ਸ਼ਰਾਬ ਫੈਕਟਰੀ ਖ਼ਿਲਾਫ਼ ਲੱਗੇ ਮੋਰਚੇ ’ਚ ਪਹੁੰਚਣ ਲੱਗੇ ਵੱਡੇ ਕਿਸਾਨ ਆਗੂ, ਰਾਕੇਸ਼ ਟਿਕੈਤ ਨੇ ਕੀਤੀ ਸ਼ਮੂਲੀਅਤ


ਤਲਵੰਡੀ ਭਾਈ : ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਵਾਲਿਆ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਹੋਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੇ ਤਲਵੰਡੀ ਭਾਈ ਦੇ ਮੋਗਾ ਓਵਰਬਰਿੱਜ ਨੇੜੇ ‘ਜਗਬਾਣੀ’ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹ ਜ਼ੀਰਾ ਨੇੜੇ ਸਾਫ਼-ਪਾਣੀ ਅਤੇ ਸਾਫ਼ ਹਵਾ ਦੀ ਮੰਗ ਨੂੰ ਲੈ ਕੇ ਸ਼ਰਾਬ ਫੈਕਟਰੀ ਖ਼ਿਲਾਫ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਧਰਨੇ ’ਚ ਸ਼ਮੂਲੀਅਤ ਕਰਨ ਜਾ ਰਹੇ ਸਨ। ਜਿਨ੍ਹਾਂ ਦਾ ਤਲਵੰਡੀ ਭਾਈ ਪੁੱਜਣ ‘ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਰਕੇਸ਼ ਟਿਕੈਤ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਸਾਨੂੰ ਕੁਦਰਤ ਦੀ ਅਨਮੋਲ ਦੇਣ ਮਿਲੀ ਹੈ, ਜੇਕਰ ਇਹ ਅਣਮੱਲੀ ਦੇਣ ਖ਼ਰਾਬ ਹੋਵੇਗੀ ਤਾਂ ਇਸ ਨਾਲ ਸਭ ਜਨਜੀਵਨ ਪ੍ਰਭਾਵਿਤ ਹੋਵੇਗਾ। ਜੋ ਵੀ ਇਸਨੂੰ ਖ਼ਰਾਬ ਕਰ ਰਿਹਾ ਹੈ, ਉਸ ਖ਼ਿਲਾਫ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਅਤੇ ਇੰਡਸਟਰੀ ਬੰਦ ਹੋਣੀ ਚਾਹੀਦੀ ਹੈ। ਜਿਸਦਾ ਪੂਰਾ ਹਰਜਾਨਾ ਭਾਰਤ ਸਰਕਾਰ ਅਤੇ ਮੌਜੂਦਾ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਾਣੀ ਖਰਾਬ ਕਰਨ ਵਾਲਿਆਂ ਖ਼ਿਲਾਫ ਉਹ ਇਕ ਕਾਨੂੰਨ ਲੈ ਕੇ ਆਵੇ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਇਸ ਸ਼ਰਾਬ ਫੈਕਟਰੀ ਕਾਰਨ ਸਾਡਾ ਪਾਣੀ ਵੀ ਖਰਾਬ ਹੋ ਗਿਆ, ਸਾਡੇ ਪਸ਼ੂ ਮਰੇ ਹਨ ਅਤੇ ਬਿਮਾਰੀ ਵੀ ਫੈਲੀ ਹੈ। ਉਨ੍ਹਾਂ ਨੇ ਫੌਰੀ ਤੌਰ ’ਤੇ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਬਲਦੇਵ ਸਿੰਘ ਸਰਾਂ, ਜਗਰੂਪ ਸਿੰਘ ਕੋਟਲਾ ਪ੍ਰਧਾਨ,  ਕਿਰਨਪਾਲ ਸਿੰਘ ਸੋਢੀ ਜ਼ਿਲ੍ਹਾ ਜਨਰਲ ਸਕੱਤਰ, ਬਾਬੂ ਸਿੰਘ ਬਰਾੜ ਜਨਰਲ ਸਕੱਤਰ, ਗੁਰਦੇਵ ਸਿੰਘ ਖੋਸਾ ਇਕਾਂਈ ਪ੍ਰਧਾਨ ਪੀਹੇਵਾਲੀ, ਨੰਬਰਦਾਰ ਦਵਿੰਦਰ ਸਿੰਘ ਬਲਾਕ ਮੀਤ ਪ੍ਰਧਾਨ, ਗੁਰਮੇਲ ਸਿੰਘ ਜਨਰਲ ਸਕੱਤਰ ਆਦਿ ਕਿਸਾਨ ਆਗੂ ਮੌਜੂਦ ਸਨ।

Leave a Reply

error: Content is protected !!