ਮਿਕਸਰ ਗ੍ਰਾਈਂਡਰ ‘ਚ ਜ਼ਬਰਦਸਤ ਧਮਾਕਾ; ਖਿੜਕੀਆਂ ਦੇ ਟੁੱਟੇ ਸ਼ੀਸ਼ੇ, ਕੋਰੀਅਰ ਬੁਆਏ ਹੋਇਆ ਗੰਭੀਰ ਜ਼ਖ਼ਮੀ

ਹਾਸਨ- ਕਰਨਾਟਕ ਦੇ ਹਾਸਨ ‘ਚ ਇਕ ਕੋਰੀਅਰ ਦਫ਼ਤਰ ‘ਚ ਮਿਕਸਰ ਗ੍ਰਾਈਂਡਰ ‘ਚ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਕੋਰੀਅਰ ਦਫ਼ਤਰ ਦਾ ਮਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਹ ਘਟਨਾ ਸੋਮਵਾਰ ਰਾਤ ਨੂੰ ਕੇਆਰਪੁਰਮ ਸਥਿਤ ਡੀ. ਟੀ. ਡੀ. ਸੀ ਕੋਰੀਅਰ ਦਫ਼ਤਰ ‘ਚ ਵਾਪਰੀ ਅਤੇ ਜ਼ਖ਼ਮੀ ਦੀ ਪਛਾਣ ਸ਼ਸ਼ੀ ਵਜੋਂ ਹੋਈ ਹੈ, ਜੋ ਕੋਰੀਅਰ ਦਫਤਰ ਵਿਚ ਕੰਮ ਕਰਦਾ ਸੀ। ਸ਼ਸ਼ੀ ਨੇ ਪਾਰਸਲ ਖੋਲ੍ਹਿਆ ਅਤੇ ਮਿਕਸਰ ਦਾ ਪਰੀਖਣ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ‘ਚ ਧਮਾਕਾ ਹੋ ਗਿਆ। ਧਮਾਕੇ ਵਿਚ ਉਸ ਦਾ ਸੱਜਾ ਹੱਥ ਫੱਟ ਗਿਆ ਅਤੇ ਦਫ਼ਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਉਸ ਦੇ ਢਿੱਡ ਅਤੇ ਚਿਹਰੇ ‘ਤੇ ਵੀ ਸੱਟਾਂ ਆਈਆਂ ਹਨ।

ਦਰਅਸਲ ਗਾਹਕ ਨੇ ਇਹ ਕਹਿੰਦੇ ਹੋਏ ਪਾਰਸਲ ਵਾਪਸ ਕਰ ਦਿੱਤਾ ਕਿ ਇਹ ਗਲਤ ਪਤੇ ‘ਤੇ ਪਹੁੰਚਾ ਦਿੱਤਾ ਗਿਆ ਹੈ। ਘਟਨਾ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਐੱਸ. ਪੀ. ਹਰੀਰਾਮ ਸ਼ੰਕਰ ਨੇ ਕਿਹਾ ਕਿ ਘਟਨਾ ਉਦੋਂ ਵਾਪਰੀ ਜਦੋਂ ਦੋ ਦਿਨ ਪਹਿਲਾਂ ਇਕ ਗਾਹਕ ਵਲੋਂ ਵਾਪਸ ਕੀਤਾ ਗਿਆ ਪਾਰਸਲ ਖੋਲ੍ਹਿਆ ਗਿਆ। ਪੁਲਸ ਨੇ ਪਾਰਸਲ ਭੇਜਣ ਵਾਲੇ ਦਾ ਪਤਾ ਅਤੇ ਪੂਰੀ ਜਾਣਕਾਰੀ ਨੋਟ ਕਰ ਲਈ ਹੈ। ਐੱਸ. ਪੀ. ਨੇ ਕਿਹਾ ਕਿ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ ਹੈ। ਮਿਕਸਰ ਵਿਚ ਧਮਾਕਾ ਕਿਉਂ ਅਤੇ ਕਿਵੇਂ ਹੋਇਆ, ਇਸ ਦੀ ਜਾਂਚ ਕੀਤੀ ਜਾਵੇਗੀ। ਮਾਮਲਾ ਫੋਰੈਂਸਿਕ ਸਾਇੰਸ ਲੈਬ ਟੀਮ ਨੂੰ ਭੇਜਿਆ ਗਿਆ ਹੈ।

ਪੁਲਸ ਮੁਤਾਬਕ ਮਿਕਸਰ ਦੇ ਬਲੇਡ ਨਾਲ ਕੋਰੀਅਰ ਬੁਆਏ ਸ਼ਸ਼ੀ ਨੂੰ ਹੱਥ, ਢਿੱਡ ਅਤੇ ਸੀਨੇ ਵਿਚ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਹ ਖ਼ਤਰੇ ਤੋਂ ਬਾਹਰ ਹਨ। ਪੁਲਸ ਨੇ ਕਿਹਾ ਕਿ ਪੂਰੀ ਜਾਂਚ ਮਗਰੋਂ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ।

Leave a Reply