ਟਾਪ ਨਿਊਜ਼ਪੰਜਾਬ

ਪੰਜਾਬ ਦੇ 9 ਜਿਲ੍ਹਿਆਂ ’ਚ ਰੈੱਡ ਅਲਰਟ

ਜਲੰਧਰ/ਚੰਡੀਗੜ੍ਹ: ਪੰਜਾਬ ‘ਚ ਲਗਾਤਾਰ ਪੈ ਰਹੇ ਭਾਰੀ ਮੀਂਹ ਦੌਰਾਨ ਜਿੱਥੇ ਸੂਬੇ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਉੱਥੇ ਹੀ ਹੁਣ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਘੰਟੇ ਭਾਰੀ ਮੀਂਹ ਅਤੇ ਝੱਖੜ ਦੀ ਚਿਤਾਵਨੀ ਦਿੱਤੀ ਗਈ ਹੈ। ਮਾਲਵੇ ਦੇ 9 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

 ਮਾਲਵੇ ਦੇ ਸੰਗਰੂਰ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ , ਰੋਪੜ, ਪਟਿਆਲਾ ਅਤੇ ਮੋਹਾਲੀ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦੋਆਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਟਿਆਲਾ, ਮੋਹਾਲੀ ਵਿਚ ਜ਼ਬਰਦਸਤ ਮੀਂਹ ਦੇ ਆਸਾਰ ਦੱਸੇ ਜਾ ਰਹੇ ਹਨ। ਚੰਡੀਗੜ੍ਹ ਵਿਚ ਵੀ ਭਾਰੀ ਮੀਂਹ ਦਾ ਅਲਰਟ ਕਰ ਦਿੱਤਾ ਗਿਆ ਹੈ। ਦੋਆਬੇ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਉਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਮਾਨਸੂਨ ਜੁਲਾਈ ਦੇ ਦੂਜੇ ਹਫ਼ਤੇ ਵੀ ਪੂਰੀ ਤਰ੍ਹਾਂ ਨਾਲ ਐਕਟਿਵ ਰਹੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ’ਚ 15 ਜੁਲਾਈ ਤੱਕ ਦਰਮਿਆਨੀ ਤੋਂ ਭਾਰੀ ਬਾਰਸ਼ ਦੇ ਆਸਾਰ ਹਨ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਜ਼ਰੂਰੀ ਕੰਮ ਦੇ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਜਿੱਥੇ ਤੱਕ ਹੋ ਸਕੇ, ਦੂਰ ਦਾ ਸਫ਼ਰ ਕਰਨ ਤੋਂ ਪਰਹੇਜ਼ ਕਰਨ।

ਦੱਸ ਦੇਈਏ ਕਿ ਬੀਤੇ 24 ਘੰਟਿਆ ਦੌਰਾਨ ਪੰਜਾਬ ’ਚ 28 ਸੈਂਟੀਮੀਟਰ ਤੱਕ ਦੀ ਬਾਰਸ਼ ਦਰਜ ਕੀਤੀ ਗਈ ਹੈ। ਨੰਗਲ 28 ਸੈਂਟੀਮੀਟਰ, ਰੋਪੜ , ਬਲੋਵਾਲ, ਸੋਂਕਰੀ 27 ਸੈਂਟੀਮੀਟਰ, ਟਿਬਰੀ 25 ਸੈਂਟੀਮੀਟਰ, ਗੁਰਦਾਸਪੁਰ 21 ਸੈਂਟੀਮੀਟਰ, ਮਾਧੋਪੁਰ, ਆਨੰਦਪੁਰ ਸਾਹਿਬ 19 ਸੈਂਟੀਮੀਟਰ, ਧਾਰੀਵਾਲ 17 ਸੈਂਟੀਮੀਟਰ, ਮਲਿਕਪੁਰ 15, ਖਰੜ, ਨਵਾਸ਼ਹਿਰ, ਸ਼ਾਹਪੁਰ ਕੰਡੀ 14 ਸੈਂਟੀਮੀਟਰ, ਤਰਨਤਾਰਨ, ਗੜ੍ਹਸ਼ੰਕਰ 12 ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਭਾਰੀ ਬਾਰਸ਼ ਹੋਈ ਹੈ।

13 ਜੁਲਾਈ ਤੱਕ ਸੂਬੇ ਦੇ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ
ਪੰਜਾਬ ’ਚ ਲਗਾਤਾਰ ਖ਼ਰਾਬ ਹੋ ਰਹੇ ਮੌਸਮ ਨੂੰ ਦੇਖਦੇ ਹੋਏ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ 13 ਜੁਲਾਈ ਤੱਕ ਸੂਬੇ ਭਰ ਦੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਤੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਮਿਤੀ 13 ਜੁਲਾਈ 2023 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-