ਭਾਰਤ

ਪਤਨੀ ਤੋਂ ਵੱਖ ਰਹਿ ਰਹੇ ਪਤੀ ਨੂੰ ਤਿੰਨ ਕੁੱਤਿਆਂ ਲਈ ਵੀ ਗੁਜ਼ਾਰਾ ਭੱਤਾ ਦੇਣਾ ਪਵੇਗਾ : ਅਦਾਲਤ

ਮੁੰਬਈ: ਮੁੰਬਈ ਦੀ ਇਕ ਅਦਾਲਤ ਨੇ ਘਰੇਲੂ ਹਿੰਸਾ ਦੇ ਇਕ ਮਾਮਲੇ ’ਚ ਕਿਹਾ ਕਿ ਪਾਲਤੂ ਪਸ਼ੂ ਲੋਕਾਂ ਨੂੰ ਸਿਹਤਮੰਦ ਜੀਵਨ ਜੀਣ ’ਚ ਮਦਦ ਕਰਦੇ ਹਨ ਅਤੇ ਰਿਸ਼ਤਿਆਂ ’ਚ ਤਕਰਾਰ ਕਾਰਨ ਹੋਣ ਵਾਲੀ ਭਾਵਨਾਤਮਕ ਕਮੀ ਨੂੰ ਦੂਰ ਕਰਦੇ ਹਨ। ਇਸ ਮਾਮਲੇ ’ਚ ਇਕ ਔਰਤ ਨੇ 2021 ਤੋਂ ਵੱਖ ਰਹਿ ਰਹੇ ਪਤੀ ਤੋਂ ਗੁਜ਼ਾਰਾ ਭੱਤਾ ਮੰਗਦਿਆਂ ਕਿਹਾ ਹੈ ਕਿ ਉਸ ਨੂੰ ਸਿਹਤ ਸਬੰਧੀ ਸਮਸਿਆਵਾਂ ਹਨ ਅਤੇ ਤਿੰਨ ਪਾਲਤੂ ਕੁੱਤੇ ਵੀ ਉਸ ’ਤੇ ਨਿਰਭਰ ਹਨ।

ਮੈਟਰੋਪੋਲੀਟਨ ਮੈਜਿਸਟ੍ਰੇਟ (ਬਾਂਦਰਾ ਅਦਾਲਤ) ਕੋਮਲ ਸਿੰਘ ਰਾਜਪੂਤ ਨੇ 20 ਜੂਨ ਨੂੰ ਦਿਤੇ ਅੰਤਰਿਮ ਹੁਕਮ ’ਚ ਵਿਅਕਤੀ ਨੂੰ ਵੱਖ ਰਹਿ ਰਹੀ ਅਪਣੀ 55 ਸਾਲਾਂ ਦੀ ਪਤਨੀ ਨੂੰ ਹਰ ਮਹੀਨੇ 50 ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿਤਾ ਅਤੇ ਉਸ ਦੀ ਇਹ ਦਲੀਲ ਖ਼ਾਰਜ ਕਰ ਦਿਤੀ ਕਿ ਪਾਲਤੂ ਕੁੱਤਿਆਂ ਲਈ ਗੁਜ਼ਾਰਾ ਭੱਤਾ ਨਹੀਂ ਦਿਤਾ ਜਾ ਸਕਦਾ।

ਮੈਜਿਸਟ੍ਰੇਟ ਨੇ ਕਿਹਾ, ‘‘ਮੈਂ ਇਨ੍ਹਾਂ ਦਲੀਲਾਂ ਤੋਂ ਸਹਿਮਤ ਨਹੀਂ ਹਾਂ। ਪਾਲਤੂ ਪਸ਼ੂ ਵੀ ਇਕ ਸਭਿਅ ਜੀਵਨਸ਼ੈਲੀ ਦਾ ਅਨਿੱਖੜਵਾਂ ਹਿੱਸਾ ਹਨ। ਮਨੁੱਖ ਦੇ ਸਿਹਤਮੰਦ ਜੀਵਨ ਲਈ ਪਾਲਤੂ ਪਸ਼ੂ ਜ਼ਰੂਰੀ ਹਨ ਕਿਉਂਕਿ ਉਹ ਰਿਸ਼ਤਿਆਂ ਦੇ ਟੁੱਟਣ ਨਾਲ ਹੋਈ ਭਾਵਨਾਤਮਕ ਕਮੀ ਨੂੰ ਦੂਰ ਕਰਦੇ ਹਨ।’’ ਅਦਾਲਤ ਨੇ ਕਿਹਾ ਕਿ ਗੁਜ਼ਾਰਾ ਭੱਤਾ ਘੱਟ ਕਰਨ ਦਾ ਇਹ ਆਧਾਰ ਨਹੀਂ ਹੋ ਸਕਦਾ। ਦੋਹਾਂ ਦਾ ਵਿਆਹ 1986 ’ਚ ਹੋਇਆ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-