ਟਾਪ ਨਿਊਜ਼ਪੰਜਾਬ

ਭਾਈ ਅੰਮ੍ਰਿਤਪਾਲ ਸਿੰਘ ਦੇ 27 ਸਾਥੀਆਂ ਵਿਰੁਧ ਅਦਾਲਤ ’ਚ ਚਲਾਨ ਪੇਸ਼

ਅਜਨਾਲਾ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿਚ ਦਾਖ਼ਲ ਹੋਣ (ਕਥਿੱਤ ਹਿੰਸਾ) ਦੇ ਮਾਮਲੇ ਵਿਚ ਪੁਲਿਸ ਨੇ ਚਲਾਨ ਪੇਸ਼ ਕੀਤਾ ਹੈ। ਇਹ ਚਲਾਨ ਭਾਈ ਅੰਮ੍ਰਿਤਪਾਲ ਸਿੰਘ ਦੇ 27 ਸਾਥੀਆਂ ਵਿਰੁਧ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ 250 ਅਣਪਛਾਤੇ ਲੋਕਾਂ ਦੇ ਵਿਰੁਧ ਐਫ,ਆਈ,ਆਰ, ਵੀ ਦਰਜ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਅਤੇ ਹੋਰਨਾਂ ਦੇ ਨਾਂ ’ਤੇ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ। ਡਿਬਰੂਗੜ੍ਹ ਜੇਲ ਵਿਚ ਹੋਣ ਕਾਰਨ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁਧ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ। ਜਲਦ ਹੀ ਉਨ੍ਹਾਂ ਵਿਰੁਧ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ।

ਇਸ ਚਲਾਨ ਵਿਚ ਪੁਲਿਸ ਨੂੰ ਮੁਲਜ਼ਮਾਂ ਵਿਰੁਧ ਆਈ.ਪੀ.ਸੀ. ਦੀਆਂ ਧਾਰਾਵਾਂ 307, 353, 186, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਨ ਲਈ ਕਿਹਾ ਗਿਆ ਹੈ। ਪੁਲਿਸ ਵਲੋਂ ਏ.ਐਸ.ਆਈ. ਰਤਨ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਪੇਸ਼ ਕੀਤੇ ਚਲਾਨ ਵਿਚ ਐਸ.ਪੀ. ਜੁਗਰਾਜ ਸਿੰਘ ਨੂੰ ਵੀ ਮੁੱਖ ਗਵਾਹ ਵਜੋਂ ਰੱਖਿਆ ਗਿਆ ਹੈ। ਜਿਸ ਦੇ ਸਿਰ ਵਿਚ 10 ਤੋਂ ਵੱਧ ਟਾਂਕੇ ਲੱਗੇ ਸਨ।

23 ਫਰਵਰੀ ਨੂੰ ਖਾਲਿਸਤਾਨ ਪੱਖੀ ਸੰਗਠਨ ‘ਵਾਰਿਸ ਪੰਜਾਬ ਦੇ’ ਨਾਲ ਸਬੰਧਤ ਹਜ਼ਾਰਾਂ ਲੋਕਾਂ ਨੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਤੇ ਹਮਲਾ ਕਰ ਦਿਤਾ। ਉਨ੍ਹਾਂ ਦੇ ਹੱਥਾਂ ਵਿਚ ਬੰਦੂਕਾਂ ਅਤੇ ਤਲਵਾਰਾਂ ਸਨ। ਇਹ ਲੋਕ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਸਿੰਘ ਤੂਫਾਨ ਦੀ ‘ਗੈਰ-ਕਾਨੂੰਨੀ’ ਗ੍ਰਿਫ਼ਤਾਰੀ ਵਿਰੁਧ ਰੋਸ ਪ੍ਰਦਰਸ਼ਨ ਕਰ ਰਹੇ ਸਨ।

ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਚ ਭਾਈ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ ਸਾਥੀ ਤੂਫਾਨ ਸਿੰਘ ਸਮੇਤ ਕੁੱਲ 30 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-