ਸੁੱਕੇ ਪਰਸ਼ਾਦਿਆਂ ਵਿਚ ਘਪਲੇ ਦਾ ਮਾਮਲਾ: ਮੁਅੱਤਲ ਮੁਲਾਜ਼ਮਾਂ ਦੇ ਬਾਗ਼ੀ ਸੁਰ
ਚੰਡੀਗੜ੍ਹ : ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੀਤੇ ਸਮੇਂ ਅੰਦਰ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਅਤੇ ਕਰੋੜਾਂ ਰੁਪਏ ਦੇ ਘਪਲੇ ਮਾਮਲੇ ਵਿਚ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 51 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਸੀ। ਜਿਨ੍ਹਾਂ ਵਿਚੋਂ ਕਰੀਬ 35 ਮੁਲਾਜ਼ਮਾਂ ਵਲੋਂ ਅਪਣੇ ਆਪ ਨੂੰ ਬੇਕਸੂਰ ਦਸਦਿਆਂ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਸ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਹੈ।
ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਘਪਲੇ ਵਿਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਹੈ ਜਦਕਿ ਕਈ ਕਸੂਰਵਾਰ ਬਖ਼ਸ਼ੇ ਗਏ ਹਨ। ਮੁਲਾਜ਼ਮਾਂ ਨੇ ਤੁਰਤ ਬਹਾਲੀ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਵਜ੍ਹਾ ਫਸਾਇਆ ਜਾ ਰਿਹਾ ਹੈ।
ਜੇਕਰ ਸੂਤਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਉਕਤ ਮੁਅੱਤਲ ਕੀਤੇ ਮੁਲਾਜ਼ਮ 8 ਜੁਲਾਈ ਨੂੰ ਐਸ.ਜੀ.ਪੀ.ਸੀ. ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮੌਕੇ ਦਫ਼ਤਰ ਦੇ ਬਾਹਰ ਧਰਨੇ ਦੀਆਂ ਤਿਆਰੀਆਂ ਕਰ ਰਹੇ ਹਨ। ਇਹ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਫਲਾਇੰਗ ਵਿਭਾਗ ਪਾਸੋਂ ਕਰਵਾਈ ਪੜਤਾਲ ਨਿਰਪੱਖ ਨਾ ਹੋਣ ਕਾਰਨ ਅਸਲ ਮੁਲਜ਼ਮ ਅਜੇ ਵੀ ਜਾਂਚ ਦੇ ਘੇਰੇ ਤੋਂ ਬਾਹਰ ਹਨ। ਦੱਸ ਦੇਈਏ ਕਿ 8 ਜੁਲਾਈ ਨੂੰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਆਮ ਕੰਮਕਾਜ ਤੋਂ ਇਲਾਵਾ ਪ੍ਰਬੰਧਕੀ ਕਾਰਜਾਂ ਵਿਚ ਬੇਨਿਯਮੀਆਂ ਅਤੇ ਲੰਗਰ ਮਾਮਲੇ ਬਾਰੇ ਚਰਚਾ ਕੀਤੀ ਜਾ ਸਕਦੀ ਹੈ।
ਇਸ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਬ-ਆਫ਼ਿਸ ਚੰਡੀਗੜ੍ਹ ਵਿਖੇ ਇੰਚਾਰਜ ਵਜੋਂ ਤਾਇਨਾਤ ਭਗਵੰਤ ਸਿੰਘ ਧੰਗੇੜਾ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਵੇਂ ਜਨਰਲ ਮੈਨੇਜਰ ਵਜੋਂ ਭਗਵੰਤ ਸਿੰਘ ਧੰਗੇੜਾ ਦੇ ਨਾਲ-ਨਾਲ ਐਡੀਸ਼ਨਲ ਮੈਨੇਜਰ ਨਿਸ਼ਾਨ ਸਿੰਘ ਨੂੰ ਸਰਾਵਾਂ ਦੀ ਜ਼ੁੰਮੇਵਾਰੀ ਸੌਂਪੀ ਗਈ ਹੈ। ਮੈਨੇਜਰ ਨਰਿੰਦਰ ਸਿੰਘ ਨੂੰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਤਾਇਨਾਤ ਕੀਤਾ ਗਿਆ ਹੈ। ਖਰੀਦ ਵਿਭਾਗ ਵਿਖੇ ਸੁਪਰਵਾਈਜ਼ਰ ਵਜੋਂ ਕਾਰਜਸ਼ੀਲ ਸਤਿੰਦਰ ਸਿੰਘ ਨੂੰ ਲੰਗਰ ਸ੍ਰੀ ਦਰਬਾਰ ਸਾਹਿਬ ਵਿਖੇ ਵਧੀਕ ਮੈਨੇਜਰ ਲਗਾ ਕੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਬੰਧ ਦਿਤਾ ਗਿਆ ਹੈ।