14 ਜ਼ਿਲ੍ਹਿਆਂ ਦੇ 1179 ਪਿੰਡ ਹੜ੍ਹ ਪ੍ਰਭਾਵਿਤ, ਹੁਣ ਤੱਕ 22764 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ
ਚੰਡੀਗੜ੍ਹ – ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਹੁਣ ਤੱਕ 22764 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਗਿਆ ਹੈ। ਕੁੱਝ ਇਲਾਕਿਆਂ ਵਿਚ ਹੜ੍ਹਾਂ ਦੀ ਸਥਿਤੀ ਸੁਧਰਨ ਤੋਂ ਬਾਅਦ ਰਾਹਤ ਕੈਂਪਾਂ ਦੀ ਗਿਣਤੀ 183 ਤੋਂ ਘਟਾ ਕੇ 161 ਕਰ ਦਿੱਤੀ ਗਈ ਹੈ।
ਇਕ ਬੁਲਾਰੇ ਨੇ ਦੱਸਿਆ ਕਿ 14 ਜੁਲਾਈ ਸਵੇਰੇ 8 ਵਜੇ ਤੱਕ 14 ਜ਼ਿਲ੍ਹਿਆਂ ਦੇ 1179 ਪਿੰਡ ਹੜ੍ਹ ਪ੍ਰਭਾਵਿਤ ਹੋਏ ਹਨ। ਇਸ ਵੇਲੇ ਜਿਹੜੇ 14 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਉਨ੍ਹਾਂ ‘ਚ ਪਟਿਆਲਾ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਸ਼ਾਮਲ ਹਨ। ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਨੇ ਰੈਪਿਡ ਰਿਸਪਾਂਸ ਟੀਮਾਂ ਦੀ ਗਿਣਤੀ 315 ਤੋਂ ਵਧਾ ਕੇ 409 ਕਰ ਦਿੱਤੀ ਹੈ ਜਦਕਿ ਮੈਡੀਕਲ ਕੈਂਪਾਂ ਦੀ ਗਿਣਤੀ ਵੀ 186 ਤੋਂ ਵਧਾ ਕੇ 252 ਕਰ ਦਿੱਤੀ ਗਈ ਹੈ। ਹੁਣ ਤੱਕ ਕੁੱਲ ਓਪੀਡੀ 9204 ‘ਤੇ ਪੁੱਜ ਚੁੱਕੀ ਹੈ।