ਮੈਗਜ਼ੀਨ

ਲੰਮੇ ਸਮੇਂ ਤੱਕ ਇਕੋ ਥਾਂ ਬੈਠ ਕੰਮ ਕਰਨ ਵਾਲੇ ਹੋ ਜਾਣ ਸਾਵਧਾਨ

ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਦਫ਼ਤਰ ਵਿੱਚ ਜ਼ਿਆਦਾ ਕੰਮ ਹੋਣ ਕਾਰਨ ਘੰਟਿਆਂਬੱਧੀ ਇਕ ਹੀ ਸੀਟ ’ਤੇ ਬੈਠ ਕੇ ਕੰਮ ਕਰਨ ਲਈ ਮਜਬੂਰ ਹੋ ਰਹੇ ਹਨ। ਜ਼ਿਆਦਾ ਸਮੇਂ ਤੱਕ ਇਕ ਹੀ ਥਾਂ ‘ਤੇ ਬੈਠੇ ਰਹਿਣ ਨਾਲ ਸਿਹਤ ਨੂੰ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਲੰਬੇ ਸਮੇਂ ਤੱਕ ਬੈਠਣ ਕਾਰਨ ਗਰਦਨ, ਪਿੱਠ, ਲੱਕ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਹੋਰ ਕਿਹੜੀਆਂ ਬੀਮਾਰੀਆਂ ਹੁੰਦੀਆਂ ਨੇ, ਦੇ ਬਾਰੇ ਆਓ ਜਾਣਦੇ ਹਾਂ….

ਹਾਈ ਬਲੱਡ ਪ੍ਰੈਸ਼ਰ

ਜ਼ਿਆਦਾ ਦੇਰ ਤੱਕ ਬੈਠਣਾ ਸਰੀਰ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਅਤੇ ਕੋਲੈਸਟ੍ਰੋਲ ਵੱਧ ਸਕਦਾ ਹੈ। ਜਿਹੜੇ ਲੋਕ ਲੰਬੇ ਸਮੇਂ ਤੱਕ ਬੈਠਦੇ ਹਨ। ਉਹਨਾਂ ਵਿੱਚ ਇਹ ਬੀਮਾਰੀਆਂ ਹੋਣ ਦੀ ਸੰਭਾਵਨਾ ਉਹਨਾਂ ਲੋਕਾਂ ਦੇ ਮੁਕਾਬਲੇ ਦੁੱਗਣੀ ਹੁੰਦੀ ਹੈ, ਜੋ ਬਿਲਕੁਲ ਨਹੀਂ ਬੈਠਦੇ ਜਾਂ ਬਹੁਤ ਘੱਟ ਬੈਠਦੇ ਹਨ।

ਭਾਰ ਵਧਣਾ
ਸਰੀਰਕ ਗਤੀਵਿਧੀ ਅਤੇ ਕਸਰਤ ਕਰਨ ਨਾਲ ਤੁਹਾਡਾ ਸਰੀਰ ਚਰਬੀ ਅਤੇ ਸ਼ੂਗਰ ਨੂੰ ਸਹੀ ਤਰ੍ਹਾਂ ਹਜ਼ਮ ਕਰਨ ਦੇ ਯੋਗ ਹੁੰਦਾ ਹੈ। ਇਸ ਨਾਲ ਤੁਸੀਂ ਫਿੱਟ ਅਤੇ ਸਿਹਤਮੰਦ ਰਹਿੰਦੇ ਹੋ। ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਬੈਠੇ ਰਹਿੰਦੇ ਹੋ ਤਾਂ ਨਾ ਸਿਰਫ਼ ਤੁਹਾਡੀ ਪਾਚਨ ਕਿਰਿਆ ਹੌਲੀ ਹੋਵੇਗੀ, ਸਗੋਂ ਤੁਹਾਡਾ ਭਾਰ ਵੀ ਤੇਜ਼ੀ ਨਾਲ ਵਧੇਗਾ।

ਮਾਸਪੇਸ਼ੀਆਂ ਵਿੱਚ ਕਮਜ਼ੋਰੀ
ਅਕਸਰ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਪਿੱਠ ਅਤੇ ਪੇਟ ਦੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ। ਕਮਰ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਲੰਬੇ ਸਮੇਂ ਤੱਕ ਇੱਕ ਸਥਿਤੀ ਵਿੱਚ ਬੈਠਣ ਨਾਲ ਤੁਹਾਡੀ ਰੀੜ੍ਹ ਦੀ ਹੱਡੀ ਪੂਰੀ ਤਰ੍ਹਾਂ ਸਿੱਧੀ ਨਹੀਂ ਹੋ ਸਕਦੀ ਹੈ।

ਦਿਮਾਗ ‘ਤੇ ਅਸਰ
ਜ਼ਿਆਦਾ ਦੇਰ ਤੱਕ ਬੈਠਣ ਨਾਲ ਦਿਮਾਗ ਵੀ ਪ੍ਰਭਾਵਿਤ ਹੁੰਦਾ ਹੈ। ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਮਾਸਪੇਸ਼ੀਆਂ ਦੇ ਐਕਟੀਵੇਟ ਹੋਣ ਕਾਰਨ ਦਿਮਾਗ਼ ਤੱਕ ਖ਼ੂਨ ਅਤੇ ਆਕਸੀਜਨ ਕਾਫ਼ੀ ਮਾਤਰਾ ਵਿੱਚ ਪਹੁੰਚ ਜਾਂਦਾ ਹੈ, ਜਿਸ ਕਾਰਨ ਦਿਮਾਗ਼ ਵਿੱਚ ਅਜਿਹੇ ਰਸਾਇਣ ਬਣ ਜਾਂਦੇ ਹਨ, ਜੋ ਇਸਨੂੰ ਕਿਰਿਆਸ਼ੀਲ ਬਣਾਉਂਦੇ ਹਨ। ਪਰ ਜੇਕਰ ਅਜਿਹਾ ਨਾ ਹੋਵੇ ਤਾਂ ਇਹ ਮਨ ਲਈ ਖ਼ਤਰਨਾਕ ਹੋ ਸਕਦਾ ਹੈ।

ਦਿਲ ਦੀਆਂ ਬੀਮਾਰੀਆਂ
ਜੋ ਲੋਕ ਦਫ਼ਤਰ ਵਿੱਚ ਬੈਠ ਕੇ ਘੰਟਿਆਂ ਬੱਧੀ ਕੰਮ ਕਰਦੇ ਹਨ, ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਜ਼ਿਆਦਾ ਦੇਰ ਤੱਕ ਬੈਠਣ ਨਾਲ ਦਿਲ ਦੇ ਰੋਗ ਹੋ ਸਕਦੇ ਹਨ। ਡਾਕਟਰਾਂ ਅਨੁਸਾਰ ਬਹੁਤ ਸਾਰੇ ਲੋਕ ਟੈਲੀਵਿਜ਼ਨ ਜਾਂ ਮੋਬਾਈਲ ਵਿਚ ਰੁੱਝੇ ਰਹਿੰਦੇ ਹਨ, ਜਿਸ ਕਰਕੇ ਉਹ ਸੈਰ, ਕਸਰਤ ਵਰਗੀਆਂ ਗਤੀਵਿਧੀਆਂ ਨਹੀਂ ਕਰਦੇ। ਅਜਿਹੇ ਲੋਕਾਂ ‘ਚ ਹਾਰਟ ਫੇਲ ਹੋਣ ਦਾ ਖ਼ਤਰਾ 50 ਫ਼ੀਸਦੀ ਵੱਧ ਜਾਂਦਾ ਹੈ।

ਹੱਡੀਆਂ ਕਮਜ਼ੋਰ
ਸਾਰਾ ਦਿਨ ਬੈਠਣ ਨਾਲ ਤੁਹਾਡੀਆਂ ਹੱਡੀਆਂ ਅਤੇ ਜੋੜਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਹੱਡੀਆਂ ਦੀ ਘਣਤਾ ਘੱਟ ਜਾਂਦੀ ਹੈ ਅਤੇ ਫ੍ਰੈਕਚਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਗਠੀਆ, ਓਸਟੀਓਪੋਰੋਸਿਸ ਵਰਗੀਆਂ ਗੰਭੀਰ ਸਮੱਸਿਆਵਾਂ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਮੋਟਾਪਾ ਅਤੇ ਕੋਲੈਸਟ੍ਰਾਲ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਲਗਾਤਾਰ ਲੰਬੇ ਸਮੇਂ ਤੱਕ ਇੱਕ ਜਗ੍ਹਾ ਬੈਠੇ ਰਹਿਣ ਕਾਰਨ ਸਰੀਰਕ ਗਤੀਵਿਧੀਆਂ ਨਹੀਂ ਕਰਦੇ। ਜ਼ਿਆਦਾ ਸਮੇਂ ਤੱਕ ਬੈਠੇ ਰਹਿਣ ਕਾਰਨ ਮੋਟਾਪਾ ਵੱਧ ਜਾਂਦਾ ਹੈ ਅਤੇ ਕੋਲੈਸਟ੍ਰਾਲ, ਹਾਈ ਬੀ.ਪੀ., ਸਰੀਰ ਵਿੱਚ ਦਰਦ ਵਰਗੀਆਂ ਬੀਮਾਰੀਆਂ ਹੋ ਜਾਂਦੀਆਂ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-