ਲਉ! ਕੁੱਤੇ ਦੀ ਜਾਨ ਬਚਾਉਣ ਵਾਲੇ ਪੁਲਿਸੀਏ ਨੂੰ ਸਨਮਾਨਿਤ ਕੀਤਾ
ਚੰਡੀਗੜ੍ਹ: ਪੰਜਾਬ ਪੁਲਿਸ ਦੇ ਇਕ ਸਿਪਾਹੀ ਵਲੋਂ ਦਿਖਾਈ ਗਈ ਸੰਵੇਦਨਸ਼ੀਲਤਾ ਤੋਂ ਪ੍ਰਭਾਵਤ ਹੋ ਕੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟਰੈਫਿਕ ਅਮਰਦੀਪ ਸਿੰਘ ਰਾਏ ਨੇ ਸੋਮਵਾਰ ਨੂੰ ਹੈੱਡ ਕਾਂਸਟੇਬਲ (ਐਚ.ਸੀ.) ਪਲਵਿੰਦਰ ਸਿੰਘ ਨੂੰ ਗਲੀ ਦੇ ਕੁੱਤੇ, ਜਿਸ ਦਾ ਸਿਰ ਕਾਰ ਦੇ ਬੰਪਰ ਦੇ ਫੌਗ-ਲੈਂਪ ਹੋਲ ਵਿਚ ਫਸਿਆ ਗਿਆ ਸੀ, ਦੀ ਜਾਨ ਬਚਾਉਣ ਲਈ ਸਨਮਾਨਤ ਕੀਤਾ। ਹੈੱਡ ਕਾਂਸਟੇਬਲ ਪਲਵਿੰਦਰ ਸਿੰਘ ਇਸ ਸਮੇਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਮੋਹਕਮਪੁਰਾ ਵਿਖੇ ਤਾਇਨਾਤ ਹੈ।
ਐਚ.ਸੀ. ਪਲਵਿੰਦਰ ਸਿੰਘ ਨੇ ਦਸਿਆ ਕਿ ਜਦੋਂ ਉਹ ਸਵੇਰੇ 6 ਵਜੇ ਘਰੋਂ ਜਾ ਰਿਹਾ ਸੀ ਤਾਂ ਉਸ ਦੇ ਦੋਸਤ ਨੇ ਉਸ ਨੂੰ ਕੁੱਤੇ ਦੀ ਗਰਦਨ ਕਾਰ ਦੇ ਬੰਪਰ ਵਿਚ ਫਸਣ ਬਾਰੇ ਦਸਿਆ। ਉਸ ਨੇ ਦੱਸਿਆ , ‘‘ ਮੈਂ ਤੁਰੰਤ ਕੁੱਤੇ ਦੀ ਮਦਦ ਕਰਨ ਲਈ ਗਿਆ, ਜੋ ਦਰਦ ਨਾਲ ਕੁਰਲਾ ਰਿਹਾ ਸੀ ਅਤੇ ਮੈਂ ਸਹਿਜੇ-ਸਹਿਜੇ ਉਸਦੀ ਗਰਦਨ ਨੂੰ ਬਾਹਰ ਕੱਢਿਆ। ਕੁੱਤੇ ਦੀ ਗਰਦਨ ’ਤੇ ਮਾਮੂਲੀ ਸੱਟਾਂ ਲੱਗੀਆਂ ਹਨ”। ਪਲਵਿੰਦਰ ਸਿੰਘ ਨੇ ਏ.ਡੀ.ਜੀ.ਪੀ ਟ੍ਰੈਫਿਕ ਦਾ ਉਨ੍ਹਾਂ ਦੇ ਕੰਮ ਨੂੰ ਮਾਨਤਾ ਦੇਣ ਲਈ ਧੰਨਵਾਦ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਉਹ ਭਵਿੱਖ ਵਿਚ ਵੀ ਨੇਕ ਕੰਮਾਂ ਲਈ ਕੰਮ ਕਰਦੇ ਰਹਿਣਗੇ।