ਕੁੰਦਰੂ ਖਾਣ ਨਾਲ ਸਿਹਤ ਨੂੰ ਹੁੰਦੇ ਹਨ ਕਈ ਫ਼ਾਇਦੇ
ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲ ਸਿਹਤ ਲਈ ਸੱਭ ਤੋਂ ਵੱਧ ਫ਼ਾਇਦੇਮੰਦ ਮੰਨੇ ਜਾਂਦੇ ਹਨ। ਕੁੰਦਰੂ ਵੀ ਇਕ ਅਜਿਹੀ ਮੌਸਮੀ ਹਰੀ ਸਬਜ਼ੀ ਹੈ ਜੋ ਸਵਾਦ ਅਤੇ ਸਿਹਤ ਦੇ ਲਿਹਾਜ਼ ਨਾਲ ਬਹੁਤ ਵਧੀਆ ਮੰਨੀ ਜਾਂਦੀ ਹੈ। ਕੁੰਦਰੂ ਵਿਚ ਅਜਿਹੇ ਕਈ ਪੋਸ਼ਕ ਤੱਤ ਮਿਲ ਜਾਂਦੇ ਹਨ ਜੋ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਦੂਰ ਰੱਖਣ ਵਿਚ ਮਦਦ ਕਰਦੇ ਹਨ। ਕੁੰਦਰੂ ਨੂੰ ਵਿਟਾਮਿਨ, ਖਣਿਜ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਅਤੇ ਫ਼ਾਈਬਰ ਦਾ ਵੀ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਇੰਫ਼ਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਇਹ ਗਰਮੀਆਂ ਦੇ ਦਿਨਾਂ ਵਿਚ ਆਸਾਨੀ ਨਾਲ ਉਪਲਭਦ ਸਬਜ਼ੀ ਹੈ। ਆਉ ਜਾਣਦੇ ਹਾਂ ਕੁੰਦਰੂ ਖਾਣ ਦੇ ਫ਼ਾਇਦਿਆਂ ਬਾਰੇ…
ਕੁੰਦਰੂ ਫ਼ਾਈਬਰ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਸ ਨੂੰ ਪਾਚਨ ਤੰਤਰ ਲਈ ਵੀ ਬੇਹੱਦ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਕੁੰਦਰੂ ਦਾ ਸੇਵਨ ਪਾਚਨ ਤੰਤਰ ਨੂੰ ਠੀਕ ਰੱਖਣ ਵਿਚ ਮਦਦ ਕਰਦਾ ਹੈ। ਇਹ ਕਬਜ਼, ਗੈਸ, ਪੇਟ ਦਰਦ, ਕੜਵੱਲ ਅਤੇ ਦਸਤ ਵਰਗੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ। ਕੁੰਦਰੂ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਦਿਲ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਕੈਲਸ਼ੀਅਮ ਵੀ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਲੋਕਾਂ ਲਈ ਵੀ ਇਹ ਫ਼ਾਇਦੇਮੰਦ ਹੁੰਦਾ ਹੈ।