ਫੀਚਰਜ਼ਫ਼ੁਟਕਲ

ਨਸ਼ਾ ਤਸਕਰ ਜੋੜਾ ਗ੍ਰਿਫ਼ਤਾਰ, ਕਰਜ਼ਾ ਮੋੜਨ ਲਈ ਪਤੀ-ਪਤਨੀ ਨੇ ਅਪਣਾਇਆ ਨਸ਼ਾ ਤਸਕਰੀ ਦਾ ਰਾਹ

ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਨੇ ਨਸ਼ਾ ਤਸਕਰ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਘਰ ਦੇ ਖ਼ਰਚੇ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਦੋਵਾਂ ਨੇ ਪਹਿਲਾਂ ਵੀ ਕਈ ਲੋਕਾਂ ਤੋਂ ਕਰਜ਼ਾ ਲਿਆ ਸੀ ਪਰ ਆਮਦਨ ਨਾ ਹੋਣ ਕਾਰਨ ਉਹ ਕਰਜ਼ਾ ਮੋੜਨ ਦੇ ਸਮਰੱਥ ਨਹੀਂ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਦੋਵਾਂ ਨੇ ਸ਼ਹਿਰ ਵਿਚ ਨਸ਼ਾ ਤਸਕਰੀ ਸ਼ੁਰੂ ਕਰ ਦਿਤੀ। ਨਸ਼ਾ ਤਸਕਰੀ ਦਾ ਖ਼ਿਆਲ ਪਤੀ ਨੇ ਪਤਨੀ ਨੂੰ ਦਿਤਾ ਸੀ ਪਰ ਦੋਵਾਂ ਦੀਆਂ ਦੁਕਾਨਾਂ ਜ਼ਿਆਦਾ ਦੇਰ ਨਾ ਚੱਲ ਸਕੀਆਂ।

ਚੰਡੀਗੜ੍ਹ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ 26 ਸਾਲਾ ਸਾਹਿਲ ਅਤੇ ਉਸ ਦੀ 19 ਸਾਲਾ ਪਤਨੀ ਸਮਤਾ ਉਰਫ਼ ਸਨੋ ਨੂੰ ਸੈਕਟਰ-26 ਸਥਿਤ ਬਾਪੂ ਧਾਮ ਕਲੋਨੀ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਕੋਲੋਂ 103 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵੇਂ ਸੈਕਟਰ-25 ਦੇ ਵਸਨੀਕ ਹਨ। ਸਾਹਿਲ ਪਹਿਲਾਂ ਵੀ ਕੁੱਟਮਾਰ ਦੇ 2 ਮਾਮਲਿਆਂ ਤੋਂ ਇਲਾਵਾ ਨਸ਼ਾ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਹੋ ਚੁੱਕਾ ਹੈ। ਫਿਲਹਾਲ ਉਹ 3 ਮਾਮਲਿਆਂ ‘ਚ ਜ਼ਮਾਨਤ ‘ਤੇ ਬਾਹਰ ਹੈ।

ਦੱਸ ਦੇਈਏ ਕਿ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਨਾਕੇ ‘ਤੇ ਰੋਕ ਲਿਆ। ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣੇ ਗਲਤ ਨਾਂ ਦੱਸੇ। ਤਲਾਸ਼ੀ ਲੈਣ ‘ਤੇ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਹੈਰੋਇਨ ਬਰਾਮਦ ਕੀਤੀ। ਪੁਲਿਸ ਅਨੁਸਾਰ ਸਾਹਿਲ ਕੋਲੋਂ 85 ਗ੍ਰਾਮ ਹੈਰੋਇਨ ਅਤੇ ਬਾਕੀ 18 ਗ੍ਰਾਮ ਸਮਤਾ ਕੋਲ ਸੀ। ਜੋੜੇ ਨੂੰ ਇਕ ਦਿਨ ਦੇ ਰਿਮਾਂਡ ‘ਤੇ ਭੇਜ ਦਿਤਾ ਗਿਆ ਹੈ। ਸੈਕਟਰ-26 ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-