵਾਹ ਹੈ। ਅੰਗਰੇਜ਼ੀ ਤਾਂ ਸਾਡੇ ਸੰਵਿਧਾਨ ਵਿੱਚ ਵੀ ਮਾਨਤਾ ਪ੍ਰਾਪਤ ਬੋਲੀ ਹੈ। ਉਹ ਵਿਦਿਆਰਥੀ ਸਾਲ ਭਰ ਬੋਲੀ ਸਿੱਖਣ ਬਾਅਦ ਆਪਣੀ ਡਿਗਰੀ ਪੂਰੀ ਕਰਦੇ ਹਨ। ਜੇ ਪੰਜਾਬ ਦੀ ਸਰਕਾਰ ਚਾਹੇ ਤਾਂ ਪੰਜਾਬ ਵਿੱਚ ਵੀ ਉੱਚ ਵਿਦਿਆ ਨੂੰ ਵਪਾਰਕ ਪੱਖ ਤੋਂ ਵੀ ਵਿਕਸਤ ਕੀਤਾ ਜਾ ਸਕਦਾ ਹੈ ਜਿਸ ਨਾਲ ਪੰਜਾਬੀ ਬੋਲੀ ਨੂੰ ਵੀ ਵੱਡਾ ਫਾਇਦਾ ਹੋਵੇਗਾ। ਪਰ ਉਸ ਤੋਂ ਪਹਿਲਾਂ ਬਹੁਤ ਲਗਨ ਤੇ ਮਿਹਨਤ ਨਾਲ ਸਾਇੰਸ ਤੇ ਮੈਡੀਕਲ ਦੀ ਪੰਜਾਬੀ ਸ਼ਬਦਾਵਲੀ ਵਿਕਸਤ ਕਰਨੀ ਪਵੇਗੀ।

ਪੰਜਾਬ ਵਿੱਚ ਇੰਡਸਟਰੀ ਲਗਾਉਣ ਵੱਲ ਧਿਆਨ ਦਿੱਤਾ ਜਾਵੇ। ਲੋਕਾਂ ਤੋਂ ਜ਼ਮੀਨ ਖਰੀਦਣ (ਜੇ ਉਹ ਵੇਚਣਾ ਨਾ ਚਾਹੁਣ ਤਾਂ) ਦੀ ਥਾਂ ਪਟੇ ’ਤੇ ਲਈ ਜਾਵੇ ਤੇ ਉਨ੍ਹਾਂ ਨੂੰ ਜਿੰਨੀ ਕੁ ਆਮਦਨ ਫ਼ਸਲ ਨਾਲ ਹੁੰਦੀ ਹੈ ਉਸ ਅਨੁਸਾਰ ਠੇਕਾ ਦਿੱਤਾ ਜਾਵੇ ਜਿਸ ਵਿੱਚ ਮਹਿੰਗਾਈ ਦੇ ਵਾਧੇ ਅਨੁਸਾਰ ਹੀ ਸਾਲਾਨਾ ਵਾਧਾ ਹੋਵੇ। ਇੰਡਸਟਰੀ ਲਈ ਵਾਤਾਵਰਨ ਦੀ ਭਲਾਈ ਅਤੇ ਸੰਭਾਲ ਲਈ ਸਖ਼ਤ ਕਾਨੂੰਨ ਲਾਗੂ ਹੋਣ ਤੇ ਪ੍ਰਦੂਸ਼ਣ ਟੈਕਸ ਲਗਾਇਆ ਜਾਵੇ ਤਾਂ ਜੋ ਮਾਲਕ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵੱਲ ਧਿਆਨ ਦੇਣ। ਅਜਿਹੇ ਹੋਰ ਵੀ ਕਦਮ ਉਠਾਏ ਜਾ ਸਕਦੇ ਹਨ, ਪਰ ਲੋਕਾਂ ਨੂੰ ਸਰਕਾਰ ’ਤੇ ਜ਼ੋਰ ਪਾਉਣਾ ਪਵੇਗਾ। ਪੰਜਾਬ ਅਤੇ ਪੰਜਾਬੀ ਦੀ ਭਲਾਈ ਚਾਹੁਣ ਵਾਲਿਆਂ ਨੂੰ ਪਿੰਡ ਪੱਧਰ ਤੋਂ ਅਜਿਹੀਆਂ ਮੰਗਾਂ ਉਠਾਉਣੀਆਂ ਪੈਣਗੀਆਂ ਕਿਉਂਕਿ ਸਾਡੀਆਂ ਸਰਕਾਰਾਂ ਉੱਚੀ ਆਵਾਜ਼ ਸੁਣਨ ਦੀਆਂ ਹੀ ਆਦੀ ਹੋ ਚੁੱਕੀਆਂ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-