ਭਾਰਤ

ਦਿੱਲੀ: ਲਾਰੈਂਸ ਬਿਸ਼ਨੋਈ ਸਿੰਡੀਕੇਟ ਦੇ ਤਿੰਨ ਸ਼ਾਰਪ ਸ਼ੂਟਰ ਗ੍ਰਿਫ਼ਤਾਰ

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰੋਹਿਣੀ ਖੇਤਰ ਤੋਂ ਲਾਰੈਂਸ ਬਿਸ਼ਨੋਈ ਸਿੰਡੀਕੇਟ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨਾ ਨਗਰ ਨਿਵਾਸੀ ਉਦਿਤ ਸਾਧ, ਅਨੀਸ਼ ਕੁਮਾਰ ਉਰਫ ਮਿੰਟੂ ਨਿਵਾਸੀ ਨਾਂਗਲੋਈ ਅਤੇ ਮੋਹਿਤ ਗੁਪਤਾ ਨਿਵਾਸੀ ਨਿਹਾਲ ਵਿਹਾਰ ਵਜੋਂ ਹੋਈ ਹੈ।

ਪੁਲਿਸ ਅਨੁਸਾਰ 23 ਜੂਨ 2023 ਨੂੰ ਲਾਜਪਤ ਰਾਏ ਮਾਰਕਿਟ ਸਥਿਤ ਇਕ ਵਪਾਰੀ ਨੂੰ ਫਿਰੌਤੀ ਲਈ ਫ਼ੋਨ ਆਇਆ ਸੀ। ਮੁਲਜ਼ਮਾਂ ਨੇ ਲਾਰੇਂਸ ਬਿਸ਼ਨੋਈ ਵਲੋਂ ਉਸ ਨੂੰ ਧਮਕੀ ਦਿਤੀ ਸੀ ਅਤੇ ਜਾਨ ਬਖਸ਼ਣ ਬਦਲੇ 20 ਲੱਖ ਰੁਪਏ ਦੀ ਮੰਗ ਕੀਤੀ ਸੀ।

ਸਪੈਸ਼ਲ ਸੈੱਲ ਦੇ ਪੁਲਿਸ ਕਮਿਸ਼ਨਰ ਐਚ.ਜੀ.ਐਸ. ਧਾਲੀਵਾਲ ਨੇ ਦਸਿਆ ਕਿ 3 ਜੁਲਾਈ ਨੂੰ ਸੂਚਨਾ ਮਿਲੀ ਸੀ ਕਿ ਜਬਰੀ ਵਸੂਲੀ ਦੇ ਮਾਮਲੇ ’ਚ ਸ਼ਾਮਲ ਮੁਲਜ਼ਮ ਰੋਹਿਣੀ ਸਥਿਤ ਜਾਪਾਨੀ ਪਾਰਕ ਦੇ ਗੇਟ ਨੰਬਰ 3 ਨੇੜੇ ਮਿਲਣਗੇ। ਪੁਲਿਸ ਨੇ ਜਾਲ ਵਿਛਾ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ ਦੋ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਹੋਏ। ਉਦਿਤ ਥੋਕ ਬਾਜ਼ਾਰ ‘ਚ ਕਪੜੇ ਵੇਚਦਾ ਸੀ ਅਤੇ ਇਸ ਤੋਂ ਪਹਿਲਾਂ ਪੁਰਾਣੀ ਦਿੱਲੀ ਦੇ ਲਾਜਪਤ ਰਾਏ ਬਾਜ਼ਾਰ ‘ਚ ਦੁਕਾਨ ਵੀ ਚਲਾਉਂਦਾ ਸੀ।
ਉਹ ਇਲਾਕੇ ਦੇ ਕਈ ਥੋਕ ਵਿਕਰੀਕਰਤਾਵਾਂ ਤੋਂ ਜਾਣੂ ਸੀ ਅਤੇ ਅਕਸਰ ਉਨ੍ਹਾਂ ਨੂੰ ਮਿਲਣ ਜਾਂਦਾ ਸੀ। ਨੇੜਤਾ ਹੋਣ ਕਾਰਨ ਉਨ੍ਹਾਂ ਕੋਲ ਉਸ ਦਾ ਮੋਬਾਈਲ ਨੰਬਰ ਵੀ ਸੀ। ਅਧਿਕਾਰੀ ਨੇ ਦਸਿਆ ਕਿ ਉਦਿਤ ਨੇ ਤੇਜ਼ੀ ਨਾਲ ਪੈਸੇ ਕਮਾਉਣ ਲਈ ਲੋਕਾਂ ਨੂੰ ਧੋਖਾ ਦੇਣਾ ਸ਼ੁਰੂ ਕਰ ਦਿਤਾ ਸੀ ਅਤੇ 2015 ਵਿਚ ਪਹਿਲੀ ਵਾਰ ਜੇਲ੍ਹ ਵੀ ਗਿਆ ਸੀ। ਜੇਲ੍ਹ ਵਿਚ ਉਹ ਅਨੀਸ਼ ਕੁਮਾਰ ਅਤੇ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਮਿਲਿਆ। ਹਾਲ ਹੀ ’ਚ ਉਸ ਨੇ ਅਪਣੇ ਸਾਥੀਆਂ ਅਨੀਸ਼ ਅਤੇ ਮੋਹਿਤ ਨਾਲ ਮਿਲ ਕੇ ਲਾਰੇਂਸ ਬਿਸ਼ਨੋਈ ਦੇ ਨਾਂ ’ਤੇ ਭੋਲੇ-ਭਾਲੇ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦੀ ਸਾਜ਼ਸ਼ ਰਚੀ।
ਉਸ ਨੂੰ ਪਤਾ ਸੀ ਕਿ ਉਹ ਬਿਸ਼ਨੋਈ ਦੇ ਨਾਂ ‘ਤੇ ਆਸਾਨੀ ਨਾਲ ਪੈਸੇ ਵਸੂਲ ਸਕਦਾ ਹੈ। ਅਧਿਕਾਰੀ ਨੇ ਅੱਗੇ ਦੱਸਿਆ ਕਿ ਉਹ ਸ਼ਿਕਾਇਤਕਰਤਾ ਨੂੰ ਤਿਹਾੜ ਜੇਲ੍ਹ ਦੇ ਨੇੜਲੇ ਖੇਤਰ ਤੋਂ ਫੋਨ ਕਰਦੇ ਸਨ, ਇਸ ਲਈ ਪੁਲਿਸ ਅਤੇ ਸ਼ਿਕਾਇਤਕਰਤਾ ਦੋਵਾਂ ਨੇ ਮੰਨਿਆ ਕਿ ਕਥਿਤ ਕਾਲਰ ਤਿਹਾੜ ਜੇਲ੍ਹ ਵਿਚ ਹੈ। ਉਸ ਨੇ ਸ਼ਿਕਾਇਤਕਰਤਾ ਨੂੰ ਧਮਕਾਉਣ ਲਈ ਇਕ ਨਾਜਾਇਜ਼ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਰੱਖੇ ਹੋਏ ਸਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-