ਦੇਸ਼-ਵਿਦੇਸ਼

ਹਰਦੀਪ ਸਿੰਘ ਨਿੱਝਰ ਦੀ ਯਾਦ ‘ਚ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਆਯੋਜਿਤ, ਕੀਤੇ ਗਏ ਐਲਾਨ

ਡੈਲਟਾ: ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਝਰ ਦੀ ਨਿੱਘੀ ਯਾਦ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਤੇ ਸਥਾਨਕ ਐੱਮ.ਪੀ, ਐੱਮ.ਐੱਲ.ਏ. ਨੇ ਭਾਈ ਨਿੱਝਰ ਦੀ ਮੌਤ ਨੂੰ ਕੈਨੇਡਾ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ। ਇਸ ਮੌਕੇ  ਐੱਮ.ਐੱਲ.ਏ. ਰਚਨਾ ਸਿੰਘ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ ਨੇ ਸਰੀ ਵਿੱਚ ਅਣਗਿਣਤ ਸਮਾਜ ਸੇਵੀ ਕੰਮ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਤੋਂ ਆ ਰਹੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਗਈ ਅਤੇ ਕੋਵਿਡ ਦੌਰਾਨ ਘਰਾਂ ਵਿੱਚ ਬੰਦ ਲੋਕਾਂ ਤੱਕ ਹਰ ਰੋਜ ਰਾਸ਼ਨ ਦਾ ਪ੍ਰਬੰਧ ਕਰਕੇ ਮਦਦ ਕਰਨ ਵਾਲਾ ਇਕੱਲਾ ਹਰਦੀਪ ਸਿੰਘ ਸੀ, ਜਿਸ ਦੇ ਜਾਣ ਨਾਲ ਸਾਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।

ਐੱਮ.ਪੀ ਸੁੱਖ ਧਾਲੀਵਾਲ, ਐੱਮ.ਪੀ ਰਣਦੀਪ ਸਿੰਘ ਸਰਾਏ ਨੇ ਕਿਹਾ ਕਿ ਸਰਕਾਰ ਵੱਲੋਂ ਹਰਦੀਪ ਸਿੰਘ ਨਿੱਝਰ ਕਤਲ ਕੇਸ ਨੂੰ ਬੜੀ ਗੰਭੀਰਤਾ ਨਾਲ ਵੇਖਿਆ ਜਾ ਰਿਹਾ ਹੈ। ਕੈਨੇਡਾ ਦੇ ਹਰ ਵਿਅਕਤੀ ਨੂੰ ਸੁਰੱਖਿਅਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਸ ਕੇਸ ਵਿੱਚ ਵੱਖ-ਵੱਖ ਏਜੰਸੀਆਂ ਪੂਰੀ ਤਨਦੇਹੀ ਨਾਲ ਕਾਤਲਾਂ ਨੂੰ ਲੱਭ ਰਹੀਆਂ ਹਨ ਤੇ ਕਿਸੇ ਵੀ ਬਾਹਰੀ ਮੁਲਕ ਦਾ ਹੱਥ ਹੋਣ ‘ਤੇ ਨਿੱਗਹਾ ਰੱਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਬਲਿਕ ਇਨਕੁਆਰੀ ਕਰਵਾਉਣ ਬਾਰੇ ਵੀ ਵਿਚਾਰ ਕਰ ਰਹੀ ਹੈ। ਇਸ ਮੌਕੇ ਗੁਰਮੀਤ ਸਿੰਘ ਤੁੜ, ਸੁਨੀਲ ਕੁਮਾਰ, ਸਰੂਪ ਸਿੰਘ ਤੂੜ, ਗਿਆਨ ਸਿੰਘ ਗਿੱਲ ਗੁਰਦੁਆਰਾ ਦਸਮੇਸ਼ ਦਰਬਾਰ, ਸੁਖਦੇਵ ਸਿੰਘ ਢਿੱਲੋਂ, ਭਾਈ ਅਜੈਬ ਸਿੰਘ ਬਾਗੜੀ, ਗੁਰਵਿੰਦਰ ਸਿੰਘ ਧਾਲੀਵਾਲ, ਹਰਬੰਸ ਸਿੰਘ ਔਜਲਾ, ਹਰਭਜਨ ਸਿੰਘ ਅਟਵਾਲ ਨੇ ਵੀ ਵਿਚਾਰ ਰੱਖੇ।

ਇਸ ਮੌਕੇ ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ, ਖਾਲਿਸਤਾਨ ਜ਼ਿੰਦਾਬਾਦ ਫੋਰਸ ਮੁਖੀ ਜਥੇਦਾਰ ਰਣਜੀਤ ਸਿੰਘ ਨੀਟਾ ਜੰਮੂ, ਖਾਲਿਸਤਾਨ ਟਾਈਗਰ ਫੋਰਸ ਵੱਲੋਂ ਜਥੇਦਾਰ ਅਜੀਤ ਸਿੰਘ, ਭਾਈ ਰਣਜੋਧ ਸਿੰਘ, ਜਥੇਦਾਰ ਅਮਰੀਕ ਸਿੰਘ ਅਜਨਾਲਾ ਦਾ ਸੰਦੇਸ਼ ਪੜ੍ਹਿਆ ਗਿਆ। ਪੰਥਕ ਬੁਲਾਰਿਆਂ ਨੇ ਇਕੱਠ ਵਿੱਚ ਐਲਾਨ ਕੀਤਾ ਕਿ ਭਾਰਤ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਦੀ ਲੋੜ ਹੈ ਤੇ ਕੈਨੇਡਾ ਵਿੱਚ ਭਾਰਤ ਦੇ ਵਿਕਦੇ ਹਰ ਸਮਾਨ ਦਾ ਜੈਕਾਰਿਆਂ ਦੀ ਗੂੰਜ ਵਿੱਚ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਅਤੇ ਕੈਨੇਡਾ ਦੀ ਧਰਤੀ ‘ਤੇ ਖਾਲਿਸਤਾਨ ਦਾ ਪਹਿਲਾ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਐਲਾਨਿਆ ਗਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-