ਭਾਰੀ ਮੀਂਹ ਕਾਰਨ ਪੰਜਾਬ ਭਰ ’ਚ ਹੜ੍ਹਾਂ ਵਰਗੇ ਹਾਲਾਤ, ਫ਼ਤਹਿਗੜ੍ਹ ਸਾਹਿਬ ਤੇ ਰੋਪੜ ਦੇ ਸਕੂਲਾਂ ’ਚ ਛੁੱਟੀ ਦਾ ਐਲਾਨ

ਚੰਡੀਗੜ੍ਹ :ਪੰਜਾਬ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੂਬੇ ਭਰ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸੂਬੇ ਦੇ ਜ਼ਿਆਦਾਤਰ ਸ਼ਹਿਰ ਪਾਣੀ ਵਿੱਚ ਡੁੱਬੇ ਪਏ ਹਨ ਅਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਵੀ ਪਾਣੀ ਵੜ ਗਿਆ ਹੈ। ਇਸੇ ਦੌਰਾਨ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਲਰਟ ’ਤੇ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਮੰਤਰੀਆਂ, ਵਿਧਾਇਕਾਂ ਤੇ ਅਫ਼ਸਰਾਂ ਨੂੰ ਲੋਕਾਂ ਵਿੱਚ ਜਾ ਕੇ ਮਦਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਡੀਸੀ ਤੇ ਐੱਸਐੱਸਪੀ ਨੂੰ ਵੀ ਫੀਲਡ ’ਤੇ ਰਾਹਤ ਕਾਰਜ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਨੀਵੇਂ ਤੇ ਦਰਿਆਵਾਂ ਨਾਲ ਲੱਗਦੇ ਇਲਾਕਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਅਤੇ ਲੋਕਾਂ ਨੂੰ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਵੱਲੋਂ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਪਟਿਆਲਾ: ਪਟਿਆਲਾ ਵਿੱਚ ਵੱਡੇ ਤੜਕੇ ਤੋਂ ਪੈ ਰਹਿ ਭਰਵੇਂ ਮੀਂਹ ਨੇ ਇਕ ਵਾਰ ਫੇਰ ਸ਼ਾਹੀ ਸ਼ਹਿਰ ਨੂੰ ਜਲਥਲ ਕਰ ਦਿੱਤਾ ਹੈ। ਸ਼ਹਿਰ ਅਤੇ ਇਲਾਕੇ ਦੀਆਂ ਬਹੁਤੀਆਂ ਸੜਕਾਂ ਅਤੇ ਹੋਰ ਨੀਵੀਆਂ ਥਾਵਾਂ ਪਾਣੀ ਨਾਲ ਭਰੀਆਂ ਹੋਈਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਦੋ ਪਹੀਆ ਵਾਹਨਾਂ ਦੇ ਇੰਜਣਾਂ ਵਿੱਚ ਪਾਣੀ ਪੈਣ ਕਾਰਨ ਉਹ ਪਾਣੀ ਵਿੱਚ ਬੰਦ ਹੋ ਗਏ, ਜਿਸ ਕਾਰਨ ਲੋਕਾਂ ਨੂੰ ਭਾਰੀ ਤਰੱਦਦ ਕਰਨੀ ਪਈ। ਬਰਸਾਤਾਂ ਵਿੱਚ ਪਟਿਆਲਾ ਸ਼ਹਿਰ ਦੇ ਬਾਹਰ ਵਾਰੋਂ ਲੰਘਦੀ ਛੋਟੀ ਤੇ ਵੱਡੀ ਨਦੀ ਵਿਚ ਪਾਣੀ ਆਉਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ, ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਤੇ ਸਮੇਤ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਤੇ ਹੋਰਾਂ ਨੇ ਵਰ੍ਹਦੇ ਮੀਂਹ ਵਿੱਚ ਦੋਵਾਂ ਨਦੀਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਤੇ ਕੋਈ ਡਰ ਵਾਲੀ ਸਥਿਤੀ ਨਹੀਂ ਹੈ। ਲੋੜੀਂਦੇ ਕਦਮ ਉਠਾਏ ਜਾ ਰਹੇ ਹਨ।
ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹੇ
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ। ਇਸ ਕਰਕੇ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹ ਦਿੱਤੇ ਹਨ। ਇਕ ਫਲੱਡ ਗੇਟ ਸਵੇਰੇ ਸਾਢੇ ਪੰਜ ਵਜੇ ਅਤੇ ਦੂਜਾ ਸਵੇਰੇ 6:15 ਵਜੇ ਖੋਲ੍ਹਿਆ ਗਿਆ ਹੈ। ਗੌਰਤਲਬ ਹੈ ਕਿ ਸੁਖਨਾ ਝੀਲ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ ਜਦੋਂ ਕਿ ਪਾਣੀ ਦਾ ਪੱਧਰ 1164.60 ਫੁੱਟ ਤੱਕ ਪਹੁੰਚ ਗਿਆ। ਇਸ ਦੌਰਾਨ ਪਾਣੀ ਸੁਖਨਾ ਝੀਲ ਦੇ ਫਲੱਡ ਗੇਟਾਂ ਦੇ ਉਪਰੋਂ ਦੀ ਲੰਘ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਕਰਕੇ ਜ਼ੀਰਕਪੁਰ ਤੇ ਪੰਚਕੂਲਾ ਦੇ ਕੁਝ ਇਲਾਕਿਆਂ ਵਿਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਵਿੱਚ ਮੀਂਹ ਨੇ 23 ਸਾਲਾਂ ਦਾ ਰਿਕਾਰਡ ਤੋੜਿਆ
ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪਏ ਮੀਂਹ ਨੇ ਪਿਛਲੇ 23 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਭਾਰੀ ਮੀਂਹ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ 322.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ੲਿਸ ਤੋਂ ਪਹਿਲਾਂ ਸ਼ਹਿਰ ਵਿੱਚ 18 ਜੁਲਾਈ 2000 ਨੂੰ 262 ਮਿਲੀਮੀਟਰ ਮੀਂਹ ਪਿਆ ਸੀ। ਭਾਰੀ ਮੀਂਹ ਕਰਕੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਤੇ ਟਰੈਫਿਕ ਵਿੱਚ ਵਿਘਨ ਪਿਆ।
ਡੇਰਾਬੱਸੀ ਚ ਮੀਂਹ ਨਾਲ ਹੜ੍ਹ ਵਰਗੀ ਸਥਿਤੀ ਬਣੀ
ਡੇਰਾਬੱਸੀ : ਡੇਰਾਬੱਸੀ ਅਤੇ ਜ਼ੀਰਕਪੁਰ ਖੇਤਰ ਵਿੱਚ ਦੋ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਨਾਲ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਦੋਵੇਂ ਖੇਤਰਾਂ ਵਿੱਚ ਲੰਘ ਰਹੇ ਨਦੀ ਨਾਲੇ ਅਤੇ ਬਰਸਾਤੀ ਚੋਅ ਪੂਰੇ ਭਰ ਕੇ ਚੱਲ ਰਹੇ ਹਨ। ਹਰ ਪਾਸੇ ਪਾਣੀ ਭਰਨ ਕਾਰਨ ਆਮ ਲੋਕਾਂ ਦਾ ਜਨ ਜੀਵਨ ਪੂਰੀ ਤਰ੍ਹਾਂ ਖੜ੍ਹ ਗਿਆ ਹੈ।
ਦੋਵਾਂ ਸ਼ਹਿਰਾਂ ਵਿਚ ਕਈ ਰਿਹਾਇਸ਼ੀ ਸੁਸਾਇਟੀਆਂ ਪਾਣੀ ਵਿਚ ਡੁੱਬ ਗਈਆਂ ਹਨ। ਸਭ ਤੋਂ ਮਾੜੀ ਹਾਲਤ ਡੇਰਾਬੱਸੀ ਹੈਬਤਪੁਰ ਸੜਕ ’ਤੇ ਗੁਲਮੋਹਰ ਸਿਟੀ ਐਕਸਟੈਂਸ਼ਨ ਵਿਚ ਬਣੀ ਹੋਈ ਹੈ। ਸੁਸਾਇਟੀ ਵਿੱਚ ਪਾਣੀ ਭਰਨ ਕਾਰਨ ਪੂਰੀ ਸੁਸਾਇਟੀ ਪਾਣੀ ਚ ਡੁੱਬ ਗਈ ਹੈ ਅਤੇ ਲੋਕ ਅਪਣੇ ਫਲੈਟ ਵਿੱਚ ਫਸ ਕੇ ਰਹਿ ਗਏ ਹਨ। ਸਥਿਤੀ ਵਿਗੜਦੀ ਦੇਖ ਪ੍ਰਸ਼ਾਸਨ ਵੱਲੋਂ ਕਿਸ਼ਤੀ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲੋੜੀਂਦੇ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ੀਰਕਪੁਰ ਦੇ ਗੁਰਦੇਵ ਨਗਰ, ਸ਼ਿਵਾਲਿਕ ਵਿਹਾਰ, ਵੀ ਆਈ ਪੀ ਰੋਡ, ਬਲਟਾਣਾ ਖੇਤਰ, ਗਾਜ਼ੀਪੁਰ ਸਣੇ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ। ਇਸੇ ਤਰ੍ਹਾਂ ਡੇਰਾਬੱਸੀ ਦੇ ਦਰਜਨਾਂ ਪਿੰਡਾਂ ਵਿੱਚ ਹਾਲਾਤ ਬਦ ਤੋਂ ਬਦਤਰ ਨਜ਼ਰ ਆ ਰਹੇ ਹਨ ਜਦਕਿ ਪ੍ਰਸ਼ਾਸਨ ਲਾਚਾਰ ਨਜ਼ਰ ਆ ਰਿਹਾ ਹੈ। ਡੇਰਾਬੱਸੀ ਤੋਂ ਲੰਘ ਰਹੀ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਜੋ ਨੇੜਲੇ ਪਿੰਡਾਂ ਲਈ ਖਤਰੇ ਦੀ ਘੰਟੀ ਹੈ।
ਲਾਲੜੂ ਖੇਤਰ ’ਚੋਂ ਲੰਘਦੀ ਘੱਗਰ, ਟਾਂਗਰੀ ਤੇ ਝਰਮਲ ਨਦੀਆਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ
ਲਾਲੜੂ : ਲਾਲੜੂ ਖੇਤਰ ਵਿੱਚੋਂ ਲੰਘਦੀ ਘੱਗਰ, ਟਾਂਗਰੀ ਤੇ ਝਰਮਲ ਨਦੀਆਂ ਸਮੇਤ ਬਰਸਾਤੀ ਚੋਆਂ ਵਿੱਚ ਲਗਾਤਾਰ ਬਰਸਾਤੀ ਪਾਣੀ ਦੀ ਆਮਦ ਵਧਣ ਕਾਰਨ ਸਮੁੱਚੇ ਖੇਤਰ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਪਿੰਡਾਂ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਟੀਮ ਨੂੰ ਨਾਲ ਲੈ ਕੇ ਦੌਰਾ ਕਰ ਰਹੇ ਹਨ। ਲੋਕਾਂ ਨੂੰ ਵਾਰ ਵਾਰ ਅਪੀਲ ਕਰ ਰਹੇ ਹਨ ਕਿ ਉਹ ਦਰਿਆਵਾਂ ਤੋਂ ਦੂਰ ਰਹਿਣ ਤੇ ਬਿਨਾਂ ਵਜ੍ਹਾ ਆਪਣੇ ਘਰਾਂ ਤੋਂ ਬਾਹਰ ਸੜਕਾਂ ’ਤੇ ਨਾ ਨਿਕਲਣ। ਇਸ ਮੌਕੇ ਐੱਨਡੀਆਰਐਫ ਦੀਆਂ ਟੀਮਾਂ ਨੇ ਪਿੰਡ ਟਿਵਾਣਾ ਵਿਖੇ ਪਹੁੰਚ ਕੇ ਮੋਰਚਾ ਸੰਭਾਲ ਲਿਆ ਹੈ ਅਤੇ ਸਥਿਤੀ ਉੱਪਰ ਲਗਾਤਾਰ ਨਿਗ੍ਹਾ ਰੱਖੀ ਜਾ ਰਹੀ ਹੈ। ਟਾਂਗਰੀ ਨਦੀ ਅਤੇ ਝਰਮਲ ਨਦੀ ਤੇ ਬਰਸਾਤੀ ਚੋਆਂ ਵਿੱਚ ਵੀ ਪਾਣੀ ਵਧ ਰਿਹਾ ਹੈ। ਪਿੰਡ ਮਲਕਪੁਰ ਨੇੜੇ ਲਾਲੜੂ ਹੰਡੇਸਰਾ ਲਿੰਕ ਸੜਕ ’ਤੇ ਭਾਰੀ ਮਾਤਰਾ ਵਿਚ ਪਾਣੀ ਆ ਜਾਣ ਕਾਰਨ ਵਾਹਨਾਂ ਨੂੰ ਨਿਕਲਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਪਿੰਡ ਰਾਣੀਮਾਜਰਾ ਨੇੜੇ ਬਰਸਾਤੀ ਚੋਅ ਵਿੱਚ ਪਾਣੀ ਜ਼ਿਆਦਾ ਆਉਣ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਲਹਿਲੀ ਬਨੂੜ ਲਿੰਕ ਸੜਕ ’ਤੇ ਪਾੜ ਪੈ ਜਾਣ ਕਾਰਨ ਰਸਤਾ ਬੰਦ ਹੋ ਗਿਆ ਹੈ। ਐੱਸਡੀਐੱਮ ਡੇਰਾਬਸੀ ਹਿਮਾਂਸ਼ੂ ਗੁਪਤਾ, ਬੀਡੀਪੀਓ ਰਵਨੀਤ ਕੌਰ, ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਗੁਰਬਖਸੀਸ ਸਿੰਘ, ਏਐਸਪੀ ਡੇਰਾਬੱਸੀ ਦਰਪਣ ਆਹਲੂਵਾਲੀਆ, ਐਸਐਚਓ ਲਾਲੜੂ ਅਜਿਤੇਸ਼ ਕੌਂਸਲ ਲਗਾਤਾਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ। ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਮੈਰਿਜ ਪੈਲੇਸਾਂ ਅਤੇ ਧਰਮਸ਼ਾਲਾਵਾਂ ਵਿਚ ਭੇਜਿਆ ਜਾ ਰਿਹਾ ਹੈ।
ਰੂਪਨਗਰ: ਪਿਛਲੇ ਦਿਨ ਤੋਂ ਲਗਾਤਾਰ ਪੈ ਰਹੀ ਮੂਸਲੇਧਾਰ ਬਰਸਾਤ ਕਾਰਨ ਰੂਪਨਗਰ ਜ਼ਿਲ੍ਹੇ ਅੰਦਰ ਬਰਸਾਤੀ ਪਾਣੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਸਿੰਘ ਪਿੰਡ ਦੇ ਸਰਪੰਚ ਮੇਹਰ ਸਿੰਘ ਅਤੇ ਬਲਾਕ ਸਮਿਤੀ ਮੈਂਬਰ ਪਰਮਿੰਦਰ ਕੌਰ ਦੇ ਦੱਸਣ ਮੁਤਾਬਕ ਲਗਪਗ 250 ਘਰਾਂ ਦੀ ਆਬਾਦੀ ਵਾਲੇ ਸਿੰਘ ਪਿੰਡ ਦੇ 100 ਤੋਂ ਵਧੇਰੇ ਘਰ ਪਾਣੀ ਵਿੱਚ ਡੁੱਬ ਚੁੱਕੇ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ੈਮਰਾਕ ਸਕੂਲ ਵਾਲੇ ਪਾਸਿਉਂ ਆ ਰਹੇ ਬਰਸਾਤੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਪਰ ਕੌਮੀ ਮਾਰਗ ਦੇ ਹੇਠਾਂ ਬਣੀਆਂ ਤਿੰਨੋਂ ਨਿਕਾਸੀ ਪੁਲੀਆਂ ਹੜ੍ਹ ਦੇ ਪਾਣੀ ਨੂੰ ਝੱਲਣ ਤੋਂ ਅਸਮਰੱਥ ਹਨ। ਮੌਜੂਦਾ ਹਾਲਾਤ ਇਹ ਬਣ ਚੁੱਕੇ ਹਨ ਕਿ ਬਰਸਾਤੀ ਪਾਣੀ ਕਈ ਫੁੱਟ ਉੱਚੇ ਕੌਮੀ ਮਾਰਗ ਦੇ ਉੱਪਰੋਂ ਘੁੰਮਣ ਲੱਗ ਪਿਆ ਹੈ। ਸਰਪੰਚ ਮੇਹਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਿਆ ਹੈ।
ਫ਼ਤਹਿਗੜ੍ਹ ਸਾਹਿਬ ਤੇ ਰੂਪਨਗਰ ਜਿਲ੍ਹਿਆਂ ਦੇ ਵਿਦਿਅਕ ਅਦਾਰਿਆਂ ’ਚ ਛੁੱਟੀ ਦਾ ਐਲਾਨ
ਚੰਡੀਗੜ੍ਹ : ਬੀਤੇ ਦਿਨ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨਾਲ ਜ਼ਿਲ੍ਹੇ ਦੇ ਸਕੂਲਾਂ, ਪਿੰਡਾਂ ਅਤੇ ਸ਼ਹਿਰਾਂ ਦੇ ਕਾਫੀ ਹਿੱਸਿਆਂ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫ਼ਤਿਹਗੜ੍ਹ ਸਾਹਿਬ ਤੇ ਰੂਪਨਗਰ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ/ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਸੋਮਵਾਰ ਦੀ ਛੁੱਟੀ ਦਾ ਐਲਾਨ ਕੀਤਾ ਗਿਆਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਪੈਦਾ ਹੋਏ ਹੜ੍ਹ ਵਰਗੇ ਹਾਲਾਤ ਕਾਰਨ ਬੱਚਿਆਂ ਦਾ ਸਕੂਲ ਆਉਣਾ ਜਾਣਾ ਕਾਫੀ ਮੁਸ਼ਕਿਲ ਹੈ, ਜਿਸ ਕਾਰਨ 10 ਜੁਲਾਈ ਨੂੰ ਇਨ੍ਹਾਂ ਜਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ।