ਫ਼ੁਟਕਲ

ਸੁੱਤੇ ਹੋਏ ਪ੍ਰਵਾਰ ‘ਤੇ ਡਿੱਗੀ ਮਕਾਨ ਦੀ ਛੱਤ, 20 ਸਾਲਾ ਕੁੜੀ ਦੀ ਮੌਤ

ਫ਼ਰੀਦਕੋਟ : ਜ਼ਿਲ੍ਹੇ ਦੇ ਪਿੰਡ ਬੀੜ ਸਿੱਖਾਂਵਾਲਾ ਵਿਚ ਸ਼ਨੀਵਾਰ ਦੇਰ ਰਾਤ ਇਕ ਘਰ ਦੀ ਛੱਤ ਡਿੱਗ ਗਈ। ਹੇਠਾਂ ਸੁੱਤੇ ਪਏ ਪ੍ਰਵਾਰ ਦੇ 4 ਮੈਂਬਰ ਛੱਤ ਦੇ ਮਲਬੇ ਹੇਠ ਦੱਬ ਗਏ। ਰੌਲਾ ਸੁਣ ਕੇ ਮੌਕੇ ‘ਤੇ ਪਹੁੰਚੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਮਲਬੇ ਹੇਠੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਜਿਥੇ ਇਕ 20 ਸਾਲਾ ਲੜਕੀ ਦੀ ਮੌਤ ਹੋ ਗਈ ਜਦਕਿ ਪ੍ਰਵਾਰ ਦੇ ਬਾਕੀ ਤਿੰਨ ਜੀਅ ਜ਼ੇਰੇ ਇਲਾਜ ਹਨ।

ਇਹ ਘਟਨਾ ਸਿੱਖਾਂਵਾਲਾ ਵਾਸੀ 60 ਸਾਲਾ ਇਕਬਾਲ ਸਿੰਘ ਦੇ ਘਰ ਵਾਪਰੀ। ਗੁਆਂਢੀਆਂ ਅਨੁਸਾਰ ਘਟਨਾ ਵੇਲੇ ਇਕਬਾਲ ਸਿੰਘ, ਉਸ ਦੀ ਪਤਨੀ ਸੁਨੀਤਾ ਕੌਰ, ਪੁੱਤਰ ਰਵੀ (22) ਅਤੇ ਪੁੱਤਰੀ ਗੁੱਡੂ (20) ਘਰ ਦੇ ਅੰਦਰ ਸੌਂ ਰਹੇ ਸਨ। ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਮਲਬੇ ਹੇਠ ਦੱਬੇ ਜੀਆਂ ਨੂੰ ਬਾਹਰ ਕਢਿਆ।

ਜਿਸ ਤੋਂ ਬਾਅਦ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਬੱਚੀ ਗੁੱਡੂ ਨੂੰ ਮ੍ਰਿਤਕ ਐਲਾਨ ਦਿਤਾ। ਪਿੰਡ ਵਾਸੀ ਜਸਪ੍ਰੀਤ ਸਿੰਘ ਨੇ ਦਸਿਆ ਕਿ ਪ੍ਰਵਾਰ ਦੇ ਬਾਕੀ ਤਿੰਨ ਜੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਹਾਲਾਂਕਿ ਡਾਕਟਰਾਂ ਮੁਤਾਬਕ ਜਲਦੀ ਹੀ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ।

ਮਿਲੀ ਜਾਣਕਾਰੀ ਅਨੁਸਾਰ ਇਕਬਾਲ ਸਿੰਘ ਸਖ਼ਤ ਮਿਹਨਤ ਕਰਦਾ ਸੀ ਅਤੇ ਅਪਣੇ ਪ੍ਰਵਾਰ ਦੀ ਦੇਖਭਾਲ ਕਰਦਾ ਸੀ। ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਮਕਾਨ ਕਾਫ਼ੀ ਪੁਰਾਣ ਸੀ, ਜੋ ਮੁਰੰਮਤ ਨਾ ਹੋਣ ਕਾਰਨ ਕਮਜ਼ੋਰ ਹੋ ਗਿਆ ਸੀ। ਅਜਿਹੇ ਵਿਚ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੀੜਤਾਂ ਨੂੰ ਮੈਡੀਕਲ ਸਹੂਲਤ ਦੇਣ ਦੇ ਨਾਲ-ਨਾਲ ਆਰਥਕ ਮਦਦ ਅਤੇ ਮਕਾਨ ਬਣਾਉਣ ਦੀ ਮੰਗ ਕੀਤੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-