ਟਾਪ ਨਿਊਜ਼ਫ਼ੁਟਕਲ

ਟਮਾਟਰ ’ਤੇ ਯੂ.ਪੀ. ’ਚ ਸਿਆਸੀ ਜੰਗ, ਐਸ.ਪੀ. ਅਤੇ ਭਾਜਪਾ ਆਗੂਆਂ ਨੇ ਇਕ-ਦੂਜੇ ’ਤੇ ਚਲਾਏ ਸ਼ਬਦੀ ਤੀਰ

ਲਖਨਊ: ਸਮਾਜਵਾਦੀ ਪਾਰਟੀ (ਐਸ.ਪੀ.) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਮਾਟਰ ਦੀ ਕੀਮਤ ’ਚ ਵਾਧੇ ਵਿਚਕਾਰ ਸੂਬੇ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਮੰਗਲਵਾਰ ਨੂੰ ਵਿਅੰਗ ਕਰਦਿਆਂ ਕਿਹਾ ਕਿ ਭਾਜਪਾ ਨੂੰ ਟਮਾਟਰ ਦਾ ਲਾਲ ਰੰਗ ਵੇਖਦਿਆਂ ਹੀ ਸਮਾਜਵਾਦੀਆਂ ਦੀ ਯਾਦ ਆਉਂਦੀ ਹੈ।

ਯਾਦਵ ਨੇ ਟਵੀਟ ਕੀਤਾ, ‘‘ਭਾਜਪਾ ਟਮਾਟਰ ਨੂੰ ਵੇਖ ਕੇ ਇਸ ਲਈ ਪ੍ਰੇਸ਼ਾਨ ਹੈ ਕਿਉਂਕਿ ਟਮਾਟਰ ਦਾ ਰੰਗ ਲਾਲ ਹੁੰਦਾ ਹੈ ਅਤੇ ਲਾਲ ਵੇਖਦਿਆਂ ਹੀ ਉਸ ਨੂੰ ਸਮਾਜਵਾਦੀਆਂ ਦੀ ਯਾਦ ਆ ਜਾਂਦੀ ਹੈ।’’ ਯਾਦਵ ਨੇ ਅਪਣੀ ਟਵੀਟ ’ਚ ਇਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ’ਚ ਵਾਰਾਣਸੀ ਦੇ ਟਮਾਟਰ ਮਾਮਲੇ ਨੂੰ ਲੈ ਕੇ ਸਿਆਸੀ ਵਿਸ਼ਲੇਸ਼ਣ ਕੀਤਾ ਗਿਆ ਹੈ।

ਅਖਿਲੇਸ਼ ਯਾਦਵ ਦੇ ਟਵੀਟ ’ਤੇ ਪਲਟਵਾਰ ਕਰਦਿਆਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਵਿਧਾਨ ਕੌਂਸਲ ਦੇ ਮੈਂਬਰ ਵਿਜੈ ਬਹਾਦੁਰ ਪਾਠਕ ਨੇ ਕਿਹਾ, ‘‘ਰੰਗਾਂ ਦੀ ਸਿਆਸਤ ਕਰਨ ਵਾਲੇ ਲੋਕਾਂ ਨੂੰ ਹਰ ਚੀਜ਼ ’ਚ ਸਿਆਸਤ ਦਿਸਦੀ ਹੈ ਅਤੇ ਉਹ ਸਿਆਸਤ ਨੂੰ ਉਸ ਚਸ਼ਮੇ ਨਾਲ ਵੇਖਦੇ ਹਨ।’’ ਜਦਕਿ ਸੂਬੇ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਟਵੀਟ ਕੀਤਾ, ‘‘ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਦਾ 2024 ’ਚ ਖਾਤਾ ਖੁਲ੍ਹਣਾ ਮੁਸ਼ਕਲ ਹੈ।’’ ਮੌਰੀਆ ਨੇ ਇਸ ਟਵੀਟ ’ਚ ਹੈਸ਼ਟੈਗ ਕੀਤਾ, ‘‘ਕਹੋ ਦਿਲ ਨਾਲ ਨਰਿੰਦਰ ਮੋਦੀ ਜੀ ਫਿਰ ਤੋਂ।’’

ਪਿੱਛੇ ਜਿਹੇ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਮਾਜਵਾਦੀ ਪਾਰਟੀ ਨੇ ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਲਾ ਰਹੀ ਹੈ। ਜ਼ਿਕਰਯੋਗ ਹੈ ਕਿ ਵਾਰਾਣਸੀ ’ਚ ਬੀਤੇ ਦਿਨੀਂ ਸਮਾਜਵਾਦੀ ਪਾਰਟੀ ਦੇ ਇਕ ਕਾਰਕੁਨ ਵਲੋਂ ਮਹਿੰਗੇ ਟਮਾਟਰ ਦੀ ਸੁਰਖਿਆ ਲਈ ਦੋ ਬਾਊਂਸਰ ਤੈਨਾਤ ਕਰਨ ਦੇ ਮਾਮਲੇ ’ਚ ਪੁਲਿਸ ਨੇ ਇਕ ਸਬਜ਼ੀਆਂ ਵੇਚਣ ਵਾਲੇ ਅਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਵਾਰਾਣਸੀ ਦੇ ਲੰਕਾ ਥਾਣਾ ਇੰਚਾਰਜ ਅਸ਼ਵਨੀ ਪਾਂਡੇ ਨੇ ਸੋਮਵਾਰ ਨੂੰ ਦਸਿਆ ਸੀ ਕਿ ਇਕ ਵੀਡੀਓ ’ਚ ਖ਼ੁਦ ਨੂੰ ਦੁਕਾਨ ਦਾ ਮਾਲਕ ਦੱਸਣ ਵਾਲਾ ਸਮਾਜਵਾਦੀ ਪਾਰਟੀ ਆਗੂ ਅਜੈ ਫ਼ੌਜੀ ਫਰਾਰ ਹੈ।

ਸਬਜ਼ੀ ਦੀ ਦੁਕਾਨ ਦੇ ਮਾਲਕ ਜਗਨਾਰਾਇਣ ਯਾਦਵ ਅਤੇ ਉਸ ਦੇ ਪੁੱਤਰ ਵਿਕਾਸ ਯਾਦਵ ਨੂੰ ਐਤਵਾਰ ਨੂੰ ‘ਮਾਣਹਾਨੀ’ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵੀਡੀਓ ’ਚ ਸਮਾਜਵਾਦੀ ਪਾਰਟੀ ਦੇ ਕਾਰਕੁਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਟਮਾਟਰ ਦੀਆਂ ਕੀਮਤਾਂ ਦਾ ਮੁੱਲ-ਭਾਅ ਕਰਨ ਦੌਰਾਨ ਗ੍ਰਾਹਕਾਂ ਦੇ ਗੁੱਸੇ ਤੋਂ ਬਚਣ ਲਈ ਦੋ ਬਾਊਂਸਰ ਤੈਨਾਤ ਕੀਤੇ ਹਨ। ਫ਼ੌਜੀ ਨੇ ਪਿੱਛੇ ਜਿਹੇ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਦੇ ਜਨਮਦਿਨ ’ਤੇ ਟਮਾਟਰ ਦੀ ਸ਼ਕਲ ਵਾਲਾ ਕੇਕ ਵੀ ਕਟਿਆ ਸੀ ਅਤੇ ਟਮਾਟਰ ਵੰਡੇ ਸਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-