ਪੰਜਾਬ : ਰੇਲਵੇ ਅਧਿਕਾਰੀ ਦੇ 17 ਸਾਲਾ ਪੁੱਤਰ ਦਾ ਅਗਵਾ ਕਰ ਕੇ ਕੀਤਾ ਕਤਲ
ਫ਼ਿਰੋਜ਼ਪੁਰ : ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਰੇਲਵੇ ਵਿਭਾਗ ਦੇ ਜੂਨੀਅਰ ਇੰਜਨੀਅਰ ਦੇ 17 ਸਾਲਾ ਪੁੱਤਰ ਦਾ ਅਗਵਾਕਾਰਾਂ ਨੇ ਕਤਲ ਕਰ ਦਿਤਾ ਹੈ। ਪੁਲਿਸ ਨੇ ਮੱਲਾਂਵਾਲਾ ਨੇੜੇ ਗੰਗਾ ਨਹਿਰ ਵਿਚੋਂ ਲਾਸ਼ ਬਰਾਮਦ ਕੀਤੀ। ਰਿਸ਼ਤੇਦਾਰਾਂ ਨੇ ਮ੍ਰਿਤਕ ਦੇ ਦੋਸਤ ਅਤੇ ਉਸ ਦੇ ਨਾਲ ਗਏ ਵਿਅਕਤੀ ‘ਤੇ ਅਗਵਾ ਅਤੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ। ਪੁਲਸ ਨੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਸਾਥੀ ਦੀ ਭਾਲ ਜਾਰੀ ਹੈ।
ਮ੍ਰਿਤਕ ਸਾਰਥਕ ਦੇ ਪਿਤਾ ਅਮਨ ਨੇ ਦਸਿਆ ਕਿ ਉਹ 10 ਜੂਨ ਦੀ ਰਾਤ ਕਰੀਬ 8 ਵਜੇ ਆਪਣੀ ਪਤਨੀ ਨਾਲ ਸਬਜ਼ੀ ਲੈ ਕੇ ਆਇਆ ਸੀ। ਪੁੱਤਰ ਗਲੀ ‘ਚ ਮਿਲਿਆ, ਜੋ ਸਬਜ਼ੀ ਲੈ ਕੇ ਘਰ ਦੇ ਅੰਦਰ ਰੱਖ ਕੇ ਬਾਹਰ ਚਲਾ ਗਿਆ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਉਸ ਦੇ ਫੋਨ ’ਤੇ ਫੋਨ ਕੀਤਾ ਪਰ ਫੋਨ ਨਹੀਂ ਚੁੱਕਿਆ, ਵਾਰ-ਵਾਰ ਫੋਨ ਕਰਨ ’ਤੇ ਵੀ ਉਹ ਰਿਸੀਵ ਨਹੀਂ ਕਰ ਰਿਹਾ ਸੀ ਅਤੇ ਅਚਾਨਕ ਫੋਨ ਬੰਦ ਹੋ ਗਿਆ।
ਅਮਨ ਨੇ ਦਸਿਆ ਕਿ ਪਤਨੀ ਨੇ ਸਾਰਥਕ ਦੇ ਦੋਸਤ ਗੌਰਵ ਨੂੰ ਫੋਨ ਕੀਤਾ ਅਤੇ ਗੌਰਵ ਨੇ ਕਿਹਾ ਕਿ ਸਾਰਥਕ ਉਸ ਦੇ ਨਾਲ ਨਹੀਂ ਸੀ। ਗੌਰਵ ਨੂੰ ਘਰ ਬੁਲਾਇਆ ਗਿਆ ਪਰ ਜਦੋਂ ਉਹ ਨਹੀਂ ਆਇਆ ਤਾਂ ਗੌਰਵ ਦੇ ਫੋਨ ‘ਤੇ ਕੋਈ ਹੋਰ ਗੱਲ ਕਰ ਰਿਹਾ ਸੀ। ਪਤਨੀ ਨੇ ਪੁੱਤਰ ਸਾਰਥਕ ਦੇ ਮੋਬਾਈਲ ‘ਤੇ ਕਾਲ ਕੀਤੀ ਤਾਂ ਉਥੇ ਕੋਈ ਹੋਰ ਬੋਲ ਰਿਹਾ ਸੀ, ਜਿਸ ਨੂੰ ਪਤਨੀ ਨੇ ਉਸ ਦੀ ਆਵਾਜ਼ ਤੋਂ ਪਛਾਣ ਲਿਆ।
ਫੋਨ ਚੁੱਕਣ ਵਾਲਾ ਸੁਖਚੈਨ ਸਿੰਘ ਬੋਲ ਰਿਹਾ ਸੀ, ਜੋ ਗੌਰਵ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਗੌਰਵ ਅਤੇ ਸੁਖਚੈਨ ਨੇ ਉਨ੍ਹਾਂ ਦੇ ਲੜਕੇ ਨੂੰ ਮਾਰਨ ਦੀ ਨੀਅਤ ਨਾਲ ਅਗਵਾ ਕੀਤਾ ਹੈ। ਗੌਰਵ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਆਪਣੇ ਲੜਕੇ ਸਾਰਥਕ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਗੰਗਾ ਨਹਿਰ ਦੇ ਕੰਢੇ ਮੱਲਾਂਵਾਲਾ ਕੋਲ ਸੁੱਟ ਦਿੱਤਾ ਸੀ। ਗੌਰਵ ਦੀ ਸੂਚਨਾ ‘ਤੇ ਪੁਲਿਸ ਨੇ ਲਾਸ਼ ਬਰਾਮਦ ਕਰ ਲਈ।