ਬੀਰਦਵਿੰਦਰ ਸਿੰਘ ਦਾ ਦਿਹਾਂਤ
ਮੋਹਾਲੀ: ਵੈਸਟ ਪਾਰਲੀਮੈਂਟਰੀ ਐਵਾਰਡ ਨਾਲ ਸਨਮਾਨਿਤ 74 ਵਰ੍ਹਿਆਂ ਦੇ ਬੀਰਦਵਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਬੀਰ ਦਵਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਪੀ. ਜੀ. ਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਨ। ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਉਨ੍ਹਾਂ ਅੰਤਿਮ ਸਾਹ ਲਿਆ। ਬੀਰ ਦਵਿੰਦਰ ਸਿੰਘ ਦੇ ਫੂਡ ਪਾਈਪ ਵਿਚ ਕੈਂਸਰ ਡਿਟੈਕਟ ਹੋਇਆ ਸੀ, ਲੰਘੀ 16 ਜੂਨ ਨੂੰ ਉਨ੍ਹਾਂ ਦੀ ਸਿਹਤ ਵਿਚ ਕਾਫੀ ਕਮਜ਼ੋਰੀ ਆ ਗਈ ਸੀ ਅਤੇ ਪੀ .ਜੀ .ਆਈ ਵਿਖੇ ਬੀਰ ਦਵਿੰਦਰ ਸਿੰਘ ਦਾ ਬੇਟਾ ਅਨੰਤਵੀਰ ਸਿੰਘ ਸਰਾਓ, ਬੇਟੀ ਵਿੰਕੂ ਸਰਾਓ ਮੌਜੂਦ ਸਨ। ਜਾਣਕਾਰੀ ਅਨੁਸਾਰ ਬੀਰ ਦਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਪਟਿਆਲਾ ਵਿਖੇ ਹੀ ਹੋਵੇਗਾ।
ਬੀਰ ਦਵਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਬੀਰ ਦਵਿੰਦਰ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਆਗੂ ਵੀ ਰਹੇ ਹਨ ਅਤੇ 1980 ਵਿਚ ਉਨ੍ਹਾਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਅਤੇ ਰਾਜਨੀਤਕ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ। 2002 ਵਿਚ ਉਹ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਰਹੇ। ਆਪਣੇ ਜੀਵਨ ਕਾਲ ਦੌਰਾਨ ਉਹ ਸਰਬੋਤਮ ਬੁਲਾਰੇ ਹੋਣ ਦੇ ਨਾਲ-ਨਾਲ ਵਧੀਆ ਹਾਜ਼ਰ-ਜਵਾਬੀ ਦੇ ਲਈ ਵੀ ਜਾਣੇ ਜਾਂਦੇ ਸਨ।