ਫੀਚਰਜ਼ਭਾਰਤ

ਰਾਹੁਲ ਗਾਂਧੀ ਦੀ ਅਖੌਤੀ ‘ਮੁਹੱਬਤ ਦੀ ਦੁਕਾਨ’ ਦੀ ਕੋਈ ਲੋੜ ਨਹੀਂ : ਰੱਖਿਆ ਮੰਤਰੀ ਰਾਜਨਾਥ ਸਿੰਘ

ਯਮੁਨਾਨਗਰ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਨਫ਼ਰਤ ਦੇ ਬਾਜ਼ਾਰ’ ਵਾਲੀ ਟਿਪਣੀ ਲਈ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਅਖੌਤੀ ‘ਮੁਹੱਬਤ ਦੀ ਦੁਕਾਨ’ ਦੀ ਕੋਈ ਲੋੜ ਨਹੀਂ ਹੈ। ਕੇਂਦਰ ‘ਚ ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਰੱਖਿਆ ਮੰਤਰੀ ਨੇ ‘ਗੌਰਵਸ਼ਾਲੀ ਭਾਰਤ’ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਦੇਸ਼ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਕਈ ਯੋਜਨਾਵਾਂ ਜਿਨ੍ਹਾਂ ਦੀ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ, ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀਆਂ ਗਈਆਂ ਹਨ। ਰੱਖਿਆ ਮੰਤਰੀ ਨੇ ਕਿਹਾ, “ਪਰ ਸਾਡੇ ਕਾਂਗਰਸੀਆਂ ਦਾ ਕੀ ਹੋ ਰਿਹਾ ਹੈ? ਉਨ੍ਹਾਂ ਦੇ ਇਕ ਨੇਤਾ ਜਿਥੇ ਵੀ ਜਾਂਦੇ ਹਨ, ਕਹਿੰਦੇ ਹਨ ਕਿ ਉਥੇ ‘ਨਫ਼ਰਤ ਦਾ ਬਾਜ਼ਾਰ’ ਹੈ ਅਤੇ ਉਹ ਉਥੇ ‘ਮੁਹੱਬਤ ਦੀ ਦੁਕਾਨ’ ਖੋਲ੍ਹਣ ਆਏ ਹਨ।

‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ‘ਤੇ ਨਫ਼ਰਤ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ‘ਨਫ਼ਰਤ ਦੇ ਬਜ਼ਾਰ’ ‘ਚ ‘ਮੁਹੱਬਤ ਦੀ ਦੁਕਾਨ’ ਖੋਲ੍ਹਣਾ ਚਾਹੁੰਦੇ ਹਨ। ਕੇਂਦਰੀ ਮੰਤਰੀ ਨੇ ਕਿਹਾ, ‘ਮੈਂ ਪੁੱਛਣਾ ਚਾਹੁੰਦਾ ਹਾਂ, ਕੀ ਹਰਿਆਣਾ ਵਿਚ ਕੋਈ ਨਫ਼ਰਤ ਦਾ ਬਾਜ਼ਾਰ ਹੈ?” ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇਤਾ ਦੀ ‘ਮੁਹੱਬਤ ਦੀ ਦੁਕਾਨ’ ਦੀ ਕੋਈ ਗੁੰਜਾਇਸ਼ ਨਹੀਂ ਹੈ।

ਰਾਜਨਾਥ ਸਿੰਘ ਨੇ ਪੁਛਿਆ, “ਨਫ਼ਰਤ ਕਿਥੇ ਹੈ?” ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਭਾਰਤ ਕੌਮਾਂਤਰੀ ਮੰਚਾਂ ਵਿਚ ਬੋਲਦਾ ਸੀ ਤਾਂ ਲੋਕ ਉਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ ਸੀ ਕਿਉਂਕਿ ਉਹ ਇਸ ਨੂੰ “ਕਮਜ਼ੋਰ” ਦੇਸ਼ ਅਤੇ ਗ਼ਰੀਬਾਂ ਦਾ ਦੇਸ਼ ਸਮਝਦੇ ਸੀ ਪਰ ਅੱਜ ਜਦੋਂ ਭਾਰਤ ਕੌਮਾਂਤਰੀ ਮੰਚ ਉਤੇ ਬੋਲਦਾ ਹੈ ਤਾਂ ਲੋਕ ਉਸ ਨੂੰ ਸੁਣਦੇ ਹਨ।

ਭਾਜਪਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਅਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨੇ ਪਖਾਨੇ ਬਣਾਉਣ ਵਿਚ ਲਾਭਪਾਤਰੀਆਂ ਦੀ ਜਾਤ ਅਤੇ ਧਰਮ ਦਾ ਧਿਆਨ ਰੱਖਿਆ? ਕੀ ਕਿਸੇ ਨਾਲ ਕੋਈ ਵਿਤਕਰਾ ਹੋਇਆ ਹੈ?ਕਾਂਗਰਸ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨਿਰਾਸ਼ਾ ਕਾਰਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਭਾਜਪਾ ਵਿਰੁਧ ਬੇਤੁਕੇ ਬਿਆਨ ਦੇ ਰਹੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-