ਕੀ ਪੰਜਾਬੀ ਮਾਂ ਬੋਲੀ ਦੀ ਦੁਰਦਸ਼ਾ ਇਸ ਤਰਾਂ ਹੀ ਹੁੰਦੀ ਰਹੇਗੀ ? (ਸਤਨਾਮ ਸਿੰਘ ਚਾਹਲ)

ਜਦੋਂ ਅਸੀਂ ਕਹਿੰਦੇ ਹਾਂ ਜਾਂ ਉਚੀ ਉਚੀ ਨਾਹਰੇ ਮਾਰਦੇ ਇਹ ਦਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ ਸਾਡੀ ਮਾਤ ਭਾਸ਼ਾ ਹੈ ਤੇ ਅਸੀਂ ਇਸ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛਡਾਂਗੇ ਤਾਂ ਮੈਨੂੰ ਇਹ ਸਾਰਾ ਕੁਝ ਇਕ ਅਡੰਬਰ ਤੇ ਵਿਖਾਵਾ ਲਗਦਾ ਹੈ।ਸਾਡੇ ਬੁਧੀਮਾਨ ਵਰਗ ਦੇ ਲੋਕ ਹਰ ਸਾਲ ਫਰਵਰੀ ਦੇ ਮਹੀਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਪਣੇ ਹੱਥਾਂ ਵਿਚ ਤਖਤੀਆਂ ਫੜਕੇ ਜੋਰਦਾਰ ਵਿਖਾਵੇ ਕਰਕੇ ਪੰਜਾਬੀ ਮਾਂ ਬੋਲੀ ਪੰਜਾਬੀ ਦੇ ਵਫਾਦਾਰ ਸਬੂਤ ਹੋਣ ਦਾ ਦਾਅਵਾ ਕਰਦੇ ਰਹਿੰਦੇ ਹਨ ਤਾਂ ਮੈਨੂੰ ਇਹ ਸਾਰਾ ਕੁਝ ਇਕ ਝੂਠੀ ਸ਼ੋਹਰਤ ਪਰਾਪਤ ਕਰਨ ਤੋਂ ਜਿਆਦਾ ਕੁਝ ਵੀ ਵਿਖਾਈ ਨਹੀਂ ਦਿੰਦਾ।ਕੱਲ ਰਾਤ ਮੇਰੇ ਨਾਲ ਵਾਪਰੀ ਇਕ ਘਟਨਾ ਨੇ ਮੇਰੇ ਇਸ ਵਹਿਮ ਨੂੰ ਹੋਰ ਵੀ ਪੱਕਾ ਕਰਕੇ ਰੱਖ ਦਿਤਾ ਹੈ॥ਜਲੰਧਰ ਦੇ ਇਕ ਪਰਸਿਧ ਹੋਟਲ ਵਿਚ ਇਕ ਨਾਮਵਰ ਬੈਂਕ ਨੇ ਇਕ ਸਮਾਗਮ ਕੀਤਾ ਜਿਸ ਵਿਚ ਮੇਰੇ ਸਮੇਤ ਲਗਭਗ ਢਾਈ ਸੌ ਪਰਵਾਸੀ ਪੰਜਾਬੀ ਤੇ ਬੈਂਕ ਦੇ ਉਚ ਅਧਿਕਾਰੀ ਵੀ ਸ਼ਾਂਮਲ ਹੋਏ।ਸਮਾਗਮ ਦੀ ਸਟੇਜ ਦੀ ਕਾਰਵਾਈ ਚਲਾਉਣ ਲਈ ਜਾਣੇ ਜਾਂ ਅਣਜਾਣੇ ਵਿਚ ਇਕ ਐਸੇ ਵਿਅਕਤੀ ਦੀ ਡਿਊਟੀ ਲਗਾਈ ਗਈ ਜਿਹੜਾ ਇਕ ਫਿਰਕਾਪ੍ਰਸਤ ਤਬੀਅਤ ਦਾ ਮਾਲਕ ਸੀ।ਸਮਾਗਮ ਵਿਚ ਲਗਭਗ 80 ਪ੍ਰਤੀਸ਼ਤ ਪਗੜੀਆਂ ਵਾਲੇ ਸਰਦਾਰ,ਪੰਦਰਾਂ ਕੁ ਪ੍ਰਤੀਸ਼ਤ ਬਗੈਰ ਪਗੜੀ ਬੰਨੇ ਪੰਜਾਬੀ ਤੇ ਪੰਜ ਕੁ ਪ੍ਰਤੀਸ਼ਤ ਬੈਂਕ ਦੇ ਉਚ ਅਧਿਕਾਰੀ ਸ਼ਾਮਲ ਸਨ।ਬੈਂਕ ਵਲੋਂ ਆਏ ਹੋਏ ਮਹਿਮਾਨਾਂ ਦੀ ਸੇਵਾ ਕਰਨ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸਨ ਜਿਹਨਾਂ ਵਿਚ ਵਧੀਆ ਕਿਸਮ ਦੀ ਸ਼ਰਾਬ ਦਾ ਪ੍ਰਬੰਧ ਵੀ ਸ਼ਾਮਲ ਸੀ।ਮੈਂ ਆਪਣੇ ਸੁਭਾਅ ਅਨੁਸਾਰ ਚੁਪ ਚਾਪ ਸਮਾਗਮ ਦੀ ਇਕ ਸੀਟ ਉਪਰ ਜਾ ਕੇ ਬੈਠ ਗਿਆ।

ਜਦ ਸਮਾਗਮ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਟੇਜ ਸੈਕਟਰੀ ਨੇ ਸਟੇਜ ਦੀ ਕਾਰਵਾਈ ਹਿੰਦੀ ਭਾਸ਼ਾ ਵਿਚ ਬੋਲ ਕੇ ਸ਼ੁਰੂ ਕੀਤੀ।ਮੈਂ ਉਸਨੂੰ ਇਸ ਆਸ ਦੇ ਨਾਲ ਕੁਝ ਦੇਰ ਤਕ ਸੁਣਦਾ ਰਿਹਾ ਕਿ ਸ਼ਾਇਦ ਉਹ ਪੰਜਾਬੀ ਭਾਸ਼ਾਂ ਵਿਚ ਆਪਣੀ ਸਟੇਜ ਦੀ ਕਾਰਵਾਈ ਚਲਾਏਗਾ।ਜਦ ਉਸਨੇ ਹਿੰਦੀ ਭਾਸ਼ਾ ਵਿਚ ਹੀ ਆਪਣੀ ਗਲਬਾਤ ਜਾਰੀ ਰੱਖੀ ਤਾਂ ਫਿਰ ਆਪਣੇ ਅੰਦਰ ਵਾਲਾ ਗੁਸਾ ਪੈਦਾ ਹੋ ਗਿਆ ਕਿ ਯਾਰੋ! ਸਮਾਗਮ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈ,ਸਮਾਗਮ ਵਿਚ ਸ਼ਾਮਲ ਪੰਜਾਬੀ ਲੋਕ ਹਨ ਤਾਂ ਫਿਰ ਸਟੇਜ ਸਕੱਤਰ ਇਸ ਗਲ ਨੂੰ ਅਖੋਂ ਪਰੋਖੇ ਕਰਕੇ ਹਿੰਦੀ ਭਾਸ਼ਾ ਵਿਚ ਹੀ ਕਿਉਂ ਸਟੇਜ ਦੀ ਕਾਰਵਾਈ ਚਲਾ ਰਿਹਾ ਹੈ।ਜਦ ਮੈਂ ਵੇਖਿਆ ਕਿ ਉਹ ਆਪਣੀ ਫਿਰਕਾਪ੍ਰਸਤੀ ਵਾਲੀ ਆਦਤ ਨਾ ਛਡ ਕੇ ਹਿੰਦੀ ਭਾਸ਼ਾ ਵਿਚ ਹੀ ਆਪਣੀ ਕਾਰਵਾਈ ਚਲਾ ਰਿਹਾ ਹੈ ਤਾਂ ਮੈਂ ਆਪਣੀ ਸੀਟ ਤੋਂ ਉਠ ਕੇ ਮੁਖ ਪ੍ਰਬੰਧਕ ਕੋਲ ਜਾ ਕਿ ਇਹ ਸ਼ਿਕਾਇਤ ਕੀਤੀ ਕਿ ਜਦ ਸਮਾਗਮ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈ ਤੇ ਸਮਾਗਮ ਵਿਚ ਸ਼ਾਮਲ ਲੋਕ ਵੀ ਸਾਰੇ ਪੰਜਾਬੀ ਹਨ ਤਾਂ ਫਿਰ ਸਟੇਜ ਦੀ ਕਾਰਵਾਈ ਨੂੰ ਹਿੰਦੀ ਭਾਸ਼ਾ ਵਿਚ ਹੀ ਕਿਉਂ ਚਲਾਇਆ ਜਾ ਰਿਹਾ ਹੈ।ਉਹ ਮੁਖ ਪ੍ਰਬੰਧਕ ਮੇਰੇ ਗੁੱਸੇ ਨੂੰ ਮਹਿਸੂਸ ਕਰਦਾ ਹੋਇਆ ਸਟੇਜ ਸੈਕਟਰੀ ਕੋਲ ਜਾ ਕੇ ਉਸਦੇ ਕੰਨ ਵਿਚ ਕੁਝ ਆਖਣ ਲੱਗਾ ਤਾਂ ਸਟੇਜ ਸਕੱਤਰ ਨੇ ਕੁਝ ਮਿੰਟ ਲਈ ਸਟੇਜ ਦੀ ਕਾਰਵਾਈ ਤਾਂ ਚਲਾਈ ਪਰ ਉਸਨੇ ਪੰਜਾਬੀ ਮਾਂ ਬੋਲੀ ਦੀ ਬੇਇਜਤੀ ਕਰਨ ਲਈ ਸਟੇਜ ਉਪਰ ਕੁਝ ਮਹਿਮਾਨਾਂ ਨੂੰ ਸੱਦ ਲਿਆ ਤੇ ਸਾਰਿਆਂ ਨੂੰ ਕਹਿਣ ਲੱਗਾ ਕਿ ਜੋਰ ਦੀ ਕਹੋ ਬ-ਰੂ-ਆ। ਅਕਸਰ ਅਜਿਹਾ ਕਰਕੇ ਉਹ ਦਸਣਾ ਚਾਹੁੰਦਾ ਸੀ ਕਿ ਪੰਜਾਬੀ ਘੁਟ ਦਾਰੂ ਪੀ ਕੇ ਅਕਸਰ ਅਜਿਹਾ ਹੀ ਕਰਦੇ ਹਨ।

ਜੱਦ ਉਹ ਆਪਣੀ ਆਦਤ ਤੋਂ ਬਾਝ ਨਾ ਆਇਆ ਤਾਂ ਮੈਂ ਆਪਣੀ ਸੀਟ ਤੇ ਖੜਾ ਹੋ ਕੇ ਉਸ ਨੂੰ ਸੰਬੌਧਨ ਕਰਦਿਆਂ ਕਿਹਾ ਕਿ “ ਸ਼ਟ-ਅਪ ਤੂੰ ਹੁਣੇ ਹੀ ਜਾਂ ਤਾਂ ਸਮਾਗਮ ਛਡ ਕੇ ਚਲਾ ਜਾ ਤੇ ਜਾਂ ਫਿਰ ਬੰਦੇ ਦਾ ਪੁੱਤ ਬਣਕੇ ਸਟੇਜ ਦੀ ਕਾਰਵਾਈ ਪੰਜਾਬੀ ਵਿਚ ਚਲਾ।ਮੇਰੇ ਵਲੋਂ ਅਜਿਹਾ ਕਰਨ ਤੇ ਸਾਰੇ ਹਾਲ ਵਿਚ ਰੌਲਾ ਪੈ ਗਿਆ ਪਰ ਮੈਂ ਆਪਣੀ ਜਿਦ ਤੇ ਅੜਿਆ ਰਿਹਾ।ਬੈਂਕ ਦੇ ਪਰਬੰਧਕਾਂ ਨੇ ਦੋ ਉਚ ਅਧਿਕਾਰੀਆਂ ਨੂੰ ਮੇਰੀ ਸੀਟ ਤੇ ਖੱਬੇ ਸੱਜੇ ਬਿਠਾ ਦਿਤਾ ਤਾਂ ਕਿ ਮੈਂ ਆਪਣੀ ਗੱਲ ਮੰਨਵਾਉਣ ਲਈ ਕੋਈ ਹੋਰ ਸ਼ੋਰ ਸ਼ਰਾਬਾ ਨਾਂ ਕਰਾਂ। ਬੈਂਕ ਦੇ ਉਚ ਅਧਿਕਾਰੀ ਮੇਰੀਆਂ ਮਿੰਨਤਾਂ ਕਰਦੇ ਰਹੇ ਕਿ ਮੈਂ ਇਸ ਮੁੱਦੇ ਨੂੰ ਹੋਰ ਤੂਲ ਨਾਂ ਦੇਵਾਂ ਪਰ ਮੈਂ ਸਭ ਨੂੰ ਸਪਸ਼ਟ ਕਰ ਦਿਤਾ ਕਿ ਮੈਂ ਸਟੇਜ ਸਕੱਤਰ ਨੂੰ ਹਿੰਦੀ ਭਾਸ਼ਾਂ ਵਿਚ ਚਲਾਉਣ ਨਹੀਂ ਦੇਵਾਂਗਾ।ਸਮਾਗਮ ਵਿਚ ਸ਼ਾਮਲ ਕੁਝ ਲੋਕਾਂ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਮੈਂ ਜਿਆਦਾ ਸ਼ਰਾਬੀ ਹੋ ਗਿਆਂ ਹਾਂ ਜਦਕਿ ਮੈਂ ਸ਼ਰਾਬ ਬਿਲਕੁਲ ਨਹੀਂ ਪੀਂਦਾ ਪਰ ਸਮਾਗਮ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਇਸ ਗਲ ਦਾ ਸ਼ਾਇਦ ਪਤਾ ਨਹੀਂ ਸੀ ਕਿ ਮੈਂ ਸ਼ਰਾਬ ਬਿਲਕੁਲ ਨਹੀਂ ਪੀਂਦਾ ।ਮੈਂ ਆਪਣੀ ਸੀਟ ਤੇ ਖੜਾ ਵਾਰ ਵਾਰ ਉਚੀ ਕਹਿੰਦਾ ਰਿਹਾ ਕਿ ਜਦ ਤਕ ਸਟੇਜ ਦੀ ਕਾਰਵਾਈ ਪੰਜਾਬੀ ਵਿਚ ਨਹੀਂ ਚਲਾਈ ਜਾਂਦੀ ਤਦ ਤੱਕ ਮੈਂ ਸਟੇਜ ਦੀ ਕਾਰਵਾਈ ਚਲਣ ਨਹੀਂ ਦੇਵਗਾਂ।ਪਰ ਇਸ ਗਲ ਦਾ ਦੁਖ ਮੈਨੂੰ ਹੋਰ ਵੀ ਹੋਇਆ ਕਿ ਸਮਾਗਮ ਵਿਚ ਸ਼ਾਮਲ ਪੰਜਾਬੀਆਂ ਨੇ ਖੜੇ ਹੋ ਕੇ ਮੇਰੀ ਗੱਲ ਦਾ ਸਮਰਥਨ ਨਹੀਂ ਕੀਤਾ ਸਗੋਂ ਆਪੋ ਆਪਣੀਆਂ ਕੁਰਸੀਆਂ ਤੇ ਬੈਠੇ ਮੇਰੇ ਵਲ ਅਜੀਬ ਜਿਹੀ ਤਕਣੀ ਨਾਲ ਇਸ ਤਰਾਂ ਵੇਖਦੇ ਰਹੇ ਜਿਸ ਤਰਾਂ ਮੈਨੂੰ ਦਸ ਰਹੇ ਹੋਣ ਕਿ ਤੇਰੀ ਇਥੇ ਦਾਲ ਗਲਣ ਵਾਲੀ ਨਹੀਂ ।ਹਾਂ ਇਕ ਗੱਲ ਜਰੂਰ ਹੋਈ ਕਿ ਜਦ ਮੈਂ ਸਟੇਜ ਦੀ ਕਾਰਵਾਈ ਨੂੰ ਬਿਲਕੁਲ ਹੀ ਰੁਕਵਾ ਦਿਤਾ ਤਾਂ ਉਸ ਸਟੇਜ ਸਕੱਤਰ ਨੇ ਪੰਜਾਬੀ ਬੋਲੀ ਵਿਚ ਕਹਿ ਦਿਤਾ ਕਿ ਮੈਂ ਵੀ ਪੰਜਾਬ ਦਾ ਜੰਮਿਆ ਪਲਿਆ ਹਾਂ ਪਰ ਇਸ ਸਮਾਗਮ ਵਿਚ ਪੰਜਾਬੀ ਸਮਝਣ ਵਾਲਾ ਹੀ ਕੋਈ ਨਹੀਂ ਹੈ ਇਸ ਲਈ ਮੈਂ ਹਿੰਦੀ ਵਿਚ ਹੀ ਕਾਰਵਾਈ ਚਲਾ ਰਿਹਾ ਹਾਂ।ਆਪਣੇ ਇਸ ਵਹਿਮ ਨੂੰ ਦੂਰ ਕਰਨ ਲਈ ਉਸਨੇ ਸਮਾਗਮ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਕਿਹਾ ਕਿ ਜਿਹੜੇ ਲੋਕ ਮੈਨੂੰ ਹਿੰਦੀ ਭਾਸ਼ਾ ਵਿਚ ਗਲਬਾਤ ਕਰਦਿਆਂ ਸੁਣਨਾ ਚਾਹੁੰਦੇ ਹਨ ਉਹ ਆਪਣੇ ਹੱਥ ਖੜੇ ਕਰਨ।ਪਰ ਉਸਦੀ ਗਲ ਸੁਣ ਕੇ ਕੇਵਲ ਇਕ ਔਰਤ ਨੇ ਹੀ ਹੱਥ ਖੜਾ ਕੀਤਾ ਕਿ ਉਹ ਹਿੰਦੀ ਭਾਸ਼ਾ ਵਿਚ ਹੀ ਉਸਦੀ ਗਲ ਨੂੰ ਸੁਣਨਾ ਪਸੰਦ ਕਰੇਗੀ।ਜਦ ਉਸਨੂੰ ਇਹ ਅਹਿਸਾਸ ਹੋ ਗਿਆ ਕਿ ਲੋਕ ਹੁਣ ਉਸਦੀ ਹਿੰਦੀ ਵਿਚ ਕਹੀ ਗਲ ਨੂੰ ਬਰਦਾਸ਼ਤ ਨਹੀਂ ਕਰਨਗੇ ਤਾਂ ਉਹ ਸਟੇਜ ਛਡ ਕੇ ਮੇਰੀ ਸੀਟ ਦੇ ਕੋਲ ਮੇਰੇ ਨਾਲ ਗਲ ਕਰਨ ਲਈ ਆ ਗਿਆ।ਮੈਂ ਜੋ ਕੁਝ ਉਸਨੂੰ ਕਿਹਾ ਉਸਨੂੰ ਮੈਂ ਇਥੇ ਲਿਖਣਾ ਨਹੀਂ ਚਾਹੁੰਦਾ।

ਘਰ ਆਣ ਕੇ ਮੈਂ ਇਸ ਲਈ ਬਹੁਤ ਪਰੇਸ਼ਾਨ ਰਿਹਾ ਕਿ ਯਾਰੋ! ਇਤਨੇ ਸਾਰੇ ਸਰਦਾਰ ਪੱਗਾਂ ਬੰਨੀ ਹੋਏ ਸਮਾਗਮ ਵਿਚ ਬੈਠੇ ਸਨ ਕਿਸੇ ਨੇ ਵੀ ਮੇਰੇ ਸਮੱਰਥਨ ਵਿਚ ਖੜੇ ਹੋਣਾ ਵੀ ਜਰੂਰੀ ਨਹੀਂ ਸਮਝਿਆ।ਅਜਿਹੀ ਸਥਿਤੀ ਵਿਚ ਪੰਜਾਬੀ ਭਾਸ਼ਾ ਦਾ ਭਵਿੱਖ ਕੀ ਹੋਵੇਗਾ ? ਇਹੋ ਜਿਹੇ ਖਿਆਲ ਵਾਰ ਵਾਰ ਮੇਰੇ ਮਨ ਵਿਚ ਆਉਂਦੇ ਰਹੇ ਜਿਸ ਕਾਰਣ ਮੈਂ ਰਾਤ ਭਰ ਚੰਗੀ ਤਰਾਂ ਸੌਂ ਨਹੀਂ ਸਕਿਆ।

ਦੋਸਤੋ! ਪੰਜਾਬੀ ਮਾਂ ਬੋਲੀ ਸਬੰਧੀ ਆਪਣਾ ਫਰਜ ਸ਼ਾਇਦ ਮੈਂ ਚੰਗੀ ਤਰਾਂ ਨਾ ਨਿਭਾ ਰਿਹਾ ਹੋਵਾਂ ਪਰ ਇਕ ਗਲ ਮੈਂ ਜਰੂਰ ਕਰਦਾ ਹਾਂ।ਸਾਲ ਵਿਚ ਜਿਆਦਾ ਸਮਾਂ ਮੈਂ ਪੰਜਾਬ ਵਿਚ ਹੀ ਰਹਿੰਦਾ ਹਾਂ।ਇਥੇ ਰਹਿਣ ਸਮੇਂ ਅਕਸਰ ਮੈਨੂੰ ਕਈ ਦੁਕਾਨਾਂ ਜਾਂ ਰੈਸਟਰੋਰੈਂਟਾਂ ਵਿਚ ਜਾਣ ਦਾ ਮੌਕਾ ਮਿਲਦਾ ਹੈ।ਜੇਕਰ ਮੈਨੂੰ ਕਿਸੇ ਦੁਕਾਨ ਜਾਂ ਰੈਸਟਰੋਰੈਟਾਂ ਵਿਚ ਕੰਮ ਕਰਦਾ ਕੋਈ ਕਰਮਚਾਰੀ ਜਾਂ ਮਾਲਕ ਮੇਰੇ ਨਾਲ ਹਿੰਦੀ ਭਾਸ਼ਾ ਵਿਚ ਗਲ ਕਰਦਾ ਹੈ ਤਾਂ ਮੈਂ ਚੁਪ ਚਾਪ ਉਸ ਦੁਕਾਨ ਜਾਂ ਰੈਸਟੋਰੈਂਟ ਤੋਂ ਬਗੈਰ ਕੁਝ ਖਰੀਦ ਕੀਤੀਆਂ ਵਾਪਸ ਆ ਜਾਂਦਾ ਹਾਂ ਤੇ ਇਸ ਗਲ ਦੀ ਜਾਣਕਾਰੀ ਮਾਲਕ ਨੂੰ ਦੇ ਕੇ ਵਾਪਸ ਆ ਜਾਂਦਾ ਹਾਂ ਕਿਉਂਕਿ ਤੁਹਾਡੀ ਦੁਕਾਨ ਜਾਂ ਰੈਸਟਰੋਰੈਂਟ ਦੇ ਕਰਮਚਾਰੀ ਹਿੰਦੀ ਵਿਚ ਹੀ ਗਲ ਕਰਦੇ ਹਨ ਇਸ ਲਈ ਮੈਂ ਬਗੈਰ ਕੁਝ ਖਰੀਦਣ ਦੇ ਵਾਪਸ ਜਾ ਰਿਹਾ ਹਾਂ।ਮੇਰੀ ਇਸ ਗੱਲ ਦਾ ਕਿਤਨਾ ਕੁ ਹਾਂ ਪੱਖੀ ਅਸਰ ਹੁੰਦਾ ਹੈ ਇਸ ਗਲ ਦੀ ਮੈਨੂੰ ਕੋਈ ਜਾਣਕਾਰੀ ਤਾਂ ਨਹੀਂ ਹੈ ਪਰ ਜੇਕਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾ ਇਸ ਤਰਾਂ ਕਰਨ ਲਗ ਜਾਣ ਤਾਂ ਸ਼ਾਇਦ ਪੰਜਾਬੀ ਮਾਂ ਬੋਲੀ ਦਾ ਮਾਣ ਸਤਿਕਾਰ ਬਹਾਲ ਕਰਨ ਵਿਚ ਅਸੀਂ ਸਫਲ ਹੋ ਜਾਵਾਂਗੇ।ਭੁਲ ਚੁਕ ਦੀ ਖਿਮਾਂ! ਉਸਾਰੂ ਟਿਪਣੀਆਂ ਦਾ ਸੁਆਗਤ ਹੈ

Leave a Reply

error: Content is protected !!