ਸ਼ਹੀਦੀ ਸਭਾ ਦੌਰਾਨ ਕੀਤੇ ਸੁਰੱਖਿਆ ਪ੍ਰਬੰਧਾਂ ਦਾ ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਲਿਆ ਜਾਇਜ਼ਾ
ਫ਼ਤਹਿਗੜ੍ਹ ਸਾਹਿਬ: ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਆਯੋਜਿਤ ਕੀਤੀ ਜਾ ਰਹੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹੂਲਤ ਲਈ ਜ਼ਿਲ੍ਹਾ ਪੁਲਿਸ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਏ.ਡੀ.ਜੀ.ਪੀ. (ਲਾਅ ਐਂਡ ਆਰਡਰ) ਸ਼੍ਰੀ ਅਰਪਿਤ ਸ਼ੁਕਲਾ ਨੇ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਰੂਪਨਗਰ ਦੇ ਡੀ.ਆਈ.ਜੀ. ਸ. ਗੁਰਪ੍ਰੀਤ ਸਿੰਘ ਭੁੱਲਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਅਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਏ.ਡੀ.ਜੀ.ਪੀ. ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਪੁਲਿਸ ਦੀ ਤਰਜ਼ੀਹ ਹੈ ਅਤੇ ਪੁਲਿਸ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਯੋਜਨਾਬੱਧ ਤਰੀਕੇ ਨਾਲ ਪ੍ਰਬੰਧ ਕੀਤੇ ਗਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਸੁਚਾਰੂ ਢੰਗ ਨਾਲ ਆਵਾਜਾਈ ਚਲਾਉਣ ਲਈ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਜਿਸ ਨਾਲ ਟਰੈਫਿਕ ਬਹੁਤ ਚੰਗੇ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਪਹਿਲੀ ਵਾਰ ਸਮਾਧਾਨ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਨੂੰ ਸ਼ਰਧਾਲੂਆਂ ਦੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਸਮਾਧਾਨ ਕੇਂਦਰਾਂ ਤੋਂ ਕਿਸੇ ਕਿਸਮ ਦੀ ਜੇਬ ਕੱਟਣ ਜਾਂ ਚੋਰੀ ਸਬੰਧੀ ਅਤੇ ਗੁੰਮਸ਼ੁਦਾ ਬਾਰੇ ਸੂਚਨਾ ਦਿੱਤੀ ਜਾ ਸਕਦੀ ਹੈ ਜਿਸ ਤੇ ਪੁਲਿਸ ਅਧਿਕਾਰੀ ਫੌਰੀ ਕਾਰਵਾਈ ਕਰ ਰਹੇ ਹਨ।
ਸ਼੍ਰੀ ਸ਼ੁਕਲਾ ਨੇ ਕਿਹਾ ਕਿ ਪੁਲਿਸ ਵੱਲੋਂ ਡਰੋਨ ਕੈਮਰਿਆਂ ਨਾਲ ਵੀ ਸੁਰੱਖਿਆ ਪ੍ਰਬੰਧਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਕਿਸਮ ਦੀ ਹੰਗਾਮੀ ਸਥਿਤੀ ਬਣਨ ਕਾਰਨ ਪੁਲਿਸ ਤੁਰੰਤ ਕਾਰਵਾਈ ਕਰ ਸਕੇ । ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੇ ਇਸ ਵਾਰ ਸੇਵਾ ਦੇ ਨਾਲ ਡਿਊਟੀ ਨਿਭਾਉਣ ਦਾ ਨਾਅਰਾ ਦਿੱਤਾ ਸੀ ਜਿਸ ਤੇ ਸਾਡੇ ਸਮੂਹ ਅਧਿਕਾਰੀ ਤੇ ਮੁਲਾਜ਼ਮ ਬਿਹਤਰੀਨ ਢੰਗ ਨਾਲ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪੁਲਿਸ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
ਡੀ.ਆਈ.ਜੀ. ਰੂਪਨਗਰ ਰੇਂਜ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮੌਕੇ ਕਿਹਾ ਕਿ ਸ਼ਹੀਦੀ ਸਭਾ ਇੱਕ ਸੋਗਮਈ ਮਾਹੌਲ ਵਿੱਚ ਹੁੰਦੀ ਹੈ ਜਿਸ ਵਿੱਚ ਸ਼ਰਧਾਲੂ ਬੜੇ ਸੋਗਮਈ ਢੰਗ ਨਾਲ ਭਾਗ ਲੈਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਦੀ ਅਗਵਾਈ ਹੇਠ ਸਮੁੱਚੀ ਟੀਮ ਪੂਰੇ ਸਮਰਪਣ ਦੀ ਭਾਵਨਾਂ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਪੁਲਿਸ ਲਈ ਪ੍ਰਮੁੱਖ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ, ਸਮਾਧਾਨ ਕੇਦਰਾਂ ਦੀ ਸਥਾਪਨਾਂ ਆਦਿ ਕੰਮਾਂ ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ, ਐਸ.ਪੀ. ਸ. ਰਾਜਪਾਲ ਸਿੰਘ ਹੁੰਦਲ, ਐਸ.ਪੀ. (ਐਚ) ਰਮਿੰਦਰ ਸਿੰਘ, ਐਸ.ਪੀ. (ਡੀ) ਦਿਗਵਿਜੈ ਕਪਿਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।