ਫੀਚਰਜ਼ਫ਼ੁਟਕਲ

ਪੈਰਾਂ ਨਾਲ ਪ੍ਰੀਖਿਆ ਦੇ ਕੇ ਪਟਵਾਰੀ ਬਣਿਆ ਅਮੀਨ ਮੰਸੂਰੀ

ਦੇਵਾਸ : ਹਾਲ ਹੀ ਵਿਚ ਮੱਧ ਪ੍ਰਦੇਸ਼ ਵਿਖੇ ਜਾਰੀ ਹੋਏ ਪਟਵਾਰੀ ਪ੍ਰੀਖਿਆ ਦੇ ਨਤੀਜੇ ਵਿਚ ਬਹੁਤ ਸਾਰੇ ਉਮੀਦਵਾਰਾਂ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ। ਇਨ੍ਹਾਂ ਵਿਚ ਇਕ ਅਜਿਹਾ ਉਮੀਦਵਾਰ ਵੀ ਹੈ ਜਿਸ ਨੇ ਇਮਤਿਹਾਨ ਹੱਥਾਂ ਨਾਲ ਨਹੀਂ ਸਗੋਂ ਪੈਰਾਂ ਨਾਲ ਦਿਤਾ ਅਤੇ ਕਾਮਯਾਬੀ ਹਾਸਲ ਕੀਤੀ। ਇਹ ਉਮੀਦਵਾਰ ਦੇਵਾਸ ਜ਼ਿਲ੍ਹੇ ਦੇ ਪੀਪਲਰਾਵਾਂ ਦਾ ਰਹਿਣ ਵਾਲਾ ਅਮੀਨ ਮੰਸੂਰੀ ਹੈ, ਜੋ ਦੋਵੇਂ ਹੱਥਾਂ ਤੋਂ ਅਪਾਹਜ ਹੈ। ਅਮੀਨ ਦੇ ਪਿਤਾ ਇਕਬਾਲ ਮਨਸੂਰੀ ਦਰਜ਼ੀ ਦਾ ਕੰਮ ਕਰਦੇ ਹਨ। ਆਰਥਕ ਹਾਲਤ ਵੀ ਬਹੁਤੀ ਠੀਕ ਨਹੀਂ ਹੈ।

ਜਾਣਕਾਰੀ ਅਨੁਸਾਰ ਜਨਮ ਤੋਂ ਹੀ ਅਮੀਨ ਦੇ ਦੋਵੇਂ ਹੱਥ ਨਹੀਂ ਹਨ ਪਰ ਉਸ ਨੇ ਇਸ ਨੂੰ ਕਦੇ ਵੀ ਅਪਣੀ ਕਮਜ਼ੋਰੀ ਨਹੀਂ ਸਮਝਿਆ। ਉਹ ਬਚਪਨ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਸੀ ਅਤੇ ਇਸੇ ਲਗਨ ਸਦਕਾ ਹੀ ਹੁਣ ਅਮੀਨ ਪਟਵਾਰੀ ਬਣ ਕੇ ਅਪਣੇ ਪ੍ਰਵਾਰ ਦੀਆਂ ਖੁਸ਼ੀਆਂ ਦਾ ਸਬੱਬ ਬਣਿਆ ਹੈ। ਦੱਸ ਦੇਈਏ ਕਿ ਹੱਥ ਨਾ ਹੋਣ ‘ਤੇ ਅਮੀਨ ਨੇ ਪੈਰਾਂ ਨਾਲ ਲਿਖਣਾ ਸਿੱਖਿਆ ਅਤੇ ਇਸ ਨੂੰ ਆਪਣੀ ਤਾਕਤ ਬਣਾਇਆ। ਉਸ ਨੇ ਕੰਪਿਊਟਰ ਵੀ ਆਪਣੇ ਪੈਰਾਂ ਨਾਲ ਚਲਾਉਣਾ ਸਿੱਖਿਆ। 2012 ‘ਚ 11ਵੀਂ ਜਮਾਤ ‘ਚ ਪੜ੍ਹਦਿਆਂ ਉਸ ਨੇ ਸੋਲਰ ਕੂਕਰ ਦਾ ਪ੍ਰੋਜੈਕਟ ਬਣਾਇਆ, ਜਿਸ ਦੀ ਰਾਸ਼ਟਰੀ ਪੱਧਰ ‘ਤੇ ਚੋਣ ਹੋਈ। ਆਮੀਨ ਨੂੰ ਇਸ ਸਨਮਾਨਤ ਵੀ ਕੀਤਾ ਗਿਆ। ਸਰਕਾਰੀ ਸਕੂਲ ਤੋਂ 12ਵੀਂ ਤਕ ਪੜ੍ਹਾਈ ਕਰਨ ਮਗਰੋਂ ਅਮੀਨ ਨੇ ਇੰਦੌਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਉਸ ਤੋਂ ਬਾਅਦ ਪਟਵਾਰੀ ਦੀ ਪ੍ਰੀਖਿਆ ਲਈ ਫਾਰਮ ਭਰਿਆ, ਪੈਰਾਂ ਨਾਲ ਪ੍ਰੀਖਿਆ ਦਿਤੀ ਅਤੇ ਦਿਵਿਆਂਗ ਵਰਗ ਦੀ ਮੈਰਿਟ ਸੂਚੀ ਵਿਚ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।

ਅਮੀਨ ਨੇ ਰੋਜ਼ਾਨਾ ਲਗਭਗ 12 ਘੰਟੇ ਤਕ ਪੜ੍ਹਾਈ ਕਰ ਕੇ ਇਹ ਸਫ਼ਲਤਾ ਹਾਸਲ ਕੀਤੀ ਹੈ ਪਰ ਇਸ ਦਾ ਸਿਹਰਾ ਅਪਣੇ ਪਿਤਾ ਅਤੇ ਪ੍ਰਵਾਰ ਨੂੰ ਦਿਤਾ। ਪੁੱਤਰ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਪ੍ਰਵਾਰ ਸਗੋਂ ਪੂਰੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ। ਅਮੀਨ ਮੰਸੂਰੀ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਬਣੇ ਹਨ ਜੋ ਥੋੜ੍ਹੀ ਜਿਹੀ ਮੁਸ਼ਕਿਲ ‘ਚ ਹਾਰ ਮੰਨ ਲੈਂਦੇ ਹਨ ਪਰ ਅਮੀਨ ਮੰਸੂਰੀ ਨੇ ਇਹ ਸਾਬਤ ਕੀਤਾ ਹੈ ਕਿ ਕੋਸ਼ਿਸ਼ ਕਰਨ ਵਾਲੇ ਹਾਰਦੇ ਨਹੀਂ ਹਨ। ਉਸ ਨੇ ਸਖਤ ਮਿਹਨਤ ਕੀਤੀ ਅਤੇ ਅਪਣੇ ਸੁਪਨੇ ਨੂੰ ਸਾਕਾਰ ਕੀਤਾ ਹੈ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-