ਭਰਤੀ ਮੁਹਿੰਮ: ਵਿੱਤ ਖੇਤਰ ਦੇ 77 ਸਿਵਲ ਸਪੋਰਟ ਸਟਾਫ਼ ਦਾ ਇੱਕ ਹੋਰ ਬੈਚ ਭਲਕੇ ਪੰਜਾਬ ਪੁਲਿਸ ‘ਚ ਹੋਵੇਗਾ ਸ਼ਾਮਲ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਵਿੱਤੀ ਖੇਤਰ ਦੇ 77 ਸਿਵਿਲੀਅਨ ਉਮੀਦਵਾਰਾਂ ਦਾ ਇੱਕ ਹੋਰ ਬੈਚ ਸੋਮਵਾਰ ਤੋਂ ਪੰਜਾਬ ਪੁਲਿਸ ਦੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਦੱਸਣਯੋਗ ਹੈ ਕਿ ਇਹਨਾਂ 77 ਵਿੱਤੀ ਮਾਹਿਰਾਂ ਵਿੱਚੋਂ 10 ਉਮੀਦਵਾਰ ਵਿੱਤੀ ਅਫਸਰ ਵਜੋਂ ਸੇਵਾਵਾਂ ਨਿਭਾਉਣਗੇ, ਜਦੋਂ ਕਿ 67 ਉਮੀਦਵਾਰ (46 ਪੁਰਸ਼ ਅਤੇ 21 ਮਹਿਲਾ ਉਮੀਦਵਾਰ) ਸਹਾਇਕ ਵਿੱਤੀ ਅਫਸਰ ਵਜੋਂ ਸੇਵਾਵਾਂ ਨਿਭਾਉਣਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 18 ਮਈ, 2023 ਨੂੰ ਆਯੋਜਿਤ ਸਮਾਗਮ ਦੌਰਾਨ ਕਾਨੂੰਨੀ ਮਾਹਿਰਾਂ ਅਤੇ ਫੋਰੈਂਸਿਕ ਮਾਹਿਰਾਂ ਦੇ 144 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣ ਤੋਂ ਮਹੀਨੇ ਤੋਂ ਕੁਝ ਦਿਨਾਂ ਉਪਰੰਤ ਇਹ ਨਿਯੁਕਤੀ ਕੀਤੀ ਗਈ ਹੈ। ਇਸ ਬੈਚ ਦੀ ਨਿਯੁਕਤੀ ਨਾਲ ਸਿਵਿਲ ਸਪੋਰਟ ਸਟਾਫ਼ ਦੀ ਗਿਣਤੀ 221 ਤੱਕ ਪਹੁੰਚ ਜਾਵੇਗੀ।
ਉਨ੍ਹਾਂ ਪੰਜਾਬ ਪੁਲਿਸ ਵਿੱਚ ਨਵੇਂ ਭਰਤੀ ਹੋਏ ਬੈਚ ਦਾ ਸਵਾਗਤ ਕਰਦਿਆਂ ਨੌਜਵਾਨਾਂ ਨੂੰ ਪੰਜਾਬ ਪੁਲਿਸ ਦਾ ਅਨਿੱਖੜਵਾਂ ਅੰਗ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸਮਾਜ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਇਹ ਜ਼ਰੂਰੀ ਹੈ ਕਿ ਪੁਲਿਸ ਬਲ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚਲੀ ਲੋੜਾਂ ਅਨੁਸਾਰ ਅੱਪਡੇਟ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਦੀ ਚੋਣ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ ਅਤੇ ਇਸ ਅਹੁਦੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ, ਪੰਜਾਬ ਪੁਲਿਸ ਨੇ ਪੂਰੀ ਭਰਤੀ ਪ੍ਰਕਿਰਿਆ ਲਈ ਸੁਜੱਚੀ ਵਿਧੀ ਅਪਣਾਈ ਹੈ ਤਾਂ ਜੋ ਉਮੀਦਵਾਰਾਂ ਨੂੰ ਭਰਤੀ ਹੋਣ ਤੋਂ ਬਾਅਦ ਕਿਸੇ ਵੀ ਕਾਨੂੰਨੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਪੀਬੀਆਈ ਦੇ ਡਾਇਰੈਕਟਰ ਐਲ.ਕੇ. ਯਾਦਵ ਨੇ ਕਿਹਾ ਕਿ ਇਹ ਸਾਰੇ ਅਧਿਕਾਰੀ, ਜੋ ਕਾਮਰਸ/ਵਿੱਤ ਗ੍ਰੈਜੂਏਟ ਹਨ ਅਤੇ ਵਿੱਤੀ ਅਫਸਰਾਂ ਵਜੋਂ ਸੱਤ ਸਾਲ ਦਾ ਤਜਰਬਾ ਅਤੇ ਸਹਾਇਕ ਵਿੱਤੀ ਅਫਸਰਾਂ ਵਜੋਂ ਦੋ ਸਾਲ ਦਾ ਤਜਰਬਾ ਰੱਖਦੇ ਹਨ, ਆਰਥਿਕ/ਵਿੱਤੀ ਨਾਲ ਸਬੰਧਤ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਕਰਨਗੇ।