ਟਾਪ ਨਿਊਜ਼ਭਾਰਤ

ਹਿਮਾਚਲ ‘ਚ ਮਰੇ ਅਪਣੇ ਪਿਆਰਿਆਂ ਦੀਆਂ ਦੇਹਾਂ ਲੱਭਣ ਗਏ ਪ੍ਰਵਾਰਾਂ ਨਾਲ ਹੋ ਰਹੀ ਲੁੱਟ!

ਚੰਡੀਗੜ੍ਹ:  ਚੰਡੀਗੜ੍ਹ ਤੋਂ ਮਨਾਲੀ ਜਾਂਦੇ ਸਮੇਂ ਲਾਪਤਾ ਹੋਈ ਪੀ.ਆਰ.ਟੀ.ਸੀ. ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ  ਲਾਸ਼ ਮਿਲੀ ਹੈ। ਕੰਡਕਟਰ ਦੀ ਪਹਿਚਾਣ ਜਗਸੀਰ ਸਿੰਘ ਜਦਕਿ ਡਰਾਈਵਰ ਦੀ ਪਛਾਣ ਸਤਗੁਰ ਸਿੰਘ ਵਜੋਂ ਹੋਈ ਹੈ।

ਸਤਗੁਰ ਸਿੰਘ ਦੇ ਪ੍ਰਵਾਰ ਅਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਵਲੋਂ ਚੰਡੀਗੜ੍ਹ ਪੀ.ਆਰ.ਟੀ.ਸੀ. ਡਿਪੂ ਵਿਖੇ ਰੋਸ ਵਜੋਂ ਧਰਨਾ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਦਸਿਆ ਕਿ ਅਸੀਂ ਪਹਿਲੇ ਦਿਨ ਤੋਂ ਹੀ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿਤੀ ਸੀ ਕਿ ਬੱਸ PB65BB4893 ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ।

ਉਨ੍ਹਾਂ ਦਸਿਆ ਕਿ ਅਸੀਂ ਅਪਣੇ ਪੱਧਰ ‘ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਇਕ ਲਾਸ਼ ਦੀ ਤਸਵੀਰ ਮਿਲੀ ਜੋ ਸਾਡੇ ਡਰਾਈਵਰ ਭਰਾ ਦੀ ਹੀ ਸੀ। ਸਤਗੁਰ ਸਿੰਘ ਦੇ ਪ੍ਰਵਾਰ ਵਲੋਂ ਪੁਸ਼ਟੀ ਕੀਤੇ ਜਾਣ ਮਗਰੋਂ ਉਹ ਦੇਹ ਲੈਣ ਲਈ ਗਏ ਪਰ ਉਥੇ ਜਾ ਕੇ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ ਕਿਉਂਕਿ ਲਾਸ਼ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਇਸ ਤੋਂ ਇਲਾਵਾ ਕੰਡਕਟਰ ਦੀ ਵੀ ਭਾਲ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਪੰਜ ਲਾਸ਼ਾਂ ਮਿਲੀਆਂ ਜਿਨ੍ਹਾਂ ਵਿਚੋਂ ਕਈਆਂ ਦੇ ਧੜ ‘ਤੇ ਸਿਰ ਨਹੀਂ ਸਨ ਅਤੇ ਲਾਸ਼ਾਂ ਵਿਚ ਕੀੜੇ ਪੈ ਗਏ ਹਨ।

ਗਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਹਿਮਾਚਲ ਵਿਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਸੈਲਾਨੀ ਜਾਂਦੇ ਹਨ ਜਿਸ ਦੇ ਚਲਦੇ ਉਥੇ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਹੋਈਆਂ ਹਨ। ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਬਰਾਮਦ ਹੋਣ ਵਾਲੀਆਂ ਲਾਸ਼ਾਂ ਨੂੰ ਹਸਪਤਾਲ ਵਿਚ ਰਖਵਾਇਆ ਜਾਂਦਾ ਹੈ ਪਰ ਉਥੇ ਸਹੁਲਤਾਂ ਦੀ ਘਾਟ ਹੈ। ਨੈਟਵਰਕ ਨਾ ਹੋਣ ਕਾਰਨ ਲਾਸ਼ਾਂ ਦੀ ਸ਼ਨਾਖ਼ਤ ਲਈ ਤਸਵੀਰਾਂ ਆਦਿ ਨਾ ਤਾਂ ਅਖ਼ਬਾਰਾਂ ਵਿਚ ਛਪਵਾਈਆਂ ਗਈਆਂ ਅਤੇ ਨਾਲ ਹੀ ਨੈੱਟ ‘ਤੇ ਪਾਈਆਂ ਗਈਆਂ। ਉਨ੍ਹਾਂ ਦਾ ਕਹਿਣਾ ਹੈ ਕਿ 72 ਘੰਟਿਆਂ ਤਕ ਲਾਸ਼ਾਂ ਨੂੰ ਰਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਸਸਕਾਰ ਕਰ ਦਿਤਾ ਜਾਂਦਾ ਹੈ। ਇਸ ਤਰ੍ਹਾਂ ਵੱਡੀ ਗਿਣਤੀ ਵਿਚ ਅਜਿਹੇ ਪ੍ਰਵਾਰ ਵੀ ਹੋਣਗੇ ਜਿਨ੍ਹਾਂ ਨੂੰ ਤਾ-ਉਮਰ ਅਪਣੇ ਪਿਆਰਿਆਂ ਬਾਰੇ ਕੋਈ ਪਤਾ ਨਹੀਂ ਲੱਗ ਸਕੇਗਾ।

ਪੀ.ਆਰ.ਟੀ.ਸੀ. ਮੁਲਾਜ਼ਮਾਂ ਨੇ ਭਾਵੁਕ ਹੁੰਦਿਆਂ ਦਸਿਆ ਕਿ ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਜਾਂਦੇ ਹਨ ਪਰ ਉਥੋਂ ਦੇ ਪ੍ਰਸ਼ਾਸਨ ਵਲੋਂ ਲਾਸ਼ਾਂ ਦੀ ਦੇਖਭਾਲ ਤਾਂ ਛਡਿਆ ਸਗੋਂ ਉਥੇ ਫਸੇ ਲੋਕਾਂ ਲਈ ਖਾਣ ਪੀਣ ਦੀਆਂ ਚੀਜ਼ਾਂ ਵੀ ਮਹਿੰਗੀਆਂ ਕਰ ਦਿਤੀਆਂ ਹਨ। ਉਨ੍ਹਾਂ ਦੇ ਦੱਸਣ ਮੁਤਾਬਕ ਚੌਲਾਂ ਦੀ ਇਕ ਪਲੇਟ 150 ਰੁਪਏ  ਅਤੇ ਚਾਹ ਦਾ ਕੱਪ 30 ਰੁਪਏ ਵਿਚ ਮਿਲ ਰਿਹਾ ਹੈ। ਪੰਜਾਬੀਆਂ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਔਖੇ ਸਮੇਂ ਵਿਚ ਟਰਾਲੀਆਂ ਭਰ ਕੇ ਲੰਗਰ ਲਗਾਉਂਦੇ ਹਾਂ ਪਰ ਅੱਜ ਹਿਮਾਚਲ ਵਿਚ ਫਸੇ ਸਾਡੇ ਲੋਕ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਵਿਚ ਉਥੋਂ ਦੀਆਂ ਸਰਕਾਰੀ ਬੱਸਾਂ ਵਿਚ ਕਿਰਾਇਆ ਵੀ ਦੋ-ਗੁਣਾ ਵਸੂਲਿਆ ਜਾ ਰਿਹਾ ਹੈ।

ਇਸ ਮੌਕੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਅਤੇ ਮ੍ਰਿਤਕਾਂ ਦੇ ਪ੍ਰਵਾਰਾਂ ਵਲੋਂ ਧਰਨਾ ਲਗਾਇਆ ਗਿਆ ਹੈ ਅਤੇ ਮੁਆਵਜ਼ਾ ਰਾਸ਼ੀ ਦੀ ਮੰਗ ਦੇ ਨਾਲ ਨਾਲ ਪ੍ਰਵਾਰ ਦੇ ਕਿਸੇ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-