ਬਦਲਾਅ ਦੇ ਰੰਗ: ਕੱਚੇ ਮੁਲਾਜ਼ਮਾਂ ’ਤੇ ਪੁਲਿਸੀਆ ਕਹਿਰ, ਪੱਗਾਂ ਲੱਥੀਆਂ ਤੇ ਪੱਤਰਕਾਰਾਂ ਦੇ ਕੈਮਰੇ ਤੋੜੇ
ਸੰਗਰੂਰ : ਸੰਗਰੂਰ ਦੇ ਪਿੰਡ ਖੁਰਾਣਾ ਦੀ ਪਾਣੀ ਵਾਲੀ ਟੈਂਕੀ ’ਤੇ ਧਰਨਾ ਦੇ ਰਹੇ ਕੱਚੇ ਅਧਿਆਪਕਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਦੱਸ ਦਈਏ ਕਿ ਅੱਜ ਕੱਚੇ ਅਧਿਆਪਕ ਸੰਗਰੂਰ ਦੇ ਪਿੰਡ ਖੁਰਾਣਾ ਤੋਂ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ। ਜਾਣਕਾਰੀ ਮੁਤਾਬਕ ਕੱਚੇ ਅਧਿਆਪਕਾਂ ਦੇ ਸਮਰਥਨ ‘ਚ ਆਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਉੱਤੇ ਵੀ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਤੋਂ ਬਾਅਦ ਇਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮਿਲੀਆਂ ਰਿਪੋਰਟਾਂ ਅਨੁਸਾਰ ਪੁਲਿਸ ਨੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ’ਤੇ ਜ਼ੋਰਦਾਰ ਪੁਲਿਸ ਬਲ ਦੀ ਵਰਤੋਂ ਕੀਤੀ। ਕਈ ਅਧਿਆਪਕਾਂ ਦੇ ਸੱਟਾਂ ਵੀ ਲੱਗਣ ਦੀ ਖ਼ਬਰ ਹੈ। ਇਸ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਤੇ ਚੁੰਨੀਆਂ ਲੱਥ ਗਈਆਂ। ਪੁਲੀਸ ਨੇ ਅਨੇਕਾਂ ਪ੍ਰਦਰਸ਼ਨਕਾਰੀਆਂ ਨੂੰ ਧੂਹ ਕੇ ਹਿਰਾਸਤ ਵਿੱਚ ਲਿਆ ਗਿਆ। ਪੁਲੀਸ ਨੇ ਮੌਕੇ ’ਤੇ ਮੌਜੂਦ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ। ਦੋ ਪੱਤਰਕਾਰਾਂ ਦੇ ਕੈਮਰੇ ਖੋਹ ਕੇ ਸੁੱਟ ਦਿੱਤੇ। ਖ਼ਬਰ ਲਿਖੇ ਜਾਣ ਤੱਕ ਮਾਹੌਲ ਤਣਾਅ ਪੂਰਨ ਸੀ ਤੇ ਅਧਿਆਪਕਾ ਦਾ ਕਰੀਬ 18 ਦਿਨਾਂ ਤੋਂ ਟੈਂਕੀ ਸੰਘਰਸ਼ ਜਾਰੀ ਹੈ।