ਫੀਚਰਜ਼ਭਾਰਤ

ਪ੍ਰਧਾਨ ਮੰਤਰੀ ਦੇ ਸੰਸਦੀ ਹਲਕੇ ’ਚ ਸਬਜ਼ੀਆਂ ਵੇਚਣ ਵਾਲੇ ਨੇ ਟਮਾਟਰਾਂ ਦੀ ਸੁਰਖਿਆ ਲਈ ਰੱਖੇ ਬਾਊਂਸਰ

ਵਾਰਾਣਸੀ (ਉੱਤਰ ਪ੍ਰਦੇਸ਼): ਟਮਾਟਰਾਂ ਦੀ ਵਧਦੀ ਜਾ ਰਹੀ ਕੀਮਤ ਨਾ ਸਿਰਫ਼ ਲੋਕਾਂ ਦੀਆਂ ਜੇਬਾਂ ਢਿੱਲੀਆਂ ਕਰ ਰਹੀ ਹੈ, ਬਲਕਿ ਹੁਣ ਟਮਾਟਰਾਂ ਦੀ ਬਦੌਲਤ ਬਾਊਂਸਰਾਂ ਨੂੰ ਰੁਜ਼ਗਾਰ ਵੀ ਮਿਲਣ ਲੱਗ ਪਿਆ ਹੈ, ਕਿਉਂਕਿ ਟਮਾਟਰ ਵੇਚਣ ਵਾਲਿਆਂ ਨੂੰ ਵਧਦੀਆਂ ਕੀਮਤਾਂ ਕਾਰਨ ਖ਼ਰੀਦਦਾਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ ਦੇ ਇਕ ਸਬਜ਼ੀਆਂ ਵੇਚਣ ਵਾਲੇ ਅਜੈ ਫ਼ੌਜੀ ਨੇ ਅਪਣੀ ਸੁਰਖਿਆ ਲਈ ਬਾਊਂਸਰਾਂ ਨੂੰ ਰੱਖ ਲਿਆ ਹੈ ਕਿਉਂਕਿ ਉਸ ਦਾ ਦਾਅਵਾ ਹੈ ਕਿ ਟਮਾਟਰ ਖ਼ਰੀਦਣ ਸਮੇਂ ਕੁਝ ਲੋਕ ਵਧੀਆਂ ਕੀਮਤਾਂ ਸੁਣ ਕੇ ਉਸ ’ਤੇ ਭੜਕ ਜਾਂਦੇ ਹਨ।

ਉਨ੍ਹਾਂ ਕਿਹਾ, ‘‘ਟਮਾਟਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ ਅਤੇ ਲੋਕ ਕਈ ਵਾਰੀ ਕੀਮਤਾਂ ਸੁਣ ਕੇ ਗੁੱਸੇ ’ਚ ਆ ਜਾਂਦੇ ਹਨ। ਉਹ ਬਹਿਸ ਕਰਨ ਲੱਗ ਪੈਂਦੇ ਹਨ ਅਤੇ ਗਾਲ੍ਹਾਂ ਵੀ ਕੱਢਣ ਲਗਦੇ ਹਨ। ਅਸੀਂ ਦੁਕਾਨ ’ਚ ਕਿਸੇ ਪ੍ਰੇਸ਼ਾਨੀ ਤੋਂ ਬਚਣ ਲਈ ਬਾਊਂਸਰਾਂ ਨੂੰ ਹੀ ਰੱਖ ਲਿਆ ਹੈ।’’

ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਟਮਾਟਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਉੱਤਰ ਪ੍ਰਦੇਸ਼ ’ਚ ਟਮਾਟਰ 160 ਤੋਂ 180 ਰੁਪਏ ਪ੍ਰਤੀ ਕਿੱਲੋ ਤਕ ਵਿਕ ਰਿਹਾ ਹੈ ਅਤੇ ਲੋਕ 100 ਗ੍ਰਾਮ ਦੀ ਮਾਤਰਾ ’ਚ ਟਮਾਟਰ ਖ਼ਰੀਦ ਰਹੇ ਹਨ ਤਾਂ ਕਿ ਇਹ ਉਨ੍ਹਾਂ ਦੇ ਬਜਟ ’ਚ ਫਿੱਟ ਹੋ ਸਕੇ।
ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਮਹਿੰਗਾਈ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਹੈ।

ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਕ ਟਵੀਟ ਕਰ ਕੇ ਕਿਹਾ ਸੀ, ‘‘ਮੋਦੀ ਸਰਕਾਰ ਦੀ ਲੁੱਟ ਨਾਲ ਮਹਿੰਗਾਈ ਅਤੇ ਬੇਰੁਜ਼ਗਾਰੀ ਦੋਵੇਂ ਲਗਾਤਾਰ ਵਧ ਰਹੀਆਂ ਹਨ। ਪਰ ਭਾਜਪਾ ਸੱਤਾ ਦੇ ਲਾਲਚ ’ਚ ਮਸਤ ਹੈ। ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੇਸ਼ ’ਚ ਬੇਰੁਜ਼ਗਾਰੀ ਦੀ ਦਰ 8.45 ਫ਼ੀ ਸਦੀ ਹੋ ਗਈ ਹੈ। ਪਿੰਡਾਂ ’ਚ ਮਨਰੇਗਾ ਸਿਖਰ ’ਤੇ, ਪਰ ਕੰਮ ਨਹੀਂ ਪਿੰਡਾਂ ’ਚ ਤਨਖ਼ਾਹ ਦਰ ਘਟੀ ਹੈ।’’ ਇਕ ਸਰਕਾਰੀ ਅਧਿਕਾਰੀ ਨੇ ਕਿਹਾ ਸੀ ਕਿ ਟਮਾਟਰਾਂ ਦੀਆਂ ਕੀਮਤਾਂ ’ਚ ਵਾਧਾ ਮੌਸਮੀ ਹੈ ਅਤੇ 15-20 ਦਿਨਾਂ ’ਚ ਇਹ ਕੀਮਤਾਂ ਹੇਠਾਂ ਆ ਜਾਣਗੀਆਂ।

ਇਸ ਖ਼ਬਰ ਬਾਰੇ ਕੁਮੈਂਟ ਕਰੋ-