ਟਾਪ ਨਿਊਜ਼ਪੰਜਾਬ

ਚਰਨਜੀਤ ਸਿੰਘ ਚੰਨੀ ਦੀ ਚੁਨੌਤੀ, “ਅਖ਼ਬਾਰਾਂ ਵਿਚ ਨਸ਼ਰ ਕੀਤੇ ਜਾਣ ਮੇਰੀ ਜਾਇਦਾਦ ਦੇ ਵੇਰਵੇ”

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਵਿਜੀਲੈਂਸ ਸਾਹਮਣੇ ਤੀਜੀ ਵਾਰ ਪੇਸ਼ ਹੋਏ। 3 ਘੰਟੇ ਤਕ ਚੱਲੀ ਪੁਛਗਿਛ ਮਗਰੋਂ ਵਿਜੀਲੈਂਸ ਕਾਰਵਾਈ ਬਾਰੇ ਚੰਨੀ ਨੇ ਕਿਹਾ, “ਸਰਕਾਰ ਮੈਨੂੰ ਹਰ ਹਾਲਤ ਵਿਚ ਅੰਦਰ ਕਰਨਾ ਚਾਹੁੰਦੀ ਹੈ, ਕਰੀਬ ਡੇਢ ਸਾਲ ਤੋਂ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਦੇ ਵਿਆਹ ਦਾ ਖਰਚਾ ਅਤੇ ਕਦੇ ਰੋਟੀ ਦਾ ਖਰਚਾ ਅਤੇ ਹੁਣ ਜ਼ਮੀਨ ਦਾ ਹਿਸਾਬ ਦੇਖ ਰਹੇ ਹਨ”।

ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨੇ ਵੋਟਾਂ ਤੋਂ ਪਹਿਲਾਂ ਮੇਰੇ ਵਿਰੁਧ ਝੂਠਾ ਪ੍ਰਚਾਰ ਕੀਤਾ ਸਿ ਕਿ ਮੇਰੇ ਕੋਲ 169 ਕਰੋੜ ਦੀ ਜਾਇਦਾਦ ਹੈ। ਮੈਂ ਮੁੱਖ ਮੰਤਰੀ ਨੂੰ ਚੁਨੌਤੀ ਦਿੰਦਾ ਹਾਂ ਕਿ ਮੇਰੀ ਇਸ ਜਾਇਦਾਦ ਦਾ ਵੇਰਵਾ ਅਖ਼ਬਾਰਾਂ ਵਿਚ ਨਸ਼ਰ ਕਰੋ। ਮੈਂ ਅਪਣੀ ਜਾਇਦਾਦ ਦਾ ਪੂਰਾ ਵੇਰਵਾ ਵਿਜੀਲੈਂਸ ਨੂੰ ਸੌਂਪ ਦਿਤੀ ਹੈ, ਤੁਸੀਂ ਇਸ ਨੂੰ ਅਖ਼ਬਾਰਾਂ ਵਿਚ ਨਸ਼ਰ ਕਰੋ ਤਾਂ ਕਿ ਲੋਕਾਂ ਨੂੰ ਸੱਚਾਈ ਪਤਾ ਲੱਗ ਸਕੇ।

ਚੰਨੀ ਨੇ ਅੱਗੇ ਕਿਹਾ, “ਮੈਂ ਹਰ ਵਾਰ ਅਪਣੀ ਜ਼ਮੀਨ ਵੇਚ ਕੇ ਚੋਣ ਲੜੀ, ਹੁਣ ਤਕ ਮੈਂ ਅਪਣੀ ਸਾਰੀ ਜਾਇਦਾਦ ਵੇਚ ਚੁਕਿਆਂ ਹਾਂ। ਮੇਰੇ ਕੋਲ ਸਿਰਫ਼ ਅਪਣੇ ਦੋ ਘਰ, ਦੋ ਦਫ਼ਤਰ, ਇਕ ਦੁਕਾਨ ਹੈ, ਜਿਸ ਬਾਰੇ ਵੇਰਵੇ ਜਮ੍ਹਾਂ ਕਰਵਾ ਆਇਆ ਹਾਂ। ਜੇਕਰ ਇਸ ਤੋਂ ਇਲਾਵਾ ਮੇਰੀ ਕੋਈ ਜਾਇਦਾਦ ਨਿਕਲੀ ਤਾਂ ਮੈਂ ਤੁਰਤ ਹਲਫਨਾਮਾ ਦੇ ਕੇ ਸਰਕਾਰ ਦੇ ਨਾਂਅ ਕਰ ਦੇਵਾਂਗਾ”।  ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੀ ਲੀਡਰਸ਼ਿਪ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਜੇਕਰ ਅਸੀਂ ਕੁੱਝ ਲੁੱਟਿਆ ਹੈ ਤਾਂ ਸਾਨੂੰ ਅੰਦਰ ਕਰੋ, ਬਦਨਾਮ ਕਰਨ ਦੀ ਰਾਜਨੀਤੀ ਦਾ ਕੋਈ ਹੱਲ ਨਹੀਂ। ਇਹ ਕੰਮ ਕੈਪਟਨ ਨੇ ਵੀ ਕਰ ਕੇ ਦੇਖ ਲਿਆ ਅਤੇ ਬਾਦਲਾਂ ਨੇ ਵੀ। ਤੁਸੀਂ ਗੋਲੀ ਹੀ ਮਰਵਾ ਲਓ ਜੇ ਮਰਵਾਉਣੀ ਹੈ ਤਾਂ ਹੀ ਤੁਹਾਡਾ ਬਚਾਅ ਹੋ ਸਕਦਾ ਹੈ”।

ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਸਵਾਲ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਮੋਗਾ ਵਿਚ ਮੁੱਖ ਮੰਤਰੀ ਇਕ ਟੋਲ ਪਲਾਜ਼ਾ ਬੰਦ ਕਰਵਾਉਣ ਗਏ ਹਨ, ਉਥੇ ਕਿੰਨੇ ਪੁਲਿਸ ਕਰਮਚਾਰੀ ਗਏ ਹੋਣਗੇ ਤੇ ਇਕ ਹੈਲੀਕਾਪਟਰ ਵੀ ਗਿਆ ਹੈ। ਪੰਜਾਬ ਦਾ ਕਿੰਨਾ ਖਰਚਾ ਹੋ ਰਿਹਾ ਹੈ, ਜਿਹੜੇ ਟੋਲ ਪਲਾਜ਼ੇ ਦੀ ਮਿਆਦ ਹੀ ਖ਼ਤਮ ਹੋ ਗਈ, ਉਹ ਬਾਅਦ ਵਿਚ ਕਿਵੇਂ ਚੱਲੇਗਾ। ਉਸ ਨੂੰ ਬੰਦ ਕਰਨ ਦਾ ਡਰਾਮਾ ਕਿਉਂ ਕੀਤਾ ਜਾ ਰਿਹਾ ਹੈ? ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਪੁਛਿਆ ਕਿ ਹੈਲੀਕਾਪਟਰ ਬਾਰੇ ਆਰ.ਟੀ.ਆਈ. ਜ਼ਰੀਏ ਜਾਣਕਾਰੀ ਦੇਣ ਲਈ ਵਿਚ ਇਤਰਾਜ਼ ਕੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਰੰਧਾਵਾ ਕੋਲੋਂ ਸਿਰਫ਼ 55 ਲੱਖ ਰੁਪਏ ਦੀ ਰਿਕਵਰੀ ਕਰਨੀ ਹੈ ਪਰ ਜਹਾਜ਼ਾਂ ਦੇ ਖਰਚੇ ਦਾ ਹਿਸਾਬ ਕੌਣ ਦੇਵੇਗਾ?

ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਹੋਰ ਸੂਬਿਆਂ ਵਿਚ ਜਾਂਦੇ ਹਨ ਤਾਂ ਉਹ ਪੰਜਾਬ ਦੇ ਹੈਲੀਕਾਪਟਰ ਰਾਹੀਂ ਨਹੀਂ ਜਾਂਦੇ। ਉਹ ਕਿਰਾਏ ’ਤੇ ਇਕ ਚਾਰਟਡ  ਜਹਾਜ਼ ਲੈ ਕੇ ਜਾਂਦੇ ਹਨ, ਜਿਸ ਦਾ ਰੋਜ਼ਾਨਾ 10 ਤੋਂ 25 ਲੱਖ ਰੁਪਏ ਕਿਰਾਇਆ ਹੁੰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਜਾਬੀਆਂ ਦੇ ਖਜ਼ਾਨੇ ਵਿਚੋਂ ਰੋਜ਼ਾਨਾ ਕੋਈ ਕਰੀਬ 25 ਲੱਖ ਰੁਪਏ ਚੋਰੀ ਕਰਕੇ, ਉਸ ਰਾਹੀਂ ਘੁੰਮਣ ਜਾਵੇਗਾ ਤਾਂ ਉਸ ਉਤੇ ਵੀ ਪਰਚਾ ਹੋਣਾ ਚਾਹੀਦਾ ਹੈ।  ਕੰਮ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਹੁੰਦਾ ਹੈ ਪਰ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਪੰਜਾਬ ਦੇ ਖ਼ਜ਼ਾਨੇ ਦਾ 2 ਤੋਂ 5 ਕਰੋੜ ਰੁਪਇਆ ਹਰ ਮਹੀਨੇ ਜਹਾਜ਼ਾਂ ਉਤੇ ਖਰਚਿਆ ਜਾ ਰਿਹਾ ਹੈ, ਮੁੱਖ ਮੰਤਰੀ ਇਸ ਦਾ ਵੀ ਹਿਸਾਬ ਦੇਣ। ਚਰਨਜੀਤ ਸਿੰਘ ਚੰਨੀ ਨੇ ਸਵਾਲ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਫੜੇ ਗਏ ਗੈਂਗਸਟਰਾਂ ਨੂੰ ਪੰਜਾਬ ਵਿਚ ਵੀ.ਆਈ.ਪੀ ਟ੍ਰੀਟਮੈਂਟ ਕਿਉਂ ਦਿਤਾ ਜਾ ਰਿਹਾ ਹੈ? ਗੈਂਗਸਟਰ ਜੇਲਾਂ ਵਿਚੋਂ ਇੰਟਰਵਿਊ ਦੇ ਰਹੇ ਹਨ, ਇਸ ਦਾ ਜ਼ਿੰਮੇਵਾਰ ਕੌਣ ਹੈ?

ਇਸ ਖ਼ਬਰ ਬਾਰੇ ਕੁਮੈਂਟ ਕਰੋ-